Saturday, September 4, 2010

ਗਜ਼ਲ

ਹੋ ਹੀ ਗਏ ਹਾਂ ਆਖਿਰ ਗ਼ੁਲਾਮ ਸਿਸਟਮ ਦੇ।
ਔਗੁਣ ਜਰ ਲਏ ਅਸੀਂ ਤਮਾਮ ਸਿਸਟਮ ਦੇ।

ਇਸਨੂੰ ਬਦਲ ਦਿਆਂਗੇ ਜਿਹੜੇ ਕਹਿੰਦੇ ਸੀ
ਸੋਹਲੇ ਗਾਉਂਦੇ ਫਿਰਦੇ ਉਹ ਆਮ ਸਿਸਟਮ ਦੇ।

ਉਹ ਤਾਂ ਕਹਿਣ ਤਰੱਕੀ ਕੀਤੀ ਅਸੀਂ ਬੜੀ
ਮੈਨੂੰ ਜਾਪਣ ਪੁਰਜ਼ੇ ਨੇ ਜਾਮ ਸਿਸਟਮ ਦੇ।

ਰੁਲੇ ਜਵਾਨੀ ਸੜਕਾਂ ਤੇ, ਰੁਜ਼ਗਾਰ ਨਹੀਂ
ਸਾਹਵੇਂ ਹੈਨ ਨਤੀਜੇ ਨਾਕਾਮ ਸਿਸਟਮ ਦੇ।

ਕਿੱਦਾਂ ਦਾ ਹੈ ਤੰਤਰ ਸਮਝ ਨਹੀਂ ਪੈਂਦੀ
ਨਵੇਂ ਨਵੇਂ ਹੀ ਹੋ ਗਏ ਨਾਮ ਸਿਸਟਮ ਦੇ।

ਧੁੱਪ,ਧੂੜ, ਧੁੰਦ,ਘੱਟਾ ਅਤੇ ਕਾਲੀ ਸੁਆਹ
ਮੌਸਮ ਕਿੰਨੇ ਤਰਾਂ ਦੇ ਬਦਨਾਮ ਸਿਸਟਮ ਦੇ।

ਨਾਅਰੇ ਬੁਲੰਦ ਕਰਦੇ ਕਦੇ ਜਿਸਦੇ ਖਿਲਾਫ
ਅੱਜ ਬੋਲਣ ਹੱਕ ਵਿਚ ਸ਼ਰੇਆਮ ਸਿਸਟਮ ਦੇ।

4 comments:

 1. ਰੁਲੇ ਜਵਾਨੀ ਸੜਕਾਂ ਤੇ, ਰੁਜ਼ਗਾਰ ਨਹੀਂ
  ਸਾਹਵੇਂ ਹੈਨ ਨਤੀਜੇ ਨਾਕਾਮ ਸਿਸਟਮ ਦੇ.....
  ਜੀ ਹਾਂ ....
  ਅੱਜ ਟੀਵੀ 'ਤੇ ਵੀ
  ਏਹੋ ਚਰਚਾ ਸੀ
  ਕਾਮਨ ਵੈਲਥ ਖੇਡਾਂ'ਤੇ
  ਨਾ ਕੀਤਾ ਪੂਰਾ ਖਰਚਾ ਸੀ
  ਪੈਸਾ ਰਾਹ 'ਚ ਕਿਧਰੇ
  ਖਰਦ-ਬੁਰਦ ਹੋਇਆ
  ਸੰਵਰਿਆ ਨਾ ਕੋਈ
  ਘਰ ਦਾ ਮੂੰਹ-ਮੱਥਾ
  ਖੇਡਾਂ ਦਾ ਵੇਲ਼ਾ
  ਹੋਣ ਨੂੰ ਆਇਆ.......
  ਇਹ ਹੈ ਅੱਜ ਦੀ 'ਡੇਟਲਾਈਨ' ਦੀ ਤਾਜ਼ਾ ਖ਼ਬਰ ਜੋ ਹੁਣੇ-ਹੁਣੇ ਮੈਂ ਐਸ.ਬੀ.ਐਸ. ਚੈਨਲ 'ਤੇ ਸੁਣੀ ਹੈ...ਆਸਟ੍ਰੇਲੀਆ ਦੀ ਕੋਈ ਰਿਪੋਟਰ ਭਾਰਤ ਆਈ ....ਜਿਸ ਨੇ ਇਹ ਖ਼ਬਰ ਏਥੋਂ ਦੇ ਨਿਊਜ਼ ਚੈਨਲਾਂ ਨੂੰ ਦਿੱਤੀ ਹੈ ।

  ReplyDelete
 2. ਆਪਣੇ ਦੇਸ਼ ਵਿਚ ਹਰ ਖੇਤਰ ਵਿਚ ਇਹੋ ਕੁਝ ਹੋ ਰਿਹਾ ਹੈ ਹਰਦੀਪ ਜੀ ।
  ਖੇਡਾਂ ਨੂੰ ਵੀ ਨਹੀਂ ਬਖਸ਼ਿਆ।

  ReplyDelete
 3. ਇਸਨੂੰ ਬਦਲ ਦਿਆਂਗੇ ਜਿਹੜੇ ਕਹਿੰਦੇ ਸੀ
  ਸੋਹਲੇ ਗਾਉਂਦੇ ਫਿਰਦੇ ਉਹ ਆਮ ਸਿਸਟਮ ਦੇ।
  ਬਹੁਤ ਖੂਬਸੂਰਤੀ ਨਾਲ਼ ਪੇਸ਼ ਕੀਤਾ ਹੈ ਸਿਸਟਮ ਨੂੰ ਤੁਸੀ

  ReplyDelete
 4. ਬੜੇ ਸਿਸਟਮ ਨਾਲ ਸਜੀ ਹੈ ਗ਼ਜ਼ਲ ਬਲਜੀਤ ਜੀ ....
  ਆਪਣੀ ਆਵਾਜ਼ ਲਈ ਵੋਇਸ ਰਿਕਾਰ੍ਡਰ 'ਚ ਰਿਕਾਰਡ ਕਰਕੇ mp3.ਨਾਲ ਪਾਣਾ ਪੈਂਦਾ ਹੈ ...!!

  ReplyDelete