Saturday, June 20, 2009

ਗ਼ਜ਼ਲ

ਹਰ ਰਸਤੇ ਹਰ ਮੋੜ ਤੇ ਇਮਤਿਹਾਨ ਰਿਹਾ ਹੈ
ਕਾਇਮ ਤਾਂ ਵੀ ਹਰ ਸਮੇਂ ਸਾਡਾ ਇਮਾਨ ਰਿਹਾ ਹੈ

ਜਿੰਦਗੀ ਦੇ ਸੱਚ ਨੂੰ ਉਹ ਕਿੱਦਾਂ ਸਹਿਣ ਕਰੇਗਾ
ਜਿਸਦਾ ਕਿਰਦਾਰ ਹਮੇਸ਼ਾ ਝੂਠੀ ਸ਼ਾਨ ਰਿਹਾ ਹੈ

ਰੋਜ਼ ਬਿਰ੍ਖ਼ ਨਾਲ ਅਸੀਂ ਸੰਵਾਦ ਰਚਾਓਂਦੇ ਹਾਂ
ਲੋਕਾਂ ਦੀ ਨਜ਼ਰ ਵਿਚ ਇਹ ਬੇਜ਼ੁਬਾਨ ਰਿਹਾ ਹੈ

ਸ਼ਮਸ਼ਾਨਾਂ ਵਿਚ ਸੜਦਾ ਉਹ ਵੀ ਤੱਕ ਲਿਆ ਸਭ ਨੇ
ਜਿਸ ਨੂੰ ਆਪਣੇ ਮਹਿਲਾਂ ਉੱਤੇ ਗੁਮਾਨ ਰਿਹਾ ਹੈ

ਜਿੰਨ੍ਹਾ ਘੱਟ ਕੀਤੀ ਹੈ ਜਿਹਨਾਂ ਨੇ ਆਪਣੀ ਲਾਲਸਾ
ਉਹਨਾਂ ਲਈ ਗਮ ਸਹਿਣਾ ਬੜਾ ਆਸਾਨ ਰਿਹਾ ਹੈ

ਕੀੜੇ ਮਕੌੜੇ ਇਸ ਧਰਤੀ ਦੇ ਆਖਰੀ ਵਾਰਿਸ ਨੇ
ਥੋੜਾ ਸਮਾਂ ਕਾਬਜ਼ ਇਸ ਤੇ ਇਨਸਾਨ ਰਿਹਾ ਹੈ

ਲਹੂ ਨਾਲ ਭਿੱਜ ਕੇ ਜਿੰਨ੍ਹਾ ਇਤਿਹਾਸ ਸਿਰਜਿਆ
ਉੱਚਾ ਉਸ ਕੌਮ ਦਾ ਤਾਹੀਂ ਸਦਾ ਨਿਸ਼ਾਨ ਰਿਹਾ ਹੈ

ਹਰੇਕ ਯੁੱਗ ਵਿਚ ਪੈਦਾ ਲੂਣਾ ਇੱਛਰਾਂ ਹੋਈਆਂ
ਹਰੇਕ ਯੁੱਗ ਵਿਚ ਪੂਰਨ ਤੇ ਸਲਵਾਨ ਰਿਹਾ ਹੈ