ਜਣਾ ਖਣਾ ਹੀ ਮੱਤਾਂ ਦਿੰਦਾ ਰਹਿੰਦਾ ਹੈ।
ਸੁਣਦਾ ਥੋੜਾ ਲੇਕਿਨ ਬਹੁਤਾ ਕਹਿੰਦਾ ਹੈ।
ਕਦੇ ਕਦਾਈਂ ਛੱਡਕੇ ਚੰਗੀ ਸੰਗਤ ਨੂੰ,
ਬੰਦਾ ਫੇਰ ਕਸੂਤੀ ਥਾਵੇਂ ਬਹਿੰਦਾ ਹੈ।
ਛੱਡਣਾ ਸਾਰੇ ਝਾਮ ਝਮੇਲੇ ਹੈ ਚੰਗਾ,
ਹਰ ਕੋਈ ਭਾਵੇਂ ਝੱਖੜ ਝੋਲੇ ਸਹਿੰਦਾ ਹੈ।
ਤੱਤੀਆਂ ਪੌਣਾਂ ਜਦੋਂ ਕਦੇ ਵੀ ਝੂਮਦੀਆਂ,
ਏਹੋ ਸੂਰਜ ਫੇਰ ਵੀ ਚੜ੍ਹਦਾ ਲਹਿੰਦਾ ਹੈ।
ਚੌਧਰੀਆਂ ਦੀ ਜੋ ਨਹੀਂ ਪ੍ਰਵਾਹ ਕਰਦਾ,
ਆਖਰ ਆਪਣਿਆਂ ਦੇ ਕੋਲੋਂ ਢਹਿੰਦਾ ਹੈ।
ਕਦੀ ਨਾ ਖਾਲੀ ਹੋਵੇ ਸਾਡਾ ਇਹ ਮਸਤਕ,
ਸੋਚਾਂ ਅੰਦਰ ਦਰਿਆ ਅਕਸਰ ਵਹਿੰਦਾ ਹੈ।
ਓਹੀ ਜੇਤੂ ਹੁੰਦਾ ਹੈ ਦੁਨੀਆ ਅੰਦਰ ,
ਜੋ ਹਰ ਵੇਲੇ ਨਾਲ ਖਤਰਿਆਂ ਖਹਿੰਦਾ ਹੈ।
(ਬਲਜੀਤ ਪਾਲ ਸਿੰਘ)
No comments:
Post a Comment