Sunday, July 21, 2013

ਗ਼ਜ਼ਲ

ਤਨਹਾਈ ਲੈ ਕੇ ਆਈ,ਦਰਦਾਂ ਦਾ ਤਾਣਾ ਬਾਣਾ
ਲੱਭਦਾ ਹੈ ਤੁਰ ਗਿਆਂ ਨੂੰ ,ਅੱਜ ਫੇਰ ਦਿਲ ਨਿਮਾਣਾ

ਕਿਹੋ ਜਹੀਆਂ ਨੇ ਰੁੱਤਾਂ, ਜੋ ਫੁਟ ਰਿਹਾ ਦੁਬਾਰਾ
ਉਹ ਜ਼ਖ਼ਮ ਤਾਂ ਦਫਨ ਸੀ,ਡੂੰਘਾ ਬੜਾ ਪੁਰਾਣਾ

ਕੱਲ ਰਾਤ ਕਿਸ ਦੀ ਬੀਤੀ,ਏਥੇ ਉਨੀਦਿਆਂ ਹੀ
ਬਿਸਤਰ ਤੇ ਸਿਲਵਟਾਂ ਨੇ,ਗਿੱਲਾ ਵੀ ਹੈ ਸਿਰ੍ਹਾਣਾ

ਬੜੀ ਦੇਰ ਤੋਂ ਜੋ ਬੈਠਾ,ਰੁੱਖ ਤੇ ਉਦਾਸ ਪੰਛੀ
ਉਸਨੂੰ ਅਕਾਸ਼ ਦੇਈਏ,ਜ਼ਰਾ ਸ਼ਾਖ ਨੂੰ ਹਿਲਾਣਾ

ਮੇਰਾ ਨਾਮ ਸੁਣਕੇ ਸ਼ਾਇਦ,ਉਹ ਖ਼ਤ ਫੜੇ ਨਾ ਮੇਰਾ
ਬਿਨ ਬੋਲਿਆਂ ਹੀ ਉਸਨੂੰ,ਚੁੱਪ ਚਾਪ ਇਹ ਫੜਾਣਾ

ਦਿਲ ਤਾਂ ਕਰੇ ਬਥੇਰਾ,ਚੱਲ ਵੇਚੀਏ ਉਦਾਸੀ
ਮੰਡੀ ਦੀ ਚਮਕ ਅੰਦਰ,ਇਸ ਕੁਝ ਨਹੀਂ ਵਟਾਣਾ

ਜਿਸ ਆਦਮੀ ਨੇ ਉਠਕੇ,ਭਰਨੇ ਦੋ ਚਾਰ ਹਾਉਕੇ
ਸੁੱਤਾ ਹੀ ਰਹਿਣ ਦੇਵੋ,ਨਹੀਂ ਲੋੜ ਨਾ ਜਗਾਣਾ

ਨਿੱਤ ਸੋਚਦਾ ਹਾਂ ਕਿੱਦਾਂ,ਖੇਤਾ 'ਚ ਜਾ ਰਹਾਂ ਮੈਂ
ਹੁਣ ਸ਼ਹਿਰ ਦੀ ਗਲੀ ਤੋਂ,ਪਿੱਛਾ ਤਾਂ ਹੈ ਛੁਡਾਣਾ

ਸ਼ਮਸ਼ਾਨ ਕੋਲੋ ਲੰਘਿਆਂ,ਅਕਸਰ ਹਰੇਕ ਸੋਚੇ
ਸਭ ਨੇ ਹੀ ਏਥੇ ਆਉਣਾ,ਇਹ ਆਖਰੀ ਟਿਕਾਣਾ

(ਬਲਜੀਤ ਪਾਲ ਸਿੰਘ)

No comments: