ਸਦੀਆਂ ਤੋਂ ਸੁੱਤੀ ਹੋਈ ਸਰਕਾਰ ਜਗਾ ਦਈਏ
ਜੋ ਸਿਰ ਸੁੱਟੀ ਬੈਠੇ ਬਰਖੁਰਦਾਰ ਜਗਾ ਦਈਏ
ਹੋਵੇ ਨਾ ਆਪਸ ਵਿਚ ਭੋਰਾ ਨਫਰਤ ਲੋਕਾਂ ਨੂੰ
ਬੰਦੇ ਲਈ ਬੰਦੇ ਅੰਦਰ ਸਤਿਕਾਰ ਜਗਾ ਦਈਏ
ਹੋਇਆ ਕੀ ਜੇ ਸਾਰੀ ਦੁਨੀਆਂ ਨਾਲ ਨਹੀਂ ਤੁਰਦੀ
ਬਹੁਤੇ ਨਹੀਂ ਤਾਂ ਚੱਲ ਸੁੱਤੇ ਦੋ ਚਾਰ ਜਗਾ ਦਈਏ
ਦੰਗੇ ਕਤਲ ਫਸਾਦ ਬਣੇ ਨੇ ਦੁਸ਼ਮਣ ਸਭ ਦੇ ਹੀ
ਹੋਵੇ ਜਨਤਾ ਨਾ ਏਨੀ ਬਦਕਾਰ ਜਗਾ ਦਈਏ
ਕੋਈ ਰੂਹ ਤਾਂ ਨਵੀਂ ਫੂਕਣੀ ਪੈਣੀ ਆਖਿਰ ਨੂੰ
ਲੋਕੀਂ ਬਣ ਚੁੱਕੇ ਜਿਹਡ਼ੇ ਮੁਰਦਾਰ ਜਗਾ ਦਈਏ
ਏਨੇ ਵੀ ਤਾਂ ਨਹੀ ਗਏ ਗੁਜਰੇ ਹੁਣ ਆਪਾਂ ਵੀ
ਆਪਣੇ ਅੰਦਰਲਾ ਸੁੱਤਾ ਫਨਕਾਰ ਜਗਾ ਦਈਏ
ਖਾਮੋਸ਼ੀ ਨੇ ਨੀਰਸ ਕਰ ਦਿੱਤਾ ਹੈ ਰੋਹੀਆਂ ਨੂੰ
ਚੌਗਿਰਦੇ ਵਿਚ ਗੀਤਾਂ ਦੀ ਟੁਣਕਾਰ ਜਗਾ ਦਈਏ
ਆਸ ਪੜੋਸ ਉਦਾਸ ਫਿਜ਼ਾਵਾਂ ਹੋ ਗਈਆਂ ਜੋ
ਸੁੰਨੇ ਵਿਹਡ਼ੇ ਝਾਂਜਰ ਦੀ ਛਣਕਾਰ ਜਗਾ ਦਈਏ
ਜੋ ਵੀ ਥੱਕੇ ਹਾਰੇ ਰਾਹੀ ਢਾਹ ਬੈਠੇ ਨੇ ਢੇਰੀ
ਮੁਰਦਾ ਹੋਏ ਪੈਰਾਂ ਵਿਚ ਰਫਤਾਰ ਜਗਾ ਦਈਏ
ਜੂਲੇ ਹੇਠਾਂ ਸਿਰ ਦੇ ਕੇ ਜੋ ਕਰਨ ਗੁਲਾਮੀ ਹੀ
ਹੱਕਾਂ ਖਾਤਿਰ ਲੜਨ ਉਹ ਸਿਪਾਹ ਸਲਾਰ ਜਗਾ ਦਈਏ
'ਨੇਰਾ ਢੋਇਆ ਹੈ ਜਿੰਨਾਂ ਨੇ ਸਦੀਆਂ ਤੀਕਰ
ਬਸਤੀ ਦੇ ਲੋਕਾਂ ਅੰਦਰ ਲਲਕਾਰ ਜਗਾ ਦਈਏ
ਲੈ ਡਿਗਰੀਆਂ ਖਾਕ ਛਾਣਦੇ ਨਿੱਤ ਦਫਤਰਾਂ ਦੀ
ਭੁੱਖ ਨੰਗ ਨਾਲ ਘੁਲਦੇ ਬੇਰੁਜ਼ਗਾਰ ਜਗਾ ਦਈਏ
ਥੋਡ਼ੇ ਸਮੇਂ ਦੇ ਉੱਦਮ ਨੇ ਹੁਣ ਕੰਮ ਨਹੀਂ ਦੇਣਾ
ਹਿੰਮਤ ਹਾਰਨ ਵਾਲੇ ਨੂੰ ਹਰ ਵਾਰ ਜਗਾ ਦਈਏ
ਸਿਆਸਤ ਨੇ ਬਣ ਜੋਕਾਂ ਪੀ ਲਿਆ ਖੂਨ ਲੋਕਾਈ ਦਾ
ਲੋਕਾਂ ਦੀ ਲੁੱਟ ਰੋਕਣ ਪਹਿਰੇਦਾਰ ਜਗਾ ਦਈਏ
(ਬਲਜੀਤ ਪਾਲ ਸਿੰਘ )