Saturday, October 24, 2026

ਗ਼ਜ਼ਲ


ਉਸਦੇ ਪਿੰਡ ਦੀਆਂ ਰਾਹਵਾਂ ਭੁੱਲਣਾ ਨਾ ਮੁਮਕਿਨ ਹੈ।

ਪੀਂਘਾਂ  ਪਿੱਪਲ ਛਾਵਾਂ ਭੁੱਲਣਾ ਨਾ ਮੁਮਕਿਨ ਹੈ।


ਯਾਦ ਰਹੇਗਾ ਅੱਲੜ੍ਹ ਉਮਰੇ ਕੁਝ ਨਾਵਲ ਪੜ੍ਹਨਾ,

ਪੜ੍ਹੀਆਂ ਪ੍ਰੇਮ ਕਥਾਵਾਂ ਭੁੱਲਣਾ ਨਾ ਮੁਮਕਿਨ ਹੈ।


ਅੱਖਾਂ ਮੂਹਰੇ ਮੁੜ-ਮੁੜ ਉਸਦਾ ਚਿਹਰਾ ਆਵੇ,

ਦਿਲ ਵਿੱਚ ਉੱਠੀਆਂ ਆਹਾਂ ਭੁੱਲਣਾ ਨਾ ਮੁਮਕਿਨ ਹੈ।


ਸ਼ਾਮ ਢਲੇ ਸੂਰਜ ਨੂੰ ਲਹਿੰਦੇ ਜਦ ਵੀ ਤੱਕਾਂ,

ਉਸਦੇ ਖਤ ਸਿਰਨਾਵਾਂ ਭੁੱਲਣਾ ਨਾ ਮੁਮਕਿਨ ਹੈ।


ਪਹਿਲੇ-ਪਹਿਲੇ ਮੀਂਹ ਵਿੱਚ ਜਦ ਵੀ ਮਿੱਟੀ ਮਹਿਕੇ,

ਕਾਲੀਆਂ ਘੋਰ ਘਟਾਵਾਂ ਭੁੱਲਣਾ ਨਾ ਮੁਮਕਿਨ ਹੈ।


ਕੱਚੇ ਰਸਤੇ ਤੇ ਪਗਡੰਡੀਆਂ ਸੁਪਨੇ ਹੋਈਆਂ,

ਲੰਘੀਆਂ ਮਸਤ ਹਵਾਵਾਂ ਭੁੱਲਣਾ ਨਾ ਮੁਮਕਿਨ ਹੈ।

(ਬਲਜੀਤ ਪਾਲ ਸਿੰਘ)

No comments: