Monday, September 27, 2010

ਗਜ਼ਲ

ਜਦ ਤੋਂ ਤੇਰੀ ਸੰਗਤ ਗਈ
ਮਹਿਫਿਲ ਵਿਚੋਂ ਰੰਗਤ ਗਈ

ਚਾਰੇ ਪਾਸੇ ਬੀਆਬਾਨ
ਖੌਰੇ ਕਿਧਰ ਜੰਨਤ ਗਈ

ਘਸਮੈਲਾ ਚੌਗਿਰਦਾ ਦਿਸੇ
ਰੰਗਾਂ ਦੀ ਹੁਣ ਚਾਹਤ ਗਈ

ਬੁੱਤਾਂ ਵਰਗੇ ਲੋਕ ਮਿਲੇ
ਜਿੰਦਾ ਦਿਲ ਉਹ ਸੂਰਤ ਗਈ

ਥਾਂ ਥਾਂ ਤੇ ਵੰਗਾਰ ਖੜ੍ਹੀ
ਐਪਰ ਕਿਥੇ ਗੈਰਤ ਗਈ

ਬੁਰੇ ਨੂੰ ਸ਼ੁਹਰਤ ਮਿਲੀ
ਸਾਊ ਦੀ ਹੁਣ ਇਜ਼ਤ ਗਈ

ਰਾਜ਼ੀ ਨਹੀਂ ਹੋਇਆ ਖੁਦਾ
ਦੁਆ ਗਈ ਮੰਨਤ ਗਈ

Saturday, September 4, 2010

ਗਜ਼ਲ

ਹੋ ਹੀ ਗਏ ਹਾਂ ਆਖਿਰ ਗ਼ੁਲਾਮ ਸਿਸਟਮ ਦੇ।
ਔਗੁਣ ਜਰ ਲਏ ਅਸੀਂ ਤਮਾਮ ਸਿਸਟਮ ਦੇ।

ਇਸਨੂੰ ਬਦਲ ਦਿਆਂਗੇ ਜਿਹੜੇ ਕਹਿੰਦੇ ਸੀ
ਸੋਹਲੇ ਗਾਉਂਦੇ ਫਿਰਦੇ ਉਹ ਆਮ ਸਿਸਟਮ ਦੇ।

ਉਹ ਤਾਂ ਕਹਿਣ ਤਰੱਕੀ ਕੀਤੀ ਅਸੀਂ ਬੜੀ
ਮੈਨੂੰ ਜਾਪਣ ਪੁਰਜ਼ੇ ਨੇ ਜਾਮ ਸਿਸਟਮ ਦੇ।

ਰੁਲੇ ਜਵਾਨੀ ਸੜਕਾਂ ਤੇ, ਰੁਜ਼ਗਾਰ ਨਹੀਂ
ਸਾਹਵੇਂ ਹੈਨ ਨਤੀਜੇ ਨਾਕਾਮ ਸਿਸਟਮ ਦੇ।

ਕਿੱਦਾਂ ਦਾ ਹੈ ਤੰਤਰ ਸਮਝ ਨਹੀਂ ਪੈਂਦੀ
ਨਵੇਂ ਨਵੇਂ ਹੀ ਹੋ ਗਏ ਨਾਮ ਸਿਸਟਮ ਦੇ।

ਧੁੱਪ,ਧੂੜ, ਧੁੰਦ,ਘੱਟਾ ਅਤੇ ਕਾਲੀ ਸੁਆਹ
ਮੌਸਮ ਕਿੰਨੇ ਤਰਾਂ ਦੇ ਬਦਨਾਮ ਸਿਸਟਮ ਦੇ।

ਨਾਅਰੇ ਬੁਲੰਦ ਕਰਦੇ ਕਦੇ ਜਿਸਦੇ ਖਿਲਾਫ
ਅੱਜ ਬੋਲਣ ਹੱਕ ਵਿਚ ਸ਼ਰੇਆਮ ਸਿਸਟਮ ਦੇ।