Monday, May 27, 2013

ਗ਼ਜ਼ਲ

ਜਿਹੜੇ ਮੌਸਮ ਸੀ ਕਦੇ,ਲੋਕਾਂ ਲਈ ਵਰਦਾਨ
ਅੱਜ ਨੇ ਅੱਗਾਂ ਵਰ੍ਹਦੀਆਂ, ਝੁਲਸ ਰਿਹਾ ਇਨਸਾਨ

ਜਾਣਾ ਪੈਂਦਾ ਦੂਰ ਨਾ, ਢੂੰਡਣ ਕਿਧਰੇ ਹੋਰ
ਮੰਦਿਰ ਦੇ ਵਿਚ ਬੰਦ ਹੈ,ਬੰਦੇ ਦਾ ਭਗਵਾਨ

ਪੁੱਤ ਨਾ ਡੱਕਾ ਤੋੜਦੇ,ਕੀਹਨੂੰ ਦੱਸੇ ਪੀੜ
ਕਿਸਮਤ ਉਤੇ ਝੂਰਦਾ,ਖੇਤਾਂ ਵਿਚ ਕਿਸਾਨ

ਦੁੱਧ ਦਹੀਂ ਨੂੰ ਭੁੱਲਗੇ,ਪੀਜ਼ੇ ਬਰਗਰ ਆਮ
ਦੇਖੋ ਕਿੱਦਾਂ ਰੁੜ ਗਏ,ਨਸ਼ਿਆਂ ਵਿਚ ਜਵਾਨ

ਪਾਣੀ ਹਵਾ ਪਲੀਤ ਹੈ,ਲਵੇ ਨਾ ਕੋਈ  ਸਾਰ
ਸੜਕ ਕਿਨਾਰੇ ਬਣ ਗਏ,ਥਾਂ ਥਾਂ ਕੂੜਾਦਾਨ

ਬੰਦਾ ਭਾਲੇ ਤੇਜੀਆਂ,ਵਧ ਗਈ ਰਫਤਾਰ
ਵਾਧੂ ਭੀੜਾਂ ਜੁੜਦੀਆਂ,ਮੱਚ ਰਿਹਾ ਘਮਸਾਨ

ਨੇਕੀ ਤੇ ਇਨਸਾਫ ਨੂੰ, ਛੱਡਗੇ ਬਹੁਤੇ ਲੋਕ
ਝੂਠ ਪਾਪ ਦਾ ਸਿਲਸਿਲਾ, ਹਰ ਥਾਂ ਤੇ ਪ੍ਰਧਾਨ

ਸੱਚ ਹੱਕ ਲਈ ਜੂਝਣਾ,ਹੋਈ ਪੁਰਾਣੀ ਰੀਤ
ਰੱਜ ਕੇ ਕੁਫਰਾਂ ਤੋਲੀਏ,ਹੋ ਜਾਂਦਾ ਪ੍ਰਵਾਨ

                      (ਬਲਜੀਤ ਪਾਲ ਸਿੰਘ)


No comments:

Post a Comment