Sunday, December 8, 2019

ਗ਼ਜ਼ਲ



ਹੌਲੀ ਹੌਲੀ ਇਸ ਤਰ੍ਹਾਂ ਹਾਲਾਤ ਹੋ ਰਹੇ ਨੇ
ਸ਼ਹਿਰ ਕਸਬੇ ਪਿੰਡ ਸਭ ਖੰਡਰਾਤ ਹੋ ਰਹੇ ਨੇ

ਬਾਂਸੁਰੀ ਖ਼ਾਮੋਸ਼ ਕਿਉਂ ਹੈ, ਕੀ ਵਜ੍ਹਾ ਹੈ ਏਸ ਦੀ,
ਐ ਦਿਲਾ ! ਕਿਉਂ ਬੇ-ਸੁਰੇ ਦਿਨ ਰਾਤ ਹੋ ਰਹੇ ਨੇ

ਛੇੜਨਾ ਸੰਗਰਾਮ ਸੀ ਜਿਨ੍ਹਾਂ ਕ੍ਰਾਂਤੀ ਦੇ ਲਈ
ਵਕਤ ਕੋਲੋਂ ਹਾਰ ਕੇ ਸੁਕਰਾਤ ਹੋ ਰਹੇ ਨੇ

ਜੇਹੜੇ ਲੋਕਾਂ ਹੱਥ ਆਈ ਵਾਗਡੋਰ ਦੇਸ਼ ਦੀ
ਸਭ ਲੁਟੇਰੇ ਠੱਗ ਤੇ ਬਦ-ਜ਼ਾਤ ਹੋ ਰਹੇ ਨੇ

ਹੌਸਲੇ ਦੇ ਸਾਹਮਣੇਂ ਟਿਕਦਾ ਹੈ ਏਥੇ ਕੌਣ ਫਿਰ
ਹੌਲੀ-ਹੌਲੀ ਸ਼ਾਂਤ ਚੱਕਰਵਾਤ ਹੋ ਰਹੇ ਨੇ

'ਨੇਰਿਆਂ ਸਿਰ ਦੋਸ਼ ਮੜ੍ਹਨਾ ਵੀ ਸਦਾ ਵਾਜਿਬ ਨਹੀਂ
ਜੁਰਮ ਏਥੇ ਚਿੱਟੇ ਦਿਨ-ਪ੍ਰਭਾਤ ਹੋ ਰਹੇ ਨੇ
(ਬਲਜੀਤ ਪਾਲ ਸਿੰਘ)










Sunday, December 1, 2019

ਗ਼ਜ਼ਲ


ਮਿੱਤਰ ਕਦ ਬਣ ਜਾਂਦੇ  ਦੁਸ਼ਮਣ ਦੇਰ ਨਾ ਲੱਗੇ
ਕਦੋਂ ਕੁਦਰਤੀ ਕਹਿਰਾਂ ਵਰਤਣ ਦੇਰ ਨਾ ਲੱਗੇ

ਬੇਗਾਨੇ  ਜਦ ਧੋਖਾ ਕਰਦੇ  ਗਿਲਾ ਨਾ ਕੋਈ
ਲੇਕਿਨ ਹੁਣ ਹਮਸਾਏ ਬਦਲਣ ਦੇਰ ਨਾ ਲੱਗੇ

ਜਦੋਂ ਆਉਂਦੀਆਂ ਜੋਬਨ ਉੱਤੇ ਪੱਕੀਆਂ ਫਸਲਾਂ
ਬਰਬਾਦੀ ਦੇ ਬੱਦਲ ਗੜਕਣ ਦੇਰ ਨਾ ਲੱਗੇ

ਅਣਕਿਆਸੀ ਬਿਪਤਾ ਜਦ ਕੋਈ ਆ ਪੈਂਦੀ
ਸਦੀਆਂ ਤੀਕਰ ਰੂਹਾਂ ਭਟਕਣ ਦੇਰ ਨਾ ਲੱਗੇ

ਚਾਨਣ ਕਰਦਾ ਦਿਨ ਵੇਲੇ ਸੂਰਜ ਮਤਵਾਲ
ਰਾਤ ਪਈ ਫਿਰ ਤਾਰੇ ਚਮਕਣ ਦੇਰ ਨਾ ਲੱਗੇ

ਲੋਕਾਂ ਦਾ ਵੀ ਸਹਿਜ ਸੁਭਾਅ ਹੁਣ ਖਤਮ ਹੋ ਗਿਆ
ਬਿਨਾਂ ਗੱਲ ਤੋਂ ਡੌਲੇ ਫਰਕਣ ਦੇਰ ਨਾ ਲੱਗੇ

ਸਰਕਾਰਾਂ ਦੇ ਮਾੜੇ ਕੰਮਾਂ ਨੂੰ ਭੰਡਣ ਜੋ
ਹਾਕਮ ਦੀ ਅੱਖ ਅੰਦਰ ਰੜਕਣ ਦੇਰ ਨਾ ਲੱਗੇ
(ਬਲਜੀਤ ਪਾਲ ਸਿੰਘ)