ਇਕ ਦਿਨ ਆਖਿਰ ਨਿੱਕਲ ਆਉਣਾ ਦਲਦਲ ਵਿਚੋਂ ਵੇਖ ਲਿਓ
ਉੱਭਰ ਆਉਣਾ ਕਿਰਸਾਨੀ ਨੇ ਮੁਸ਼ਕਲ ਵਿਚੋਂ ਵੇਖ ਲਿਓ
ਰਹਿਣੇ ਨਹੀਂ ਹਮੇਸ਼ਾ ਏਦਾਂ ਖਾਬ ਦਬਾਏ ਅੰਦਰ ਹੀ
ਚਾਨਣ ਵਾਂਗੂੰ ਪਰਗਟ ਹੋਣੇ ਸਰਦਲ ਵਿਚੋਂ ਵੇਖ ਲਿਓ
ਕੰਡਿਆਲੇ ਰਾਹਾਂ ਤੇ ਤੁਰਦੀ ਖਲਕਤ ਆਪਾਂ ਦੇਖ ਲਈ
ਲੋਕਾਂ ਧੂਹ ਲੈਣੇ ਜਰਵਾਣੇ ਮਖਮਲ ਵਿਚੋਂ ਵੇਖ ਲਿਓ
ਕਿੰਨਾ ਕੋਈ ਦਬਾ ਕੇ ਰੱਖੇ ਜਨਮ ਕ੍ਰਾਂਤੀ ਲੈ ਲੈਂਦੀ ਹੈ
ਲਾਵਾ ਵੱਡਾ ਫੁੱਟਣ ਵਾਲਾ ਕੁਰਬਲ ਵਿਚੋਂ ਵੇਖ ਲਿਓ
ਹਰ ਮੌਸਮ ਹੀ ਰੰਗ ਦਿਖਾਵੇ ਇਹ ਫਿਤਰਤ ਹੈ ਰੁੱਤਾਂ ਦੀ
ਪੈਦਾ ਹੋਣੇ ਨਵੇਂ ਨਜ਼ਾਰੇ ਜਲ ਥਲ ਵਿਚੋਂ ਵੇਖ ਲਿਓ
ਪ੍ਰਦੂਸ਼ਣ ਦੀ ਏਦੂੰ ਵੱਡੀ ਕਿਹਡ਼ੀ ਹੋਰ ਉਦਾਹਰਣ ਹੈ
ਕਾਲੀ ਚਿਮਨੀ ਉੱਡਦਾ ਧੂੰਆਂ ਥਰਮਲ ਵਿਚੋਂ ਵੇਖ ਲਿਓ
ਉੱਚੇ ਪਰਬਤ ਗਹਿਰੇ ਸਾਗਰ ਤੇ ਫੈਲੇ ਜੰਗਲ ਬੇਲੇ
ਪੌਣ ਵਗੇਗੀ ਪੰਛੀਆਂ ਗਾਉਣਾ ਹਲਚਲ ਵਿਚੋਂ ਵੇਖ ਲਿਓ
(ਬਲਜੀਤ ਪਾਲ ਸਿੰਘ )
No comments:
Post a Comment