Saturday, May 4, 2024

ਗ਼ਜ਼ਲ

ਕਿੱਧਰ ਗਈਆਂ ਵੰਗਾਂ ਤੇ ਉਹ ਵਣਜਾਰੇ ਕਿੱਧਰ ਗਏ ?

ਅੱਧ ਅਧੂਰੇ ਰੀਝਾਂ ਸੱਧਰਾਂ ਚਾਅ ਕੁਆਰੇ ਕਿੱਧਰ ਗਏ ?


ਬਲਦ ਨਾਗੌਰੀ ਟੱਲੀਆਂ ਘੁੰਗਰੂ ਤੇ ਕਿੱਥੇ ਨੇ ਹਾਲੀ,  

ਟਿੰਡਾਂ ਕਿੱਧਰ ਗਈਆਂ ਖੂਹ ਕਿਆਰੇ ਕਿੱਧਰ ਗਏ ?


ਵੇਖੀ ਜਾਇਓ ਅੱਗੇ ਅੱਗੇ ਕੀ ਕੁਝ ਹੁੰਦਾ ਕਿੱਦਾਂ ਹੁੰਦਾ, 

ਕੱਚੇ ਕੋਠੇ ਕੱਚੀਆਂ ਗਲੀਆਂ ਗਲਿਆਰੇ ਕਿੱਧਰ ਗਏ ?


ਲਾਲ ਪਰਾਂਦੇ ਕੰਘੀ ਸ਼ੀਸ਼ਾ ਤੇ ਸੁਰਖੀ ਵਾਲੀ ਸ਼ੀਸ਼ੀ,

ਹਾਰ ਸ਼ਿੰਗਾਰ ਤੇ ਨਖ਼ਰੇ ਮਟਕ ਹੁਲਾਰੇ ਕਿੱਧਰ ਗਏ ?


ਸਾਰੇ ਚਾਹੁੰਦੇ ਉੱਚਾ ਬੰਗਲਾ ਅਤੇ ਅਟਾਰੀ ਹੋਵੇ ਉੱਚੀ, 

ਕੱਖਾਂ ਕਾਨੇ ਨਾਲ ਬਣੇ ਜੋ ਕੁੱਲੀਆਂ ਢਾਰੇ ਕਿੱਧਰ ਗਏ ?


ਗ਼ਰਜ਼ਾਂ ਮਾਰੇ ਲੋਕ ਮਤਲਬੀ ਚਾਰ ਚੁਫੇਰੇ ਫਿਰਦੇ ਵੇਖੋ, 

ਮੋਹ ਖੋਰੇ ਮਮਤਾ ਪਰਨਾਏ ਲੋਕ ਪਿਆਰੇ ਕਿੱਧਰ ਗਏ ?


ਗੂੜ੍ਹੀ ਨੀਂਦੇ ਬਲਬ ਜਗਾ ਕੇ ਜ਼ੀਰੋ ਦਾ ਅੰਦਰ ਸੌਂਦੇ ਹਾਂ,

ਖਿੱਤੀਆਂ ਤੰਗੜ ਕੌਣ ਦੇਖਦਾ ਚੰਦ ਸਿਤਾਰੇ ਕਿੱਧਰ ਗਏ ?


ਅੰਤਹੀਣ ਸਾਲਾਂ ਤੋਂ ਹੋਈ ਅੰਦਰ ਤੀਕਰ ਪਿਆਸ ਬਥੇਰੀ, 

ਮੇਰੀ ਵਾਰੀ ਝੀਲਾਂ ਨਦੀਆਂ ਸਾਗ਼ਰ ਸਾਰੇ ਕਿੱਧਰ ਗਏ ?

(ਬਲਜੀਤ ਪਾਲ ਸਿੰਘ)



ਗ਼ਜ਼ਲ

ਕਾਲੇ ਸ਼ੀਸ਼ੇ ਗੂੜ੍ਹੇ ਪਰਦੇ ਨਿਰਾ ਭੁਲੇਖਾ ਹੈ, 

ਲੋਕੀਂ ਜਾਪਣ ਬਣਦੇ ਸਰਦੇ ਨਿਰਾ ਭੁਲੇਖਾ ਹੈ।

 

ਚੜ੍ਹ ਕੇ ਆਈ ਘਟਾ ਕਲੂਟੀ ਭਾਵੇਂ ਹੈ ਕੋਈ ,

ਬੱਦਲ ਨਹੀਂ ਛੜਾਕਾ ਕਰਦੇ ਨਿਰਾ ਭੁਲੇਖਾ ਹੈ।


ਸਰਕਾਰਾਂ ਹੀ ਕਰਜ਼ ਲੈਂਦੀਆਂ ਸਾਰੇ ਹੀ ਜਾਣਨ,

ਪਰ ਲੋਕੀਂ ਹਰਜਾਨੇ ਭਰਦੇ ਨਿਰਾ ਭੁਲੇਖਾ ਹੈ।


ਸਭਨਾਂ ਵਿੱਚੋਂ ਮਨਫੀ ਹੋਇਆ ਸੁਹਜ ਦਾ ਮਾਦਾ,

ਗੱਲ ਕੋਈ ਨਾ ਭੋਰਾ ਜਰਦੇ ਨਿਰਾ ਭੁਲੇਖਾ ਹੈ।


ਲੀਡਰ ਦਾ ਪੁੱਤ ਕਦੇ ਨਾ ਹੋਵੇ ਫੌਜ 'ਚ ਭਰਤੀ,

ਸਰਹੱਦਾਂ ਤੇ ਕਦੇ ਨਾ ਮਰਦੇ ਨਿਰਾ ਭੁਲੇਖਾ ਹੈ।

(ਬਲਜੀਤ ਪਾਲ ਸਿੰਘ)