Saturday, September 13, 2025

ਗ਼ਜ਼ਲ

 ਗ਼ਜ਼ਲ

ਜਦੋਂ ਹਾਲਾਤ ਬਦਲਣ ਤਾਂ ਬੜਾ ਕੁਝ ਬਦਲਦਾ ਰਹਿੰਦਾ।

ਸਮਾਂ ਖੂੰਖਾਰ ਦਾਨਵ ਵਾਂਗਰਾਂ ਫਿਰ ਗਰਜਦਾ ਰਹਿੰਦਾ।

ਕਦੇ ਨਾ ਸਫਲ ਜੋ ਹੋਏ ਇਰਾਦੇ ਸੀ ਬੜੇ ਕਮਦਿਲ,

ਪਰੰਤੂ ਫੇਰ ਵੀ ਇਹ ਦਿਲ ਬਹਾਨੇ ਵਰਤਦਾ ਰਹਿੰਦਾ।

ਬਣਾਏ ਆਦਮੀ ਨੇ ਤਾਂ ਬੜੇ ਪਾਰਕ ਬਗੀਚੇ ਪਰ,

ਫਿਰ ਵੀ ਜੰਗਲਾਂ ਤੇ ਬੇਲਿਆਂ ਵਿੱਚ ਭਟਕਦਾ ਰਹਿੰਦਾ।

ਬੜਾ ਚੰਗਾ ਉਹ ਮੌਸਮ ਸੀ ਘਟਾਵਾਂ ਕਾਲੀਆਂ ਛਾਈਆਂ,

ਕਿ ਅੱਜ ਕੱਲ ਹੋਰ ਹੀ ਥਾਵਾਂ ਤੇ ਬੱਦਲ਼ ਵਰਸਦਾ ਰਹਿੰਦਾ।

ਸਦਾ ਏਦਾਂ ਨਹੀਂ ਹੁੰਦਾ ਦਰਾਂ ਤੇ ਆਉਣ ਹਮਦਮ ਆਪਣੇ ਹੀ,

ਇਹ ਦਿਲ ਜੇ ਅਜਨਬੀ ਆਹਟ ਸੁਣੇ ਤਾਂ ਧੜਕਦਾ ਰਹਿੰਦਾ।

ਉਹ ਜਿਹੜਾ ਮਹਿਫ਼ਲਾਂ ਅੰਦਰ ਰੜਕਵੀਂ ਗੱਲ ਕਰਦਾ ਹੈ ,

ਉਹ ਬੰਦਾ ਤਾ-ਉਮਰ ਫਿਰ ਅੱਖੀਆਂ ਵਿੱਚ ਰੜਕਦਾ ਰਹਿੰਦਾ।

(ਬਲਜੀਤ ਪਾਲ ਸਿੰਘ)