Wednesday, July 31, 2024

ਗ਼ਜ਼ਲ

ਮੇਹਨਤ ਅਜਾਈਂ ਸਾਰੇ ਦੀ ਸਾਰੀ ਗਈ।

ਨੱਕੋ ਬੰਨ੍ਹਦਿਆਂ ਪਾਣੀ ਦੀ ਵਾਰੀ ਗਈ।


ਬੀਤੀ ਤਮਾਮ ਜ਼ਿੰਦਗੀ ਇਹ ਰੀਂਗਦੇ ਹੋਏ,

ਬਾਲਪਨ ਦੇ ਨਾਲ ਹੀ ਕਿਲਕਾਰੀ ਗਈ।


ਹਾਸਿਆਂ ਨੇ ਇਸ ਤਰ੍ਹਾਂ ਰੁਖ਼ਸਤੀ ਲਈ ਕਿ 

ਪੰਡ ਫਰਜ਼ਾਂ ਦੀ ਇਹ ਹੁੰਦੀ ਭਾਰੀ ਗਈ।


ਸਾਗ਼ਰ ਦਾ ਕਿਨਾਰਾ ਵੀ ਗਵਾਚਿਆ ਹੈ  , 

ਝੀਲ ਉਸਦੇ ਨਾਲ ਹੀ ਉਹ ਖਾਰੀ ਗਈ।


ਮੇਰਾ ਦਿਲ ਕਹਿੰਦਾ ਬੁਰਾ ਬੰਦਾ ਬਣਾ ਮੈਂ,

ਚੰਗਾ ਚੰਗਾ ਬਣਦਿਆਂ ਦਿਲਦਾਰੀ ਗਈ।


ਜੀਵਨ ਦੇ ਬਹੁਤੇ ਸ਼ਬਦਾਂ ਦੇ ਅਰਥ ਬਦਲੇ ,

ਬਾਪੂ ਗਿਆ ਤਾਂ ਨਾਲ ਬਰ-ਖੁਰਦਾਰੀ ਗਈ।

(ਬਲਜੀਤ ਪਾਲ ਸਿੰਘ)


Thursday, July 25, 2024

ਗ਼ਜ਼ਲ

ਬੋਲਾਂਗਾ ਤਾਂ ਮੂੰਹ-ਫੱਟ ਕਹਿ ਕੇ ਭੰਡਣਗੇ ਲੋਕੀਂ । 

ਨਾ ਬੋਲਾਂ ਫਿਰ ਚੋਟਾਂ ਲਾ ਲਾ ਚੰਡਣਗੇ ਲੋਕੀਂ ।


ਸੱਜਣ ਯਾਰ ਬਥੇਰੇ ਮਿਲ ਜਾਂਦੇ ਨੇ ਸੁਖ ਵੇਲੇ,

ਸੋਚੀਂ ਨਾ ਕਿ ਤੇਰੇ ਦੁੱਖ ਵੀ ਵੰਡਣਗੇ ਲੋਕੀਂ।


ਸਾਡੇ ਬਾਬੇ ਸੀਨੇ ਲਾਇਆ ਭਾਈ ਲਾਲੋ ਨੂੰ,

ਕਿਰਤ ਦੇ ਰਸਤੇ ਉੱਤੇ ਨਾ ਇਹ ਹੰਡਣਗੇ ਲੋਕੀਂ।


ਕੀਤੇ ਹੋਏ ਤੁਹਾਡੇ ਸੌ ਚੰਗੇ ਕਰਮਾਂ ਨੂੰ ਵੀ ਭੁੱਲਕੇ ,

ਇੱਕ ਬੁਰਾਈ ਛੱਜ ਵਿੱਚ ਪਾ ਕੇ ਛੰਡਣਗੇ ਲੋਕੀਂ।


ਏਸ ਨਗਰ ਬਾਸ਼ਿੰਦੇ ਬਹੁਤ ਕਰੋਧੀ ਰਹਿੰਦੇ ਨੇ,

ਏਥੋਂ ਤੁਰ ਜਾ ਦੂਰ ਨਹੀਂ ਤਾਂ ਦੰਡਣਗੇ ਲੋਕੀਂ।

(ਬਲਜੀਤ ਪਾਲ ਸਿੰਘ)

Sunday, July 14, 2024

ਗ਼ਜ਼ਲ

ਹੌਲੀ ਹੌਲੀ ਸਾਰਾ ਢਾਂਚਾ ਢਹਿ ਚੱਲਿਆ ਹੈ।

ਲੋਕਾਂ ਦੇ ਤੰਤਰ ਦਾ ਭੱਠਾ ਬਹਿ ਚੱਲਿਆ ਹੈ।


ਆਜ਼ਾਦੀ ਗਣਤੰਤਰ ਦਿਵਸ ਮਨਾਈ ਜਾਓ,

ਭੁੱਖੇ ਢਿੱਡਾਂ ਦਾ ਇਹ ਚਾਅ ਵੀ ਲਹਿ ਚੱਲਿਆ ਹੈ।


ਸੱਤਾ ਮੁੜ ਮੁੜ ਲੋਕਾਂ ਨੂੰ ਇੱਕ ਬੁਰਕੀ ਸੁੱਟੇ,

ਮੁਫ਼ਤਾਂ ਦੇ ਲਾਰੇ ਵਿੱਚ ਬੰਦਾ ਵਹਿ ਚੱਲਿਆ ਹੈ।


ਮੇਰਾ ਹੈ ਸਿੰਘਾਸਨ ਪੱਕਾ ਹਾਕਮ ਸੋਚੇ,

ਏਸੇ ਭਰਮ ਭੁਲੇਖੇ ਅੰਦਰ ਰਹਿ ਚੱਲਿਆ ਹੈ।


ਦੂਰੋਂ ਜਾ ਕੇ ਫੇਰ ਹੀ ਏਥੇ ਮੁੜ ਪਹੁੰਚੇ ਹਾਂ,

ਕੰਡਿਆਂ ਨਾਲ ਦੁਬਾਰਾ ਦਾਮਨ ਖਹਿ ਚੱਲਿਆ ਹੈ।


ਸੱਤਾ ਬਦਲਣ ਵਾਲੇ ਲੋਕ ਨਸ਼ੇੜੀ ਹੋਏ,

ਸਾਰੀ ਹੀ ਬਲਜੀਤ ਸੱਚਾਈ ਕਹਿ ਚੱਲਿਆ ਹੈ।


(ਬਲਜੀਤ ਪਾਲ ਸਿੰਘ)


ਗ਼ਜ਼ਲ

ਜਿਸ ਦਾ ਡਰ ਸੀ ਓਹੀ ਆਖ਼ਰ ਹੋਇਆ ਹੈ।

ਰੁੱਖਾਂ ਦੀ ਥਾਂ ਲੋਹਾ ਉੱਗ ਖਲੋਇਆ ਹੈ।


ਬੈਠਣ ਚਿੜੀਆਂ ਕਿੱਥੇ ਤੇ ਕਿਵੇਂ ਚਹਿਕਣ,

ਹਰ ਪੰਛੀ ਨੇ ਆਪਣਾ ਰੋਣਾ ਰੋਇਆ ਹੈ।


ਜੀਵਨ ਦੇ ਅੰਤਿਮ ਪੜਾਅ 'ਤੇ ਕੀ ਹੋਇਆ, 

ਓਹੀ ਉੱਗਣਾ ਸੀ ਜੋ ਦਾਣਾ ਬੋਇਆ ਹੈ।


ਦੁਬਿਧਾ ਅੰਦਰ ਬੰਦਾ ਜਾਵੇ ਕਿੱਧਰ ਨੂੰ, 

ਖਾਈ ਹੈ ਪਿੱਛੇ ਤਾਂ ਅੱਗੇ ਟੋਇਆ ਹੈ।


ਹੋਣੀ ਸਿਧਰੇ ਪੱਧਰੇ ਲੋਕਾਂ ਦੀ ਵੇਖੋ ਤਾਂ,

ਸੱਧਰਾਂ ਮੋਈਆਂ ਹਰ ਚਾਅ ਮੋਇਆ ਹੈ।

(ਬਲਜੀਤ ਪਾਲ ਸਿੰਘ)


Saturday, July 13, 2024

ਗ਼ਜ਼ਲ

ਦੱਸਿਓ ਕਿ ਇਹ ਮੁਹੱਬਤ ਕੀ ਬਲਾ ਹੈ।

ਵਾਪਰੇ ਜੋ ਕੁਦਰਤੀ ਇਹ ਉਹ ਕਲਾ ਹੈ।


ਮੁੱਦਤਾਂ ਤੋਂ ਨਾ ਰਵਾਇਤਾਂ ਛੱਡਦੀਆਂ ਦਾਮਨ,

ਇਹਨਾਂ ਕਰਕੇ ਰਿਸ਼ਤਿਆਂ ਵਿੱਚ ਫਾਸਲਾ ਹੈ।


ਇਹ ਜ਼ਮਾਨਾ ਮਿੱਤ ਨਾ ਏਥੇ ਕਿਸੇ ਦਾ,

ਕੀ ਪਤਾ ਕਿਸਦਾ ਬੁਰਾ ਕਿਸਦਾ ਭਲਾ ਹੈ।


ਦਿਲ ਧੜਕਦਾ ਹੈ ਵਸਲ ਹਾਸਿਲ ਕਰਾਂ ਮੈਂ,

ਹਰ ਜਿਉਂਦੇ ਜਿਸਮ ਦਾ ਇਹ ਵਲਵਲਾ ਹੈ।


ਫੁੱਲ ਮੁਰਝਾਏ ਤੇ ਮਹਿਕਾਂ ਵਿਸਰੀਆਂ ਨੇ,

ਏਹੋ ਪੱਤਝੜ ਤੇ ਫਿਜ਼ਾ ਦਾ ਸਿਲਸਿਲਾ ਹੈ।

(ਬਲਜੀਤ ਪਾਲ ਸਿੰਘ)