Friday, September 20, 2013

ਗ਼ਜ਼ਲ

ਨਿੱਤ ਡੂੰਘੀਆਂ ਨਦੀਆਂ ਜਿੰਨਾ ਤਰੀਆਂ ਨੇ
ਉਹਨਾ ਕੋਲੋਂ ਸਦਾ ਮੁਸ਼ਕਿਲਾਂ ਡਰੀਆਂ ਨੇ

ਜਦ ਸਕੂਨ ਦੀ ਨੀਂਦ ਪਈ ਫਿਰ ਦੇਖਾਂਗੇ
ਸਾਡੇ ਖਾਬਾਂ ਵਿਚ ਵੀ ਕੁਝ 'ਕੁ ਪਰੀਆਂ ਨੇ

ਕਿੰਨੇ ਝੱਖੜ ਝੁਲਦੇ ਇਹਨੇ ਦੇਖ ਲਏ
ਪੱਤੀਆਂ ਇਸ ਬਿਰਖ ਦੀਆਂ ਤਾਂ ਵੀ ਹਰੀਆਂ ਨੇ

ਆਉ ਕੋਈ ਸਬੂਤ ਦਿਉ ਸ਼ਰਤਾਂ ਜਿੱਤੋ
ਸਾਡੇ ਜਿੰਨੀਆਂ ਪੀੜਾਂ ਜਿਸਨੇ ਜਰੀਆਂ ਨੇ

ਬਰਸਾਤਾਂ ਵਿਚ ਤੁਰਨ ਦੇ ਫਾਇਦੇ ਵੀ ਦੇਖੋ
ਪਤਾ ਨਹੀਂ ਲੱਗਦਾ ਕਿ ਅੱਖੀਆਂ ਭਰੀਆਂ ਨੇ

ਦੁਸ਼ਮਣ ਆਪਣੇ ਛੇਤੀ ਬਹੁਤ ਬਣਾ ਲੈਂਦੇ
ਗੱਲਾਂ ਜਿਹੜੇ ਕਰਦੇ ਖਰੀਆਂ ਖਰੀਆਂ ਨੇ

(ਬਲਜੀਤ ਪਾਲ ਸਿੰਘ)

No comments:

Post a Comment