Sunday, March 4, 2018

ਗ਼ਜ਼ਲ



ਇਜ਼ਤ ਤੇ ਸਤਿਕਾਰ ਮਿਲੇ ਤਾਂ ਸਾਂਭ ਲਵੀ ਯਾਰਾ
ਜੇਕਰ ਕਿਤਿਓਂ ਪਿਆਰ ਮਿਲੇ ਤਾਂ ਸਾਂਭ ਲਵੀਂ ਯਾਰਾ

ਭਾਵੇਂ ਮੌਸਮ ਤੇਰੇ ਰਾਸ ਨਹੀਂ ਆਇਆ ਤੂੰ ਫਿਰ ਵੀ
ਖੁਸ਼ੀਆਂ ਦੇ ਪਲ ਚਾਰ ਮਿਲੇ ਤਾਂ ਸਾਂਭ ਲਵੀਂ ਯਾਰਾ

ਹੁੰਦੇ ਨਾ ਇਹ ਮਿੱਤ ਕਦੇ ਗਲਿਆਰੇ ਸੱਤਾ ਦੇ
ਸਾਊ ਜਹੀ ਸਰਕਾਰ ਮਿਲੇ ਤਾਂ ਸਾਂਭ ਲਵੀਂ ਯਾਰਾ

ਜਿਸ ਵੇਲੇ ਵੀ ਲੋੜ ਪਈ ਇਨਸਾਫ਼ ਲਈ ਓਦੋਂ
ਕੋਈ ਵੀ ਹਥਿਆਰ ਮਿਲੇ ਤਾਂ ਸਾਂਭ ਲਵੀਂ ਯਾਰਾ

ਇਸ ਨਗਰੀ ਵਿੱਚ ਬਹੁਤਾ ਆਤਿਸ਼ ਹੈ ਭਾਵੇਂ ਪਰ ਨਾ ਘਬਰਾ
ਕੋਨਾ ਇਕ ਸ਼ਰਸ਼ਾਰ ਮਿਲੇ ਤਾਂ ਸਾਂਭ ਲਵੀਂ ਯਾਰਾ

ਪਹਿਰੇਦਾਰੀ ਰਾਤਾਂ ਦੀ ਤਾਂ ਚੰਨ ਤਾਰੇ ਹੀ ਕਰਦੇ
ਤੈਨੂੰ ਚੈਨ ਕਰਾਰ ਮਿਲੇ ਤਾਂ ਸਾਂਭ ਲਵੀਂ ਯਾਰਾ

ਰੰਗ ਬਦਲਦੀ ਦੁਨੀਆਂ ਅੰਦਰ ਜੇ ਬਲਜੀਤ ਕਿਤੇ
ਸੋਨੇ ਵਰਗਾ ਯਾਰ ਮਿਲੇ ਤਾਂ ਸਾਂਭ ਲਵੀਂ ਯਾਰਾ
( ਬਲਜੀਤ ਪਾਲ ਸਿੰਘ)

No comments: