Sunday, March 30, 2014

ਗ਼ਜ਼ਲ

ਝੂਠ ਤੋਂ ਪਰਦਾ ਉਠਾ ਤੇ ਸੱਚ ਨੂੰ ਸਾਹਵੇਂ ਲਿਆ
ਚਾਰੇ ਪਾਸੇ ਫੈਲ ਚੁੱਕੇ ਨੇਰ੍ਹ ਵਿਚ ਦੀਪਕ ਜਗਾ

 ਪਰਦਿਆਂ ਦੇ ਓਹਲਿਆਂ ਵਿਚ ਰਾਜਨੀਤੀ ਚੱਲ ਰਹੀ
 ਬਹੁਤੀਆਂ ਨਾ ਦੇਹ ਸਫਾਈਆਂ ਲੋਕਾਂ ਨੂੰ ਹੈ ਸਭ ਪਤਾ

ਕੀ ਪਤਾ ਕਿ ਹੋਰ ਕਿੰਨੇ ਯੁੱਧ ਲੜਨੇ ਪੈਣਗੇ
ਵੇਖੀਂ ਕਿਧਰੇ ਭੱਥੇ ਵਿਚੋਂ ਤੀਰ ਨਾ ਦੇਵੀਂ ਮੁਕਾ

 ਮੈਂ ਕਿਵੇਂ ਰਹਿਬਰ ਕਹਾਂ ਉਸ ਸ਼ਖਸ਼ ਨੂੰ ਐ ਦੋਸਤਾ
 ਜੋ ਕਹੇ ਕਿ ਕੁੱਲੀਆਂ ਵਿਚ ਦੀਪ ਨਾ ਹਾਲੇ ਜਲਾ

 ਜੇ ਨਾ ਰਲਕੇ ਦੋਸਤੋ ਹੁਣ ਇਸ ਹਵਾ ਨੂੰ ਟੋਕਿਆ
 ਏਸ ਨੇ ਫਿਰ ਆਪਣੇ ਸਭ ਆਲ੍ਹਣੇ ਦੇਣੇ ਗਿਰਾ

 ਜਿਹੜਾ ਅੱਖਾਂ ਮੀਟ ਕੇ ਕਰਦਾ ਬਹਾਨਾ ਸੌਣ ਦਾ
 ਜਾਗ ਕੇ ਵੀ ਕ਼ੀ ਕਰੂ ਉਹ, ਓਸਨੂੰ ਤੂੰ ਨਾ ਜਗਾ

 ਧੁੱਪ ਹੈ ਕਿ ਧੂੜ ਹੈ, ਤੂੰ ਏਸਦੀ ਪ੍ਰਵਾਹ ਨਾ ਕਰ
 ਕੰਮ ਹੈ ਰਾਹੀ ਦਾ ਮੰਜ਼ਿਲ ਤੇ ਲਵੇ ਨਜ਼ਰਾਂ ਟਿਕਾ

 ਪੂਜਦੇ ਹੀ ਆ ਰਹੇ ਨੇ ਲੋਕ ਭਾਵੇਂ ਝੂਠ ਨੂੰ
 ਫੇਰ ਵੀ ਹਰ ਯੁਗ ਦੇ ਅੰਦਰ ਸੱਚ ਹੀ ਹੈ ਚਮਕਿਆ
                                 (ਬਲਜੀਤ ਪਾਲ ਸਿੰਘ)

No comments: