Tuesday, April 28, 2026

ਗ਼ਜ਼ਲ

ਜਣਾ ਖਣਾ ਹੀ ਮੱਤਾਂ ਦਿੰਦਾ ਰਹਿੰਦਾ ਹੈ।

ਸੁਣਦਾ ਥੋੜਾ ਲੇਕਿਨ ਬਹੁਤਾ ਕਹਿੰਦਾ ਹੈ।

ਕਦੇ ਕਦਾਈਂ ਛੱਡਕੇ ਚੰਗੀ ਸੰਗਤ ਨੂੰ,

ਬੰਦਾ ਫੇਰ ਕਸੂਤੀ ਥਾਵੇਂ  ਬਹਿੰਦਾ ਹੈ।

ਛੱਡਣਾ ਸਾਰੇ ਝਾਮ ਝਮੇਲੇ ਹੈ ਚੰਗਾ,

ਹਰ ਕੋਈ ਭਾਵੇਂ ਝੱਖੜ ਝੋਲੇ  ਸਹਿੰਦਾ ਹੈ।

ਤੱਤੀਆਂ ਪੌਣਾਂ ਜਦੋਂ ਕਦੇ ਵੀ ਝੂਮਦੀਆਂ,

ਏਹੋ ਸੂਰਜ ਫੇਰ ਵੀ ਚੜ੍ਹਦਾ ਲਹਿੰਦਾ ਹੈ।

ਚੌਧਰੀਆਂ ਦੀ ਜੋ ਨਹੀਂ ਪ੍ਰਵਾਹ ਕਰਦਾ, 

ਆਖਰ ਆਪਣਿਆਂ ਦੇ ਕੋਲੋਂ ਢਹਿੰਦਾ ਹੈ।

ਕਦੀ ਨਾ ਖਾਲੀ ਹੋਵੇ ਸਾਡਾ ਇਹ ਮਸਤਕ,

ਸੋਚਾਂ ਅੰਦਰ ਦਰਿਆ ਅਕਸਰ ਵਹਿੰਦਾ ਹੈ।

ਓਹੀ ਜੇਤੂ  ਹੁੰਦਾ ਹੈ ਦੁਨੀਆ ਅੰਦਰ ,

ਜੋ ਹਰ ਵੇਲੇ ਨਾਲ ਖਤਰਿਆਂ ਖਹਿੰਦਾ ਹੈ।

(ਬਲਜੀਤ ਪਾਲ ਸਿੰਘ)

Saturday, March 14, 2026

ਗ਼ਜ਼ਲ

ਜਦ ਵੀ ਬਾਗਾਂ ਅੰਦਰ ਬਹਾਰ ਆਏਗੀ।

ਟਹਿਣੀ ਟਹਿਣੀ ਉੱਤੇ ਫੁਟਾਰ ਆਏਗੀ।


ਵਲਵਲੇ ਸੂਖਮ ਜਹੇ ਜਦ ਆਉਣਗੇ ,

ਰੁੱਤ  ਵੀ ਮੂੰਹ ਮੱਥਾ ਸਵਾਰ ਆਏਗੀ।


ਫਿਜ਼ਾ ਵਿੱਚ ਮਹਿਕ ਬਿਖਰ ਜਾਏਗੀ ਓਦੋਂ,

ਮੁਹੱਬਤ ਫਿਰ ਜਦੋਂ ਜ਼ੁਲਫ਼ਾਂ ਸੁਆਰ ਆਏਗੀ।


ਬੜੀ ਖਾਮੋਸ਼ ਹੋਈ ਗੁਫਤੁਗੁ ਇਹਨੀਂ ਦਿਨੀਂ,

ਲੱਗਦਾ ਹੈ ਕਿ ਤਬੀਅਤ ਬਿਮਾਰ ਆਏਗੀ।


ਅਸੀਂ ਬੇਚੈਨ ਬੈਠੇ ਹਾਂ ਤੇ ਏਹੋ ਇਲਤਜਾ ਹੈ,

ਕਿ ਉਸਦੀ ਆਰਜ਼ੂ ਲੈ ਕੇ ਕਰਾਰ ਆਏਗੀ।

(ਬਲਜੀਤ ਪਾਲ ਸਿੰਘ)

Saturday, February 28, 2026

ਗ਼ਜ਼ਲ

ਜ਼ਮਾਨਾ ਜਿਸ ਤਰ੍ਹਾਂ ਦਾ ਆ ਗਿਆ ਹੈ, ਜਾਣਦੇ ਹਾਂ।

ਕਿ ਬੱਦਲ ਬੇਰੁਖੀ ਦਾ ਛਾਅ ਗਿਆ ਹੈ, ਜਾਣਦੇ ਹਾਂ।

ਮਖੌਟੇ ਲਾਹ ਦਿਓ ਭੀੜਾਂ ਚੋਂ ਨਿਕਲੋ ‌ਬਾਹਰ ਆਓ,

ਇਹ ਚਿਹਰਾ ਕਾਸਤੋਂ ਮੁਰਝਾ ਗਿਆ ਹੈ, ਜਾਣਦੇ ਹਾਂ।

ਇਹ ਕੁਦਰਤ ਨੇ ਸਜਾਇਆ ਸਾਰਿਆਂ ਲਈ ਗੁਲਿਸਤਾਂ ਜੋ,

ਉਹ ਖੁਸ਼ ਹੈ ਭੇਦ ਜਿਹੜਾ ਪਾ ਗਿਆ ਹੈ, ਜਾਣਦੇ ਹਾਂ।

ਬੜੀ ਹੀ ਠੇਸ ਪਹੁੰਚੀ ਹੈ ਵਤੀਰਾ ਦੇਖ ਕੇ ਉਸਦਾ,

ਜੋ ਅਪਣਾ ਸੀ ਉਹ ਤੋਹਮਤ ਲਾ ਗਿਆ ਹੈ, ਜਾਣਦੇ ਹਾਂ।

ਹਟੀ ਜੇ ਸਾਵਧਾਨੀ ਤਾਂ ਇਹ ਹੋਇਆ ਹਾਦਸਾ ਹੈ,

ਨਹੀਂ ਜੋ ਸਮਝਦਾ ਉਹ ਧੋਖਾ ਖਾ ਗਿਆ ਹੈ, ਜਾਣਦੇ ਹਾਂ।

ਅਜੇ ਵੀ ਜ਼ਖ਼ਮ ਨੇ ਅੱਲੇ ਬਥੇਰਾ ਦਰਦ ਦਿੰਦੇ ਨੇ,

ਵਕਤ ਵੀ ਸਿਤਮ ਐਨਾ ਢਾਅ ਗਿਆ ਹੈ, ਜਾਣਦੇ ਹਾਂ।

(ਬਲਜੀਤ ਪਾਲ ਸਿੰਘ)

Monday, January 19, 2026

ਗ਼ਜ਼ਲ

ਇਹ ਨਹੀਂ ਕਿ ਦਿਲ ਕਿਸੇ ਤੇ ਵੀ ਕਦੇ ਆਇਆ ਨਹੀਂ।

ਰੋਸ ਏਨਾ ਹੈ ਕਿ ਇਸਦਾ ਮੁੱਲ ਕਿਸੇ ਪਾਇਆ ਨਹੀਂ।


ਹਰ ਕਿਸੇ ਬੰਦੇ ਦੇ ਸਿਰ ਤੇ ਚਿੰਤਾਵਾਂ ਤੇ ਡਰ ਬੜੇ,

ਮੋਹ ਮੁਹੱਬਤ ਦਾ ਕੋਈ ਨਗਮਾ ਕਿਸੇ ਗਾਇਆ ਨਹੀਂ।


ਵੱਡੇ ਵੱਡੇ ਲੋਕ ਕਿੰਨੇ ਮਾਰਦੇ ਹਨ ਦਮਗਜੇ,

ਦੀਨ ਦੁਖੀਆਂ ਨੂੰ ਕਦੇ ਸੀਨੇ ਕਿਸੇ ਲਾਇਆ ਨਹੀਂ।


ਬਹੁਤੇ ਭਾਰੇ ਦੁੱਖ ਹੁੰਦੇ ਵਿਧਵਾ ਅਤੇ ਯਤੀਮ ਦੇ ,

ਜੀਣਾ ਔਖਾ ਹੋ ਗਿਆ ਜੇ ਸਿਰ ਉੱਤੇ ਸਾਇਆ ਨਹੀਂ।


ਸਬਰ ਤੇ ਸੰਤੋਖ ਵਾਲੀ ਜ਼ਿੰਦਗੀ ਤੇ ਹੈ ਫਖ਼ਰ,

ਇਹ ਗ਼ਨੀਮਤ ਹੈ ਪਰਾਇਆ ਹੱਕ ਮੈਂ ਖਾਇਆ ਨਹੀਂ।


ਝੱਲਿਆ ਨਾ ਰੋਅਬ ਖੱਬੀ ਖਾਨ ਦਾ ਫਿਤਰਤ ਰਹੀ,

ਪਰ ਕਿਸੇ ਮਜ਼ਲੂਮ ਤੇ ਮੈਂ ਜ਼ੁਲਮ ਵੀ ਢਾਇਆ ਨਹੀਂ।


(ਬਲਜੀਤ ਪਾਲ ਸਿੰਘ)

Thursday, January 15, 2026

ਗ਼ਜ਼ਲ

ਚੱਲੋ ਤੁਰੀਏ ਏਸ ਤਰ੍ਹਾਂ ਕਿ ਰਾਹ ਨਾ ਮੁੱਕੇ। 

ਤੁਰਦੇ ਰਹੀਏ ਕਿ ਸਫਰਾਂ ਦੀ ਚਾਹ ਨਾ ਮੁੱਕੇ। 

   

ਲੰਘੇ ਜਾਂਦੇ ਖੇਤ, ਪਿੰਡ ਤੇ ਸ਼ਹਿਰ ਬਥੇਰੇ,

ਲੰਮ ਲੰਮੇਰੀ ਏਸ ਡਗਰ ਦਾ ਥਾਹ ਨਾ ਮੁੱਕੇ।

   

ਕੋਈ ਗੀਤ ਲਿਖਾਂਗੇ ਜੇਕਰ ਥੱਕ ਬੈਠੇ ਤਾਂ, 

ਗਾਉਂਦੇ ਰਹੀਏ ਜਦੋਂ ਤੀਕਰਾਂ ਸਾਹ ਨਾ ਮੁੱਕੇ। 

   

ਫੁੱਲ ਕਲੀਆਂ ਨੇ ਸਾਡਾ ਸਦਾ ਸੁਆਗਤ ਕਰਨਾ,

ਕੁਦਰਤ ਕਦਮਾਂ ਹੇਠ ਵਿਛਾਇਆ ਘਾਹ ਨਾ ਮੁੱਕੇ।


ਐਸਾ ਸ਼ਿਅਰ ਸੁਣਾਓ ਕੋਈ ਦਿਲ ਨੂੰ ਮੋਹ ਜਾਵੇ ਜੋ,

ਕਿੰਨੀ ਦੇਰ ਹੀ ਲੋਕਾਂ ਦੀ ਫਿਰ ਵਾਹ ਵਾਹ ਨਾ ਮੁੱਕੇ ।

   

ਤੁਰਨਾ ਵਗਣਾ ਉਡਣਾ ਹੀ ਤਾਂ ਇਹ ਜੀਵਨ ਹੈ,

ਕੋਨਾ ਕੋਨਾ ਦੁਨੀਆ ਦਾ ਦਿਲ ਗਾਹ ਨਾ ਮੁੱਕੇ।

(ਬਲਜੀਤ ਪਾਲ ਸਿੰਘ)

Thursday, January 1, 2026

ਗ਼ਜ਼ਲ

ਕਹਿੰਦੇ ਹਨ ਹਮੇਸ਼ਾ ਕੁਦਰਤ ਹਰ ਇੱਕ ਦੇ ਹੀ ਵੱਲ ਨਾ ਹੁੰਦੀ।

'ਖਾੜੇ ਦੇ ਭਲਵਾਨ ਬਦਲਦੇ ਸਦਾ ਕਿਸੇ ਦੀ ਭੱਲ ਨਾ ਹੁੰਦੀ।


ਮੌਕੇ ਦੇ ਹਾਕਮ ਨੇ ਭਾਵੇਂ ਨੀਤੀ ਵਿੱਚ ਹਥਿਆਰ ਲਿਆਂਦੇ,

ਜਦ ਵੀ ਕਿਤੇ ਕ੍ਰਾਂਤੀ ਆਵੇ ਲੋਕ ਹਨੇਰੀ ਠੱਲ ਨਾ ਹੁੰਦੀ।


ਗੁੰਡੇ ਤੇ ਬਦਮਾਸ਼ਾਂ ਨੇ ਹੁਣ ਸੜਕਾਂ ਦਾ ਹਰ ਮੋੜ ਹੈ ਮੱਲਿਆ,

ਸਾਊ ਅਤੇ ਸ਼ਰੀਫਾਂ ਕੋਲੋਂ ਆਪਣੀ ਦੇਹਲੀ ਮੱਲ ਨਾ ਹੁੰਦੀ।


ਜੀਵਨ ਦੀ ਪਗਡੰਡੀ ਉੱਤੇ ਏਨਾ ਅੱਗੇ ਪਹੁੰਚ ਗਏ ਹਾਂ, 

ਠੋਡੀ ਉੱਤੇ ਕਾਲੇ ਤਿਲ ਦੀ ਹੁਣ ਕੋਈ ਵੀ ਗੱਲ ਨਾ ਹੁੰਦੀ।


ਰੋਜ ਦਿਹਾੜੇ ਜਿਹੜੇ ਹੁੰਦੇ ਹਾਦਸਿਆਂ ਕੋਲੋਂ ਹਾਂ ਡਰਦੇ , 

ਖੂਨ ਖ਼ਰਾਬੇ ਵਾਲੀ ਘਟਨਾ ਸੀਨੇ ਉੱਤੇ ਝੱਲ ਨਾ ਹੁੰਦੀ।


ਢੌਂਗੀ ਬਾਬੇ ਸਾਧਾਂ ਦੇ ਜੇ ਪੈਰਾਂ ਵਿੱਚ ਮੱਥੇ ਟੇਕੋਗੇ,

ਏਸ ਤਰ੍ਹਾਂ ਤਾਂ ਕੋਈ ਇੱਛਾ ਪੂਰੀ ਅੱਜ ਤੇ ਕੱਲ ਨਾ ਹੁੰਦੀ।


ਚੰਗੇ ਚੰਗੇ ਮਹਿਕਮਿਆਂ ਵਿੱਚ ਚੰਗੇ ਵੀ ਅਧਿਕਾਰੀ ਬੈਠੇ ,

ਫਿਰ ਵੀ ਕਾਹਤੋਂ ਹਰ ਬੰਦੇ ਦੀ ਮੁਸ਼ਕਲ ਕੋਈ ਹੱਲ ਨਾ ਹੁੰਦੀ।

(ਬਲਜੀਤ ਪਾਲ ਸਿੰਘ)