ਲੰਮੇ ਵਰਕਿਆਂ ਵਾਲਾ ਕੰਮ ਮੁਕਾ ਦੇਣਾ ਹੈ।
ਆਪਾਂ ਕੁੱਜੇ ਵਿੱਚ ਸਮੁੰਦਰ ਪਾ ਦੇਣਾ ਹੈ।
ਰੇਤਾ ਸਾਗਰ ਪੌਣਾਂ ਜੰਗਲ ਸਾਰੇ ਛੱਡ ਕੇ,
ਰੋਟੀ ਰੋਜ਼ੀ ਵਾਲਾ ਗੀਤ ਸੁਣਾ ਦੇਣਾ ਹੈ।
ਜੁਗਨੂੰ ਤਾਰੇ ਆਪਣੀ ਥਾਵੇਂ ਚਮਕਣ ਭਾਵੇਂ,
ਚਾਨਣ ਫੈਲੇ ਏਥੇ ਦੀਪ ਜਗਾ ਦੇਣਾ ਹੈ।
ਚੌਗਿਰਦੇ ਪਸਰੀ ਜਿਹੜੀ ਬੁਰਿਆਈ ਉਸਨੂੰ,
ਕੋਸ਼ਿਸ਼ ਕਰਕੇ ਆਖ਼ਰ ਫੇਰ ਹਰਾ ਦੇਣਾ ਹੈ।
ਗ਼ੁਰਬਤ ਵਿੱਚ ਵੀ ਮੰਜ਼ਿਲ ਉੱਤੇ ਪਹੁੰਚ ਸਕਣਗੇ,
ਏਨੇ ਜੋਗਾ ਬਾਲਾਂ ਤਾਈਂ ਬਣਾ ਦੇਣਾ ਹੈ।
ਛੇਤੀ ਛੇਤੀ ਸਸਤੀ ਸ਼ੁਹਰਤ ਜੋ ਭਾਲਣਗੇ,
ਉਹਨਾਂ ਸਭ ਦਾ ਝੁੱਗਾ ਚੌੜ ਕਰਾ ਦੇਣਾ ਹੈ।
ਏਦਾਂ ਲੱਗਦਾ ਵੱਡਿਆਂ ਸਾਂਭੀ ਜੋ ਵਿਰਾਸਤ ,
ਨਵਿਆਂ ਉਸਨੂੰ ਮਿੱਟੀ ਵਿੱਚ ਮਿਲਾ ਦੇਣਾ ਹੈ।
ਐਨੀ ਤੇਜ਼ੀ ਨਾਲ ਵਧੀ ਮਹਿੰਗਾਈ ਇਸਨੇ,
ਠੂਠਾ ਸਭ ਦੇ ਹੱਥਾਂ ਵਿੱਚ ਫੜਾ ਦੇਣਾ ਹੈ।
(ਬਲਜੀਤ ਪਾਲ ਸਿੰਘ)