Monday, July 3, 2017

Ghazal



ਕਦੇ ਨਮ ਹੋ ਗਈਆਂ ਅੱਖਾਂ ਕਦੇ ਮੁਰਝਾ ਗਿਆ ਚਿਹਰਾ
ਜ਼ਮਾਨੇ ਦਾ ਚਲਨ ਤੱਕਿਆ ਬੜਾ ਘਬਰਾ ਗਿਆ ਚਿਹਰਾ

ਬੜਾ ਹੀ ਅੰਦਰੋਂ ਭਰਿਆ ਹੈ ਬੰਦਾ ਐਬ ਦਾ ਭਾਵੇਂ
ਸਵੇਰੇ ਰੋਜ਼ ਝੂਠੀ ਸ਼ਾਨ ਲਈ ਚਮਕਾ ਗਿਆ ਚਿਹਰਾ

ਨਹੀ ਇਤਬਾਰ ਕਰਨਾ ਸੀ ਕਿਸੇ ਦੀ ਸਾਦਗੀ ਉਤੇ
ਉਹ ਮਾੜਾ ਵਕਤ ਸੀ ਜਿਹਡ਼ੇ ਸਮੇਂ ਭਰਮਾ ਗਿਆ ਚਿਹਰਾ

ਭੁਲੇਖਾ ਬਿਜਲੀਆਂ ਦਾ ਪੈ ਗਿਆ ਤੇ ਹੋ ਗਈ ਜਗਮਗ
ਜਦੋਂ ਵੀ ਭੀੜ ਤੋਂ ਵਖਰਾ ਕੋਈ ਦਿਖਲਾ ਗਿਆ ਚਿਹਰਾ

ਬੜਾ ਹੀ ਸਿਤਮ ਢਾਹੁੰਦਾ ਹੈ ਉਹ ਕੋਮਲ ਹਿਰਦਿਆਂ ਉਤੇ
ਮਖੌਟਾ ਝੂਠ ਦਾ ਪਾ ਕੇ ਕੋਈ ਬਦਲਾ ਗਿਆ ਚਿਹਰਾ

ਹਵਾ ਰੁਮਕੀ ਫਿਜ਼ਾ ਮਹਿਕੀ ਤੇ ਰੌਣਕ ਬਾਗ ਵਿਚ ਪਰਤੀ
ਖਿੜੇ ਨੇ ਫੁੱਲ ਜਦ ਮਹਿਬੂਬ ਦਾ ਸ਼ਰਮਾ ਗਿਆ ਚਿਹਰਾ


(ਬਲਜੀਤ ਪਾਲ ਸਿੰਘ)

No comments:

Post a Comment