Friday, September 27, 2019

ਗ਼ਜ਼ਲ


ਮੌਸਮ ਦੀਆਂ ਅਦਾਵਾਂ ਕੋਲੋਂ ਡਰ ਲੱਗਦਾ ਹੈ
ਸੁੰਨ ਮਸੁੰਨੀਆਂ ਥਾਵਾਂ ਕੋਲੋਂ ਡਰ ਲੱਗਦਾ ਹੈ

ਬੰਦੇ ਵਾਂਗੂੰ ਨਫਰਤ ਕਰਨੀ  ਸਿੱਖੇ ਪੰਛੀ
ਘੁੱਗੀਆਂ ਨੂੰ ਹੁਣ ਕਾਵਾਂ ਕੋਲੋਂ ਡਰ ਲੱਗਦਾ ਹੈ

ਜੰਗਲ ਬੇਲੇ ਘੁੰਮ ਆਏ ਹਾਂ ਸਹਿਜ ਸੁਭਾਅ ਹੀ
ਪਰ ਸੜਕਾਂ ਤੇ ਗਾਵਾਂ ਕੋਲੋਂ ਡਰ ਲਗਦਾ ਹੈ

ਫੈਲੀ ਹੋਈ ਹੈ ਅਗਨੀ ਚੌਗਿਰਦੇ ਅੰਦਰ
ਤੱਤੀਆਂ ਤੇਜ਼ ਹਵਾਵਾਂ ਕੋਲੋਂ ਡਰ ਲੱਗਦਾ ਹੈ

ਵੇਹੜੇ ਦੇ ਵਿਚ ਹਾਸੇ ਖੇੜੇ ਚੰਗੇ ਲੱਗਣ
ਚੁੱਲੇ ਉੱਗੇ ਘਾਵਾਂ ਕੋਲੋਂ ਡਰ ਲੱਗਦਾ ਹੈ

ਸਾਵਨ ਰੁੱਤੇ ਕਣੀਆਂ ਮਨ ਨੂੰ ਭਾਉਦੀਆਂ ਨੇ
ਅੱਸੂ ਵਿਚ ਘਟਾਵਾਂ ਕੋਲੋਂ ਡਰ ਲੱਗਦਾ ਹੈ

ਨੀਵੇਂ ਹੋ ਕੇ ਚੱਲਣ ਵਿਚ ਗਨੀਮਤ ਸਮਝੋ
ਵੱਡੇ ਵੱਡੇ ਨਾਵਾਂ ਕੋਲੋਂ ਡਰ ਲੱਗਦਾ ਹੈ

ਰੱਬ ਹੀ ਜਾਣੇ ਕਿੱਦਾਂ ਦੀ ਇਹ ਰੁੱਤ ਸਰਾਪੀ
ਧੁੱਪਾਂ ਨਾਲੋਂ ਛਾਵਾਂ ਕੋਲੋਂ ਡਰ ਲੱਗਦਾ ਹੈ

ਔਖੇ ਸਮੇਂ ਸਲੀਬਾਂ ਤੋ ਵੀ ਖੌਫ ਨਾ ਆਇਆ
ਪਰ ਹੁਣ ਆਪਣੇ ਚਾਵਾਂ ਕੋਲੋਂ ਡਰ ਲੱਗਦਾ ਹੈ
(ਬਲਜੀਤ ਪਾਲ ਸਿੰਘ)

Tuesday, September 24, 2019

ਗ਼ਜ਼ਲ


ਜੇਕਰ ਮੈਨੂੰ ਸਾਜ਼ ਵਜਾਉਣਾ ਆਉਂਦਾ ਹੁੰਦਾ
ਮੈਂ ਵੀ ਤਾਂ ਫਿਰ ਮਹਿਫਲ ਅੰਦਰ ਗਾਉਂਦਾ ਹੁੰਦਾ

ਆਪਣੀ ਗੁੱਡੀ ਫਿਰ ਅਸਮਾਨੀ ਚੜ੍ਹ ਜਾਣੀ ਸੀ
ਵਾਂਗ ਨਚਾਰਾਂ  ਜੇ ਮੈਂ ਬਾਘੀਆਂ ਪਾਉਂਦਾ ਹੁੰਦਾ

ਨੇਤਾ ਬਣ ਜਾਣਾ ਸੀ ਮੈਂ ਵੀ ਸੱਚੀਮੁਚੀ
ਲੋਕਾਂ ਨੂੰ ਜੇ ਆਪਸ ਵਿਚ ਲੜਾਉਂਦਾ ਹੁੰਦਾ

ਮੈਨੂੰ ਵੀ ਮਿਲ ਜਾਣੀ ਸੀ ਦਰਬਾਰੇ ਕੁਰਸੀ 
ਤਲਵੇ ਚੱਟਦਾ ਜਾਂ ਫਿਰ ਪੂਛ ਹਿਲਾਉਂਦਾ ਹੁੰਦਾ

ਥਾਣੇ ਅਤੇ ਕਚਹਿਰੀ ਵਿਚ ਵੀ ਚੌਧਰ ਹੁੰਦੀ
ਨਾਲ ਅਫਸਰਾਂ ਮਿਲ ਸੌਦੇ ਕਰਵਾਉਂਦਾ ਹੁੰਦਾ

ਜੇ ਨਾ ਫੜਿਆ ਹੁੰਦਾ ਮਾਨਵਤਾ ਦਾ ਦਾਮਨ
ਮੈਂ ਵੀ ਬੈਠਾ ਕੱਖੋਂ ਲੱਖ ਬਣਾਉਂਦਾ ਹੁੰਦਾ
(ਬਲਜੀਤ ਪਾਲ ਸਿੰਘ)

Saturday, September 21, 2019

ਗ਼ਜ਼ਲ



ਸੋਲਾਂ ਆਨੇ ਸੱਚ ਕਦੇ ਵੀ ਕਹਿ ਨਹੀਂ ਹੋਣਾ 
ਥੋਡੇ ਤੋਂ ਨਿਰਪੱਖ ਹਮੇਸ਼ਾ ਰਹਿ ਨਹੀਂ ਹੋਣਾ

ਲੋਕਾਂ ਨੂੰ ਭਰਮਾ  ਕੁਰਸੀ ਹਾਸਿਲ ਕਰਦੇ ਓ
ਲੋਕਾਂ ਦੇ ਫਿਰ ਨਾਲ ਬਰਾਬਰ  ਬਹਿ ਨਹੀਂ ਹੋਣਾ

ਥੋੜੀ ਜਨਤਾ ਨੂੰ ਹੀ ਧੋਖਾ ਦੇ ਸਕਦੇ ਹੋ
ਸਾਰੀ ਜਨਤਾ ਤੋਂ ਜ਼ੁਲਮ ਇਹ ਸਹਿ ਨਹੀਂ ਹੋਣਾ

ਮੌਸਮ ਕੰਡਿਆਂ ਵਾਲਾ ਅਸੀਂ ਹੰਢਾ ਲੈਣਾ ਹੈ
ਨਾਲ ਕਰੀਰਾਂ ਪਰ ਤੁਸਾਂ ਤੋਂ ਖਹਿ ਨਹੀਂ ਹੋਣਾ

ਅਸੀਂ ਸਮੁੰਦਰ ਬਣਕੇ ਵੀ ਉਡੀਕ ਲਵਾਂਗੇ
ਐਪਰ ਬਣਕੇ ਨਦੀ ਤੁਹਾਥੋਂ ਵਹਿ ਨਹੀਂ ਹੋਣਾ

ਰਾਹਾਂ ਉੱਤੇ ਨਾਲ ਤੁਰਾਂਗੇ ਸਾਥ ਨਿਭਾ ਕੇ 
ਲੇਕਿਨ ਝਰਨਾ ਬਣ ਪ੍ਰਬਤੋਂ ਲਹਿ ਨਹੀਂ ਹੋਣਾ
(ਬਲਜੀਤ ਪਾਲ ਸਿੰਘ)





ਗ਼ਜ਼ਲ


ਲਿਖਣ ਵਾਲਿਓ ਕਹਿਣ ਵਾਲਿਓ ਲਿਖ ਲਿਖ ਕੇ ਵੀ ਥੱਕ ਗਏ ਹਾਂ
ਲਿਖ ਲਿਖ ਵੀ ਕੁਝ ਨਹੀਂ ਬਦਲਿਆ ਕਹਿ ਕਹਿ ਕੇ ਵੀ ਅੱਕ ਗਏ ਹਾਂ

ਪਤਾ ਕਰੋ ਕਿਸ ਰਾਹ ਤੇ ਸਾਥੋਂ ਵੱਡੀ ਗਲਤੀ ਹੋਈ ਹੈ
ਕੀ ਲੱਭਣਾ ਸੀ ਕੀ ਲੱਭਿਆ ਹੈ ਕਿੱਥੋਂ ਕਿੱਥੇ ਤੱਕ ਗਏ ਹਾਂ

ਜਦੋਂ ਤੁਰੇ ਤਾਂ ਇੰਜ ਲੱਗਿਆ ਸੀ ਸੌਖੇ ਮੰਜਿਲ ਪਾ ਜਾਵਾਂਗੇ
ਕਿਤੇ ਨਹੀਂ ਪਹੁੰਚੇ ਹੁਣ ਲੱਗਦਾ ਹੈ ਐਵੇਂ ਧੂੜਾਂ ਫੱਕ ਗਏ ਹਾਂ

ਧਰਤੀ ਉੱਤੇ ਕੁਝ ਨਹੀੰ ਛੱਡਿਆ ਜੋ ਗੰਧਲਾ ਨਾ ਕੀਤਾ ਹੋਵੇ
ਆਉਣ ਵਾਲੀਆਂ ਨਸਲਾਂ ਤਾਈਂ ਵੱਲ ਹਨੇਰੇ ਧੱਕ ਗਏ ਹਾਂ

ਵਧਦੀ ਗਈ ਕਹਾਣੀ ਤਾਂ ਹੀ ਜਾਬਰ ਦੇ ਜ਼ੁਲਮ ਦੀ ਏਥੇ
ਬਾਗੀ ਸੁਰ ਨੂੰ ਆਪਾਂ ਆਪਣੇ ਸੀਨੇ ਅੰਦਰ ਡੱਕ ਗਏ ਹਾਂ

ਪੱਕੇ ਢੀਠ ਹਾਂ ਅਸੀਂ ਗੁਲਾਮੀ ਜਰ ਲੈਂਦੇ ਹਾਂ ਜਦੋਂ ਮਿਲੀ ਹੈ
ਤਾਂ ਹੀ ਤਾਂ ਬਣ ਬਣ ਕੇ ਗੋਲੇ ਬੇਸ਼ਰਮੀ ਨਾਲ ਪੱਕ ਗਏ ਹਾਂ
(ਬਲਜੀਤ ਪਾਲ ਸਿੰਘ)

.

Saturday, September 14, 2019

ਗ਼ਜ਼ਲ



ਕਿਹੜੇ ਪਾਸੇ ਮੂੰਹ ਕਰ ਜਾਈਏ ਸੋਚ ਰਹੇ ਹਾਂ

ਵਸੀਅਤ ਕਿਹੜੀ ਥਾਂ ਧਰ ਜਾਈਏ ਸੋਚ ਰਹੇ ਹਾਂ

ਜਿਹੜੀਆਂ ਥਾਵਾਂ ਖਾਲੀ  ਪੁਰਖੇ ਕਰ ਗਏ ਨੇ

ਉਹਨਾਂ ਥਾਵਾਂ ਨੂੰ ਭਰ ਜਾਈਏ ਸੋਚ ਰਹੇ ਹਾਂ

ਬਹੁਤੇ ਲੋਕੀਂ ਏਥੋਂ ਹੋ ਗਏ ਨੇ ਪ੍ਰਵਾਸੀ

ਆਪਾਂ ਵੀ ਛੱਡ ਇਹ ਘਰ ਜਾਈਏ ਸੋਚ ਰਹੇ ਹਾਂ 

ਸ਼ਿਕਵੇ, ਰੋਸੇ ਸਾਰੇ ਔਗੁਣ ਵੀ ਕਰਕੇ ਅਣਗੌਲੇ

ਮਿਹਣੇ ਤਾਅਨੇ ਸਭ ਜਰ ਜਾਈਏ ਸੋਚ ਰਹੇ ਹਾਂ

ਲੱਗਾ ਭਖਣ ਵਿਚਾਰਾਂ ਵਾਲਾ ਮਸਾਂ ਹੀ ਦੰਗਲ

ਅੱਧਵਾਟੇ ਹੀ ਨਾ ਠਰ ਜਾਈਏ ਸੋਚ ਰਹੇ ਹਾਂ

ਜਦ ਲੋਕਾਂ ਲਈ ਕਰਨ ਮਰਨ ਦਾ ਮੌਕਾ ਆਵੇ

ਕੁਰਬਾਨੀ ਤੋਂ ਨਾ ਡਰ ਜਾਈਏ ਸੋਚ ਰਹੇ ਹਾਂ

ਮੁਨਸਿਫ ਕੋਲੋਂ ਵੀ ਇਨਸਾਫ ਨਾ ਮਿਲਦਾ ਹੋਵੇ

ਫਿਰ ਦੱਸੋ ਕਿਸ ਦੇ ਦਰ ਜਾਈਏ ਸੋਚ ਰਹੇ ਹਾਂ

ਇਹਦੇ ਨਾਲੋਂ ਬੁਰਾ ਨਿਜਾਮ ਨਹੀ ਤੱਕਿਆ ਕੋਈ

ਚੱਲ ਇਹਦੇ ਨਾਲ ਲੜ ਮਰ ਜਾਈਏ ਸੋਚ ਰਹੇ ਹਾਂ
(ਬਲਜੀਤ ਪਾਲ ਸਿੰਘ)

Wednesday, September 11, 2019

ਗ਼ਜ਼ਲ


ਦੇਸ਼ ਨੂੰ ਅੱਜ ਇਸ ਤਰਾਂ ਦੇ ਰਹਿਬਰਾਂ ਦੀ ਲੋੜ ਹੈ
ਜੋ ਸੰਵਾਰਨ ਵਿਗੜੀਆਂ ਉਹ ਲੀਡਰਾਂ ਦੀ ਲੋੜ ਹੈ

ਹੋ ਰਹੀ ਹੈ ਕਤਲ ਅੱਜ ਕੱਲ ਜਿਸ ਤਰ੍ਹਾਂ ਇਨਸਾਨੀਅਤ
ਹਰ ਜਗ੍ਹਾ ਕੁਰਬਾਨੀਆਂ ਵਾਲੇ ਸਿਰਾਂ ਦੀ ਲੋੜ ਹੈ

ਫੇਰ ਤੋਂ ਕੁੱਖਾਂ 'ਚੋਂ ਪੈਦਾ ਹੋਣ ਯੋਧੇ ਸੂਰਬੀਰ
ਮੋਕਲੇ ਜਹੇ ਵਿਹੜਿਆਂ ਵਾਲੇ ਘਰਾਂ ਦੀ ਲੋੜ ਹੈ

ਦੌਰ ਕਾਲਾ ਖਾ ਗਿਆ ਅਣਗਿਣਤ ਹੀ ਜਵਾਨੀਆਂ
ਗੈਰਤ ਬਚਾਉਣੀ ਜੇ ਤਾਂ ਫਿਰ ਹੁਣ ਚੋਬਰਾਂ ਦੀ ਲੋੜ ਹੈ

ਭੇੜ ਕੇ ਬੂਹੇ ਜੋ ਲੋਕੀਂ ਕਮਰਿਆਂ ਵਿਚ ਕੈਦ ਨੇ
ਆਖੋ ਉਹਨਾਂ ਨੂੰ ਕਿ ਅੱਜ ਖੁੱਲ੍ਹੇ ਦਰਾਂ ਦੀ ਲੋੜ ਹੈ

ਜੀ ਰਹੇ ਹਾਂ ਇਸ ਤਰ੍ਹਾਂ ਪੰਛੀ ਜਿਵੇਂ ਵਿਚ ਪਿੰਜਰੇ
ਜੇ ਆਜਾਦੀ ਮਾਣਨੀ ਖੁੱਲਿਆਂ ਪਰਾਂ ਦੀ ਲੋੜ ਹੈ
(ਬਲਜੀਤ ਪਾਲ ਸਿੰਘ)