Wednesday, August 28, 2024

ਗ਼ਜ਼ਲ

ਚੰਗੇ-ਮੰਦੇ ਹਰ ਬੰਦੇ ਦੀ ਰਮਜ਼ ਪਛਾਣੀ ਜਾਂਦੀ ਹੈ।

ਟੇਢਾ ਝਾਕਣ ਵਾਲ਼ੇ ਦੀ ਵੀ ਨੀਯਤ ਜਾਣੀ ਜਾਂਦੀ ਹੈ। 


ਫੁੱਲਾਂ ਦਾ ਕੰਮ ਹੁੰਦਾ ਉਹ ਤਾਂ ਟਹਿਕਣਗੇ ਬਾਗ਼ਾਂ ਅੰਦਰ, 

ਭਾਵੇਂ ਮਹਿਕ ਨਜ਼ਰ ਨਾ ਆਵੇ ਤਾਂ ਵੀ ਮਾਣੀ ਜਾਂਦੀ ਹੈ। 


ਜੀਂਦੇ ਜੀਅ ਜਿਨ੍ਹਾਂ ਨੂੰ ਮਿਲਿਆ ਨਾ ਗੁਲਦਸਤਾ ਕੋਈ, 

ਮੋਇਆਂ ਪਿੱਛੋਂ ਉਹਨਾਂ ਦੀ ਖ਼ਾਕ ਵੀ ਛਾਣੀ ਜਾਂਦੀ ਹੈ।


ਤਪਦੇ ਹੋਏ ਮੌਸਮ ਨੂੰ ਫ਼ਿਰ ਓਦੋਂ ਆਪਾਂ ਟੱਕਰਾਂਗੇ 

ਰੁੱਤਾਂ ਨੂੰ ਮਾਣਨ ਦੀ ਮਨਸ਼ਾ ਜਦ ਵੀ ਠਾਣੀ ਜਾਂਦੀ ਹੈ।


ਸਾਰੇ ਆਖਣ ਸਾਉਣ ਮਹੀਨਾ ਆਵੇ ਛਹਿਬਰ ਲੱਗੇ,

ਬਾਰਿਸ਼ ਆਵੇ ਤਾਂ ਫਿਰ ਐਵੇਂ ਛੱਤਰੀ ਤਾਣੀ ਜਾਂਦੀ ਹੈ।

(ਬਲਜੀਤ ਪਾਲ ਸਿੰਘ)

Sunday, August 11, 2024

ਗ਼ਜ਼ਲ

 ਸਾਰੇ ਵਾਅਦੇ ਖੋਖੇ ਨਿਕਲੇ ਨਿਕਲ ਗਈ ਹੈ ਫੂਕ ।

ਇਹ ਸਰਕਾਰ ਹੈ ਬੇਵੱਸ ਹੋਈ ਲੋਕੀਂ ਦਰਸ਼ਕ ਮੂਕ ।


ਪਹਿਲਾਂ ਨਾਲ਼ੋਂ ਵੀ ਬਦਤਰ ਨੇ ਹੁਣ ਏਥੇ ਹਾਲਾਤ ,

ਜਿਹੜੇ ਨੂੰ ਪ੍ਰਧਾਨ ਬਣਾਇਆ ਉਹ ਸੁੱਤਾ ਹੈ ਘੂਕ ।


ਅਣਗੌਲੇ ਲੋਕਾਂ ਦੇ ਏਥੇ ਦੁੱਖ ਕੋਈ ਵੀ ਸੁਣਦਾ ਨਾ,

ਰੌਲੇ ਅੰਦਰ ਦਬ ਕੇ ਰਹਿ ਗਈ ਲਾਚਾਰਾਂ ਦੀ ਹੂਕ ।


ਮਨਚਾਹੀ ਆਵਾਜ਼ ਸੁਣਾਂ ਮੈਂ ਬਸ ਏਨੀ ਕੁ ਹੈ ਤਮੰਨਾ ,

ਬਾਗ਼ਾਂ ਦੇ ਵਿੱਚ ਬਿਰਹੋਂ ਮਾਰੀ ਕੋਇਲ ਦੀ ਜਿਓਂਂ ਕੂਕ ।


ਜਦੋਂ ਜਦੋਂ ਵੀ ਲਿਖਣਾ ਚਾਹਿਆ ਮੈਂ ਅਫਸਾਨਾ ਕੋਈ 

ਲੇਕਿਨ ਮੈਥੋਂ ਲਿਖ ਨਾ ਹੋਈ ਦਿਲਕਸ਼ ਕੋਈ ਟੂਕ ।

(ਬਲਜੀਤ ਪਾਲ ਸਿੰਘ)

Sunday, August 4, 2024

ਗ਼ਜ਼ਲ

ਕਿਤੇ ਆਪਾਂ ਨਹੀਂ ਜਾਣਾ ਅਸੀਂ ਬਸ ਏਸ ਥਾਂ ਜੋਗੇ ।

ਕਿ ਚੁਗਣਾ ਇਸ ਗਰਾਂ ਦਾਣਾ ਅਸੀਂ ਬਸ ਏਸ ਥਾਂ ਜੋਗੇ। 


ਮੜੀਆਂ ਕੋਲ ਏਦਾਂ ਹੀ ਤਾਂ ਘਾਹ ਨੇ ਉੱਗਣਾ ਆਖਿਰ, 

ਇਹ ਖੁਦ ਹੀ ਮੰਨਣਾ ਭਾਣਾ ਅਸੀਂ ਬਸ ਏਸ ਥਾਂ ਜੋਗੇ। 


ਉਹ ਮੇਰੀ ਸ਼ਕਲ ਵੀ ਨਾ ਦੇਖਣੀ ਚਾਹੁੰਦੇ ਮੈਂ ਕੀ ਆਖਾਂ, 

ਇਹ ਮੇਰਾ ਪਾਟਿਆ ਬਾਣਾ ਅਸੀਂ ਬਸ ਏਸ ਥਾਂ ਜੋਗੇ। 


ਇਹਨਾਂ ਖੇਤਾਂ 'ਚੋਂ ਉੱਗਿਆ ਜੋ ਵੀ ਉਸਤੇ ਹੱਕ ਹੈ ਸਾਡਾ, 

ਜੋ ਲਿਖਿਆ ਹੈ ਉਹੀ ਖਾਣਾ ਅਸੀਂ ਬਸ ਏਸ ਥਾਂ ਜੋਗੇ। 


ਵਿਵਸਥਾ ਹੈ ਬੜੀ ਜ਼ਾਲਮ ਅਸੀਂ ਨਹੀਂ ਭੱਜਣਾ ਏਥੋਂ,

ਕਿ ਭਾਵੇਂ ਤੁਰ ਗਿਆ ਲਾਣਾ ਅਸੀਂ ਬਸ ਏਸ ਥਾਂ ਜੋਗੇ। 

(ਬਲਜੀਤ ਪਾਲ ਸਿੰਘ)

 

ਗ਼ਜ਼ਲ

ਥੋੜ੍ਹਾ ਜੇਹਾ ਅੰਤਰ ਸਾਰੇ ਇੱਕੋ ਵਰਗੇ ਨੇ।

ਲੋਕੀਂ ਬਹੁਤੇ ਗ਼ਰਜ਼ਾਂ ਮਾਰੇ ਇੱਕੋ ਵਰਗੇ ਨੇ।


ਚੋਣਾਂ ਵੇਲੇ ਗਿਰਗਿਟ ਵਾਂਗੂ ਰੰਗ ਬਦਲਦੇ ਜੋ,

ਅਸਲ ਸਿਆਸੀ ਲੀਡਰ ਸਾਰੇ ਇੱਕੋ ਵਰਗੇ ਨੇ। 


ਆਪਸ ਦੇ ਵਿੱਚ ਇੱਕਮਿਕ ਹੋਏ ਗੁੰਡੇ ਤੇ ਨੇਤਾ,

ਉਹਨਾਂ ਦੇ ਸਭ ਕਾਲੇ ਕਾਰੇ ਇੱਕੋ ਵਰਗੇ ਨੇ।


ਗ਼ੁਰਬਤ ਦਾ ਰੰਗ ਸਭਨੀਂ ਥਾਈਂ ਇੱਕੋ ਵਰਗਾ ਹੈ,

ਬਸਤੀ ਅੰਦਰ ਕੁੱਲੀਆਂ ਢਾਰੇ ਇੱਕੋ ਵਰਗੇ ਨੇ।


ਗੀਟੇ ਪਰਬਤ ਪੱਥਰ ਅਤੇ ਚਟਾਨਾਂ ਨੇ ਇੱਕੋ, 

ਦੁਨੀਆ ਉੱਤੇ ਸਾਗਰ ਖਾਰੇ ਇੱਕੋ ਵਰਗੇ ਨੇ।


ਅੰਬਰ ਦੀ ਹਿੱਕ ਉੱਤੇ ਕਿੰਨੀਂ ਰੌਣਕ ਲਾਉਂਦੇ ਜੋ,

ਰਾਤਾਂ ਨੂੰ ਚਮਕਣ ਉਹ ਤਾਰੇ ਇੱਕੋ ਵਰਗੇ ਨੇ ।


ਜਿਹਨਾਂ ਹਿੱਸੇ ਆਈਆਂ ਨਾ ਚਾਨਣ ਰਿਸ਼ਮਾਂ,

ਭਟਕਣ ਵਿੱਚ ਲਾਚਾਰ ਵਿਚਾਰੇ ਇੱਕੋ ਵਰਗੇ ਨੇ।

(ਬਲਜੀਤ ਪਾਲ ਸਿੰਘ)