Wednesday, October 16, 2019

ਗ਼ਜ਼ਲ


ਬੜੀ ਹੀ ਤੇਜ਼ ਹੈ ਰਫਤਾਰ ਜੀਵਨ ਦੀ ਚਲੋ ਵਿਸ਼ਰਾਮ ਦੇ ਦਈਏ
ਇਹਨਾਂ ਥੱਕੇ ਹੋਏ ਕਦਮਾਂ ਤੇ ਖਾਈਏ ਤਰਸ ਤੇ ਆਰਾਮ ਦੇ ਦਈਏ

ਸਦਾ ਹੀ ਤੱਕਦੇ ਆਏ ਸਹਾਰੇ ਰੱਬ ਦੇ ਤਕਦੀਰ ਬਦਲੇਗਾ 
ਕਿ ਥੋੜਾ ਵਕਤ ਹੁਣ ਵਿਗਿਆਨ ਦੇ ਵੀ ਨਾਮ ਦੇ ਦਈਏ

ਜਿਹੜੇ ਸੁਪਨਿਆਂ ਨੂੰ ਹੁਣ ਕਦੇ ਵੀ ਬੂਰ ਨਹੀਂ ਪੈਣਾ
ਕਿਉਂ ਨਾ ਅੱਜ ਤੋਂ ਉਹਨਾਂ ਨੂੰ ਹੀ ਅੰਜ਼ਾਮ ਦੇ ਦਈਏ

ਹਵਾਲੇ ਹੋਰ ਕਿੰਨੀ ਦੇਰ ਦੇਵਾਂਗੇ ਅਸੀਂ ਇਤਿਹਾਸ ਦੇ ਵਿਚੋਂ 
ਇਹਨਾਂ ਸਮਿਆਂ ਵਿਚੋਂ ਵੀ ਕੋਈ ਤਾਂ ਵਰਿਆਮ ਦੇ ਦਈਏ

ਕਦੇ ਮਨਹੂਸ ਘੜੀਆਂ ਜਦ ਵੀ ਲੰਘਣ ਰੋਲ ਕੇ ਸੱਧਰਾਂ
ਓਦੇਂ ਸਾਰੇ  ਜ਼ਮਾਨੇ ਨੂੰ  ਹੀ ਨਾ ਇਲਜ਼ਾਮ ਦੇ ਦਈਏ

ਦਹਾਕੇ ਬੀਤ ਚੁੱਕੇ ਪਰ ਨਾ ਸਾਥੋਂ ਸਫਰ ਤੈਅ ਹੋਇਆ
ਕਰੀਏ ਕੁਝ  ਵਿਲੱਖਣ ਵੱਖਰਾ ਪੈਗਾਮ ਦੇ ਦਈਏ

ਕਿ ਹਿੰਮਤ ਹੈ ਜਿਨ੍ਹਾਂ ਕੀਤੀ ਜੋ ਟੱਕਰ ਜਬਰ ਨੂੰ ਦਿੱਤੀ
ਉਹਨਾਂ ਦੇ ਜਜ਼ਬਿਆਂ ਨੂੰ ਹੀ ਸਹੀ ਪ੍ਰਣਾਮ ਦੇ ਦਈਏ
(ਬਲਜੀਤ ਪਾਲ ਸਿੰਘ)

No comments: