Friday, June 26, 2020

ਗ਼ਜ਼ਲ


ਪੱਤ ਪੁਰਾਣੇ ਝੜ ਝੜ ਕੇ ਹੀ ਨਵਿਆਂ ਨੂੰ ਥਾਂਵਾਂ ਦਿੰਦੇ ਨੇ
ਆਸਾਂ ਬੜੀਆਂ ਨਵਿਆਂ ਕੋਲੋਂ ਵੱਡੇ ਹੋ ਛਾਵਾਂ ਦਿੰਦੇ ਨੇ

ਸਿਖ ਜਾਂਦੇ ਨੇ ਹੌਲੀ ਹੌਲੀ ਜੀਵਨ ਦੇ ਰੰਗਾਂ ਵਿਚ ਰਚਣਾ
ਜਿੱਦਾਂ ਵੱਡੇ  ਪੈੜਾਂ ਪਾ ਕੇ ਨਿੱਕਿਆ ਨੂੰ ਰਾਹਵਾਂ ਦਿੰਦੇ ਨੇ

ਬਹੁਤੇ ਮਿੱਤਰ ਹੁੰਦੇ ਨੇ ਜੋ ਉਤੋਂ ਉਤੋਂ ਮਿੱਤਰ ਜਾਪਣ
ਭਰ ਭਰ ਖਾਰ ਪਰਾਗੇ ਦਿੰਦੇ ਫੁੱਲ ਕੋਈ ਟਾਂਵਾਂ ਦਿੰਦੇ ਨੇ

ਕਿੰਨੇ ਬੇਮੁੱਖ ਹੋਏ ਰਿਸ਼ਤੇ ਇਹ ਕੈਸਾ ਹੁਣ ਦੌਰ ਹੈ ਆਇਆ
ਆਪਣਿਆਂ ਦੀ ਗੱਲ ਕਰੀਏ ਤਾਂ ਹਾਉਕੇ ਤੇ ਹਾਵਾਂ ਦਿੰਦੇ ਨੇ

ਸਦਕੇ ਜਾਈਏ ਰੁੱਖਾਂ,ਨਦੀਆਂ,ਸਾਗਰ ਅਤੇ ਪਹਾੜਾਂ ਉਤੋਂ
ਜੀਣ ਲਈ ਹਿੰਮਤ ਦਿੰਦੇ ਸ਼ੀਤਲ ਸੁਖਮਨ 'ਵਾਵਾਂ ਦਿੰਦੇ ਨੇ
(ਬਲਜੀਤ ਪਾਲ ਸਿੰਘ)

Wednesday, June 10, 2020

ਗ਼ਜ਼ਲ



ਐਵੇਂ ਹੀ ਨਾ ਕੂੜ ਪਸਾਰਾ ਲਿਖਿਆ ਕਰ
ਕੋਈ ਕਿੱਸਾ ਜਰਾ ਕਰਾਰਾ ਲਿਖਿਆ ਕਰ

ਧੂਹ ਪਾਵੇ ਜੋ ਐਨੀ ਮੁਰਦਾ ਦਿਲ ਧੜਕੇ
ਐਸਾ ਅਫਸਾਨਾ ਵੀ ਯਾਰਾ ਲਿਖਿਆ ਕਰ

ਹੋਇਆ ਜਿਹੜੀ ਗੱਲ ਦਾ ਜ਼ਿਕਰ ਬਥੇਰਾ ਹੈ
ਓਸੇ ਗੱਲ ਨੂੰ ਨਾ ਦੋਬਾਰਾ ਲਿਖਿਆ ਕਰ

ਸੋਚ ਸੋਚ ਨਾ ਲਿਖਿਆ ਕਰ ਵੱਡਿਆਂ ਵਾਂਗੂੰ
ਬੱਚਿਆਂ ਵਾਂਗ ਨਾ ਤਾਰਾ ਰਾਰਾ ਲਿਖਿਆ ਕਰ

ਹੌਲਾ ਹੌਲਾ ਬਹੁਤਾ ਲਿਖਿਆ ਪੜ੍ਹਦੇ ਹਾਂ
ਲੇਕਿਨ ਤੂੰ ਕੁਝ ਭਾਰਾ ਭਾਰਾ ਲਿਖਿਆ ਕਰ

ਪੈਰ ਸਿਆਸਤ ਨੇ ਹਰ ਜਗ੍ਹਾ ਪਸਾਰ ਲਏ
ਚਲਦਾ ਕਿੱਦਾਂ ਚੱਕਰ ਸਾਰਾ ਲਿਖਿਆ ਕਰ

ਲੋਕਾਂ ਨੂੰ ਪੰਜ ਸਾਲਾਂ ਤੋਂ ਜੋ ਲਗਦਾ ਹੈ
ਨੇਤਾਵਾਂ ਦਾ ਲਾਇਆ ਲਾਰਾ ਲਿਖਿਆ ਕਰ
 
ਹਰ ਖੇਤਰ ਵਿਚ ਨਵਾਂ ਮਾਫੀਆ ਉੱਗ ਪਿਆ
ਓਹਨਾਂ ਦਾ ਹਰ ਕਾਲਾ ਕਾਰਾ ਲਿਖਿਆ ਕਰ

ਸ਼ਾਖ਼ ਸ਼ਾਖ਼ ਤੇ ਉੱਲੂ ਬੈਠਾ ਦਿਸਦਾ ਹੈ
ਏਸੇ ਲਈ ਨਾ ਚਮਨ ਹਮਾਰਾ ਲਿਖਿਆ ਕਰ

ਖੇਤਾਂ ਅੰਦਰ ਜਿਸਨੇ ਉਮਰ ਗੁਜ਼ਾਰ ਲਈ
ਅੰਨਦਾਤੇ ਨੂੰ ਕਿਸਮਤ ਮਾਰਾ ਲਿਖਿਆ ਕਰ

ਭਾਵੇਂ ਬਹੁਤੇ ਦੂਰ ਨੇ ਬੀਜ ਕ੍ਰਾਂਤੀ ਦੇ
ਫਿਰ ਵੀ ਆਮਦ ਦਾ ਲਲਕਾਰਾ ਲਿਖਿਆ ਕਰ
(ਬਲਜੀਤ ਪਾਲ ਸਿੰਘ)


Friday, June 5, 2020

ਗ਼ਜ਼ਲ


ਹੱਸਦੇ ਗਾਉਂਦੇ ਲਿਖਦੇ ਰਹਿੰਦੇ ਹੁੰਦੇ ਸੀ
ਲੋਕੀਂ ਕਿੰਨਾ ਰਲ ਮਿਲ ਬਹਿੰਦੇ ਹੁੰਂਦੇ ਸੀ

ਝੱਖੜ ਤੱਤੀਆਂ 'ਵਾਵਾਂ ਨੂੰ ਵੀ ਜਰ ਲੈਂਦੇ
ਜੇਰੇ ਨਾਲ ਹੀ ਸਭ ਦੁੱਖ ਸਹਿੰਦੇ ਹੁੰਂਦੇ ਸੀ

ਫ਼ਿਕਰ ਕਦੇ ਨਾ ਕੀਤਾ ਕੱਲ ਕੀ ਹੋਵੇਗਾ
ਹੋਵੇ ਸੁਖ ਸਰਬੱਤ ਇਹ ਕਹਿੰਦੇ ਹੁੰਦੇ ਸੀ

ਪਾਸਾ ਵੱਟਿਆ ਕਦੇ ਨਾ ਔਖੇ ਕੰਮਾਂ ਤੋਂ
ਨਾਲ ਮੁਸੀਬਤ ਹਰ ਦਮ ਖਹਿੰਦੇ ਹੁੰਦੇ ਸੀ

ਜੀਵਨ  ਵਿੱਚ ਰਵਾਨੀ ਸੀ ਨਦੀਆਂ ਵਾਂਗੂੰ
ਪਾਣੀ ਵਾਂਗੂੰ ਕਲਕਲ ਵਹਿੰਦੇ ਹੁੰਂਦੇ ਸੀ

ਆਪਸ ਦੇ ਵਿਚ ਬਹੁਤਾ ਮੋਹ ਸਤਿਕਾਰ ਰਿਹਾ
ਲੋਕ ਮਨਾਂ ਵਿਚ ਡੂੰਘੇ ਲਹਿੰਦੇ ਹੁੰਦੇ ਸੀ
(ਬਲਜੀਤ ਪਾਲ ਸਿੰਘ)

Wednesday, June 3, 2020

ਗਜ਼ਲ

ਬੜੀ ਮਾੜੀ ਹਕੀਕਤ ਹੈ ਬੜੇ ਹਾਲਾਤ ਮਾੜੇ ਨੇ
ਕਿ ਏਥੇ ਰਾਜ ਕਰਦੇ ਜੋ ਬੜੇ ਕੰਮਜਾਤ ਮਾੜੇ ਨੇ
 
ਹਕੂਮਤ ਹੋ ਗਈ ਹੈ ਜ਼ਾਲਮਾਨਾ ਇਸ ਤਰ੍ਹਾਂ ਏਥੇ
ਕਿ ਮੇਰੇ ਦੇਸ਼ ਅੰਦਰ ਵੇਖ ਲਓ ਦਿਨ ਰਾਤ ਮਾੜੇ ਨੇ
 
ਹੈ ਬੰਦੇ ਨੂੰ ਭਿਖਾਰੀ ਜਿਸ ਤਰ੍ਹਾਂ ਉਹਨਾਂ ਬਣਾ ਦਿੱਤਾ
ਆਟਾ ਦਾਲ ਵਰਗੇ ਜੋ ਮਿਲੇ ਖ਼ੈਰਾਤ ਮਾੜੇ ਨੇ
 
ਜਰਾ ਪੁੱਛੋ ਕਿਸਾਨਾਂ ਨੂੰ ਕਿ ਓਦੋਂ ਬੀਤਦੀ ਕਿੱਦਾਂ
ਕਿ ਸੋਕਾ ਵੀ ਬੜਾ ਮਾੜਾ ਗੜੇ ਬਰਸਾਤ ਮਾੜੇ ਨੇ
 
ਹਮੇਸ਼ਾ ਆਪਣਾ ਹੀ ਫਾਇਦਾ ਹੈ ਸੋਚਦਾ ਲੋਭੀ
ਕਿ ਰੱਖਣੇ ਇਸ ਤਰ੍ਹਾਂ ਦੇ ਹਰ ਸਮੇਂ ਜਜ਼ਬਾਤ ਮਾੜੇ ਨੇ
(ਬਲਜੀਤ ਪਾਲ ਸਿੰਘ)