Friday, May 4, 2012

ਗ਼ਜ਼ਲ

ਬਹੁਤ ਦਿਲਾਂ ਵਿਚ ਖੋਟ, ਭਰੋਸਾ ਕੋਈ ਨਾ
ਹਮਦਰਦੀ ਦੀ ਤੋਟ, ਭਰੋਸਾ ਕੋਈ ਨਾ

ਦੁਨੀਆਂ ਵੱਸਦੀ ਰੱਸਦੀ ਢੇਰ ਬਾਰੂਦਾਂ ਤੇ
ਬਾਂਦਰ ਹੱਥ ਰਿਮੋਟ ,ਭਰੋਸਾ ਕੋਈ ਨਾ

ਡਾਕੂ,ਗੁੰਡੇ,ਕਾਤਿਲ ਖੁੱਲੇ ਫਿਰਦੇ ਨੇ
ਸਭ ਨੂੰ ਖੁੱਲੀ ਛੋਟ, ਭਰੋਸਾ ਕੋਈ ਨਾ

ਜੰਗਲ ਦੇ ਵਿਚ ਅੱਗ ਲੱਗੀ ਮਨ ਡਰਿਆ ਹੈ
ਆਲ੍ਹਣਿਆਂ ਵਿਚ ਬੋਟ, ਭਰੋਸਾ ਕੋਈ ਨਾ

ਇਕ ਲੀਡਰ ਨੇ ਜਿੱਤਣਾ ਬਾਕੀ ਹਾਰਨਗੇ
ਕੀਹਦੀ ਕੀਹਨੂੰ ਵੋਟ,ਭਰੋਸਾ ਕੋਈ ਨਾ

ਪੱਥਰ ਵੱਜਿਆ ਬੇਗਾਨੇ ਦਾ ਜ਼ਰ ਲੈਂਦੇ
ਆਪਣਿਆਂ ਦੀ ਚੋਟ,ਭਰੋਸਾ ਕੋਈ ਨਾ

ਹਰ ਕੋਨੇ ਵਿਚ ਡੰਕਾ ਵੱਜੇ ਸਿਆਸਤ ਦਾ
ਅਫਸਰੀਆਂ ਨਾ ਘੋਟ,ਭਰੋਸਾ ਕੋਈ ਨਾ

ਉਲਝ ਗਈ ਹੈ ਤਾਣੀ ਢਾਂਚਾ ਵਿਗੜ ਗਿਆ
ਕਦ ਆਊਗਾ ਲੋਟ,ਭਰੋਸਾ ਕੋਈ ਨਾ

                                     (ਬਲਜੀਤ ਪਾਲ ਸਿੰਘ)

5 comments:

ਡਾ.ਹਰਦੀਪ ਕੌਰ ਸੰਧੂ said...

ਉਲਝ ਗਈ ਹੈ ਤਾਣੀ ਢਾਂਚਾ ਵਿਗੜ ਗਿਆ
ਕਦ ਆਊਗਾ ਲੋਟ,ਭਰੋਸਾ ਕੋਈ ਨਾ
ਓਸੇ ਦਿਨ ਦੀ ਸ਼ਾਇਦ ਸਭ ਨੂੰ ਉਡੀਕ ਹੈ।
ਅੱਜ ਦੇ ਮਾਹੌਲ 'ਤੇ ਢੁੱਕਦਾ ਹੈ ਹਰ ਇੱਕ ਸ਼ੇਅਰ ।
ਬਹੁਤ ਵਧੀਆ ਲਿਖਤ

ਹਰਦੀਪ

ਬਲਜੀਤ ਪਾਲ ਸਿੰਘ said...

ਧੰਨਵਾਦ ਹਰਦੀਪ ਜੀ

ਕਾਵਿ-ਕਣੀਆਂ said...

ਬਹੁਤ ਦਿਲਾਂ ਵਿਚ ਖੋਟ, ਭਰੋਸਾ ਕੋਈ ਨਾ
ਹਮਦਰਦੀ ਦੀ ਤੋਟ, ਭਰੋਸਾ ਕੋਈ ਨਾ
ਸਾਰੇ ਸ਼ਿਅਰ ਹੀ ਬਹੁਤ ਵਧੀਆ ਸ਼ਿਅਰ ਹਨ ,,,,
ਮੁਬਾਰਕ!!

iSngh said...

bahut wadyia g,
ajj kal sachi kisse chej da bharosa ni

Kulwant Happy said...

ਅੱਜ ਆਇਆ ਟਿੱਪਣੀ ਕਰ ਚੱਲਿਆ, ਸਾਹ ਚੀਜ਼ ਬੇਗਾਨੀ ਭਰੋਸਾ ਕੋਈ ਨਈ