Saturday, October 29, 2022

ਗ਼ਜ਼ਲ

ਬਥੇਰੇ ਫਲਸਫੇ ਏਥੇ ਤੇ ਨਾਅਰੇ ਨੇ ਬੜੇ ਉੱਚੇ

ਮਜ਼ਹਬ ਵਾਲਿਆਂ ਦੇ ਵੀ ਜੈਕਾਰੇ ਨੇ ਬੜੇ ਉੱਚੇ

 

ਨਦੀ ਖਾਮੋਸ਼ ਵਹਿੰਦੀ ਏਸਦਾ ਨਿਰਮਲ ਬੜਾ ਪਾਣੀ

ਇਦ੍ਹੇ ਵਿੱਚ ਠਿੱਲ ਤਾਂ ਪੈਂਦੇ ਕਿਨਾਰੇ ਨੇ ਬੜੇ ਉੱਚੇ


ਉਨ੍ਹਾਂ ਸੰਗ ਮੇਲ ਹੋਣਾ ਜਾਪਦਾ ਹੁਣ ਤਾਂ ਨਹੀਂ ਸੌਖਾ

ਅਸੀਂ ਨੀਵੀਂ ਜਗ੍ਹਾ ਬੈਠੇ ਪਿਆਰੇ ਨੇ ਬੜੇ ਉੱਚੇ


ਬੜੀ ਹੀ ਦੂਰ ਤੋਂ ਜੋ ਟਿਮਟਿਮਾਉਂਦੇ ਰਾਤ ਨੂੰ ਤੱਕੋ

ਅਸਾਡੀ ਪਹੁੰਚ ਤੋਂ ਅੱਗੇ ਸਿਤਾਰੇ ਨੇ ਬੜੇ ਉੱਚੇ


ਬਰਾਬਰ ਏਸ ਨੂੰ ਕਰਕੇ ਹਮੇਸ਼ਾ ਸਿੰਜਣਾ ਚਾਹੁੰਨਾ

ਮਗਰ ਕੁਝ ਖੇਤ ਮੇਰੇ ਦੇ ਕਿਆਰੇ ਨੇ ਬੜੇ ਉੱਚੇ


ਉਹ ਕਹਿੰਦੇ ਝੂਟ ਕੇ ਜਾਣਾ ਮੈਂ ਉੱਚੀ ਪੀਂਘ ਹੈ ਪਾਈ

ਮਨਾਂ ਵਿੱਚ ਖ਼ੌਫ਼ ਡਾਢਾ ਹੈ ਹੁਲਾਰੇ ਨੇ ਬੜੇ ਉੱਚੇ 


ਬੜਾ ਬੋਝਲ ਬਣਾ ਦਿੱਤਾ ਹੈ ਕੋਮਲ ਰਿਸ਼ਤਿਆਂ ਤਾਈਂ

ਕਦੇ ਵੀ ਸੂਤ ਨਹੀਂ ਆਉਣੇ ਖਲਾਰੇ ਨੇ ਬੜੇ ਉੱਚੇ 

(ਬਲਜੀਤ ਪਾਲ ਸਿੰਘ)

Thursday, October 27, 2022

ਗ਼ਜ਼ਲ


ਹਰ ਵੇਲੇ ਗ਼ਮਗੀਨ ਫ਼ਸਾਨਾ ਢੁਕਦਾ ਨਹੀਂ

ਵਕਤ ਦਾ ਪਹੀਆ ਗਿੜਦਾ ਜਾਵੇ ਰੁਕਦਾ ਨਹੀਂ


ਸਭ ਦਾ ਚੋਗਾ ਵੱਖਰਾ ਖਿੰਡਿਆ ਹੋਇਆ ਹੈ

ਕੋਈ ਕਿਸੇ ਦੇ ਅੱਗੋਂ ਥਾਲੀ ਚੁਕਦਾ ਨਹੀਂ


ਕੁਦਰਤ ਨੇ ਬੰਦੇ ਨੂੰ ਐਨਾ ਕੁਝ ਦਿੱਤਾ

ਸਦੀਆਂ ਤੀਕਰ ਖਾਧੇ ਤੋਂ ਵੀ ਮੁਕਦਾ ਨਹੀਂ


ਬਰਫ਼ ਪਹਾੜਾਂ ਉੱਤੇ ਪੈਂਦੀ ਰਹਿਣੀ ਹੈ

ਅਤੇ ਸਾਗਰਾਂ ਵਿੱਚੋਂ ਪਾਣੀ ਸੁਕਦਾ ਨਹੀਂ


ਕਰਨੀ ਪੈਂਦੀ ਹੈ ਖੁਸ਼ਾਮਦ ਝੂਠੇ ਨੂੰ ਹੀ

ਸੱਚਾ ਬੰਦਾ ਹਰ ਇੱਕ ਅੱਗੇ ਝੁਕਦਾ ਨਹੀਂ


ਬੜਾ ਸਿਆਣਾ ਉਹ ਸਰੋਤਾ ਹੁੰਦਾ ਹੈ

ਗੱਲ ਸਿਆਣੀ ਅੱਧ ਵਿੱਚੋਂ ਜੋ ਟੁਕਦਾ ਨਹੀਂ

(ਬਲਜੀਤ ਪਾਲ ਸਿੰਘ)

Saturday, October 22, 2022

ਗ਼ਜ਼ਲ


ਜਾਣੀਏ ਹੁਣ ਜ਼ਿੰਦਗੀ ਦਾ ਮੋਹ ਪਰੁੰਨਾ ਫਲਸਫਾ

ਛੱਡ ਦੇਈਏ ਨਫ਼ਰਤਾਂ ਦਾ ਕੋਹੜ ਭਰਿਆ ਮਾਜਰਾ

 

ਰਾਜਨੀਤੀ ਤੇ ਧਰਮ ਨੇ ਰੋਲਿਆ ਹਰ ਬਸ਼ਰ ਨੂੰ

ਕੋਈ ਆਵੇ ਦੇਵੇ ਇਹਨਾਂ ਭਟਕਿਆਂ ਨੂੰ ਆਸਰਾ


ਜ਼ਿੰਦਗੀ ਦਾ ਪੰਧ ਐਨਾ ਰੰਗਲਾ ਹੋਵੇ ਜਨਾਬ

ਝਰਨਿਆਂ ਨਦੀਆਂ ਹੁਸੀਨ ਵਾਦੀਆਂ ਦਾ ਸਿਲਸਿਲਾ


ਸ਼ੀਸ਼ਿਆਂ ਤੇ ਪਰਦਿਆਂ ਵਿੱਚ ਬੈਠਕੇ ਆਵੇ ਕਿਵੇਂ

ਪੰਛੀਆਂ ਵਾਂਗੂੰ ਉਡਾਰੀ ਭਰਨ ਦਾ ਉਹ ਹੌਸਲਾ‌‌


ਮੈਂ ਕਦੇ ਵੀ ਖ਼ਾਬ ਅੰਦਰ ਸੋਚਿਆ ਏਦਾਂ ਨਾ ਸੀ

ਖੇਡ ਚੁੱਕਾ ਹੈ ਫਰੇਬੀ ਖੇਡ ਜਿਹੜੀ ਦਿਲਰੁਬਾ


ਏਸ ਥਾਂ ਤੇ ਸ਼ਹਿਰ ਅੰਦਰ ਸੀ ਕਦੇ ਰੌਣਕ ਬੜੀ

ਏਥੇ ਵੀ ਕਿੰਨੀ ਤਬਾਹੀ ਕਰ ਗਿਆ ਹੈ ਜ਼ਲਜ਼ਲਾ


ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦਾ ਕਰੀਏ ਉਪਾਅ

'ਕੱਲਿਆਂ ਦਾ ਕੀ ਬਣੇਗਾ ਰਸਤਿਆਂ 'ਤੇ ਕਾਫਲਾ

(ਬਲਜੀਤ ਪਾਲ ਸਿੰਘ)




Saturday, October 1, 2022

ਗ਼ਜ਼ਲ


ਬਹੁਤੇ ਲੋਕੀਂ ਪੱਥਰਾਂ ਨੂੰ ਪੂਜ ਕੇ ਤੁਰਦੇ ਬਣੇ 

ਕੰਢਿਆਂ ਤੋਂ ਸਿੱਪੀਆਂ ਨੂੰ ਭਾਲ ਕੇ ਤੁਰਦੇ ਬਣੇ


ਦੋਸਤਾਂ ਨੂੰ ਸਫ਼ਰ ਔਖਾ ਜਾਪਿਆ ਤਾਂ ਉਸ ਘੜੀ 

ਸੌਖਿਆਂ ਰਾਹਾਂ ਨੂੰ ਵਾਗਾਂ ਮੋੜ ਕੇ ਤੁਰਦੇ ਬਣੇ 


ਬੇਵਫ਼ਾਈ ਇਸ ਕਦਰ ਮਹਿਰਮ ਨੇ ਕੀਤੀ ਅੰਤ ਨੂੰ 

ਬੇਰੁਖੀ ਵਿੱਚ ਖ਼ਤ ਪੁਰਾਣੇ ਪਾੜ ਕੇ ਤੁਰਦੇ ਬਣੇ 


ਹੇਠੀ ਕੀਤੀ ਚੱਲਦੀ ਮਹਿਫ਼ਲ ਦੀ ਉਹਨਾਂ ਬੇਵਜ੍ਹਾ 

ਕੈੜੀ ਸੌੜੀ ਗੱਲ ਕੋਈ ਬੋਲ ਕੇ ਤੁਰਦੇ ਬਣੇ 


ਜ਼ਿੰਦਗੀ ਨੂੰ ਸੇਕ ਜਿਸਦਾ ਸਾੜਦਾ ਰਹਿੰਦਾ ਸਦਾ 

ਪੈਰਾਂ ਹੇਠਾਂ ਅੱਗ ਐਸੀ ਬਾਲ ਕੇ ਤੁਰਦੇ ਬਣੇ

 

ਇਸ ਤਰ੍ਹਾਂ ਦੇ ਕੁਝ ਮਲਾਹਾਂ ਤੇ ਭਰੋਸਾ ਕਰ ਲਿਆ 

ਬੇੜੀ ਆਪਣੇ ਦੇਸ਼ ਦੀ ਜੋ ਡੋਬ ਕੇ ਤੁਰਦੇ ਬਣੇ 

(ਬਲਜੀਤ ਪਾਲ ਸਿੰਘ)

94173-24432


ਗ਼ਜ਼ਲ


ਸਹੁੰ ਲੱਗੇ ਜੇ ਕਿਸੇ ਲਈ ਮੈਂ ਮਾੜਾ ਸੋਚਾਂ ਮਾੜਾ ਆਖਾਂ

ਮੈਨੂੰ ਕੋਈ ਸ਼ੌਕ ਨਹੀਂ ਜੋ ਸੁਖੀ ਪਲਾਂ ਨੂੰ ਸਾੜਾ ਆਖਾਂ


ਤਰ੍ਹਾਂ ਤਰ੍ਹਾਂ ਦੀ ਬੋਲੀ ਬੋਲਾਂ ਭਾਵੇਂ ਹਰ ਦਮ ਲੋੜ ਮੁਤਾਬਕ

ਲੇਕਿਨ ਸਭ ਤੋਂ ਪਹਿਲਾਂ ਬੋਲਾਂ ਤਾਂ ਫਿਰ ਊੜਾ ਆੜਾ ਆਖਾਂ 


ਦਰਿਆ ਡੂੰਘਾ ਪਰਲੇ ਪਾਸੇ ਜਾਣਾ ਵੀ ਹੈ ਬਹੁਤ ਜ਼ਰੂਰੀ

ਪੱਤਣ ਤੇ ਬੇੜੀ ਵਾਲੇ ਨੂੰ ਪਾਰ ਲੰਘਾ ਦੇ ਹਾੜਾ ਆਖਾਂ


ਮਹਿਰਮ ਨੇ ਵੀ ਰੰਗ ਵਟਾਏ ਜੇਕਰ ਪੈਂਡਾ ਔਖਾ ਆਇਆ

ਉਹਦੀ ਮੇਰੀ ਸੋਚ ਦੇ ਅੰਦਰ ਹੈ ਸਦੀਆਂ ਦਾ ਪਾੜਾ ਆਖਾਂ


ਬੰਦਾ ਓਹੀਓ ਖਰਾ ਹੈ ਜਿਹੜਾ ਬੁਰੇ ਹਾਲਾਤਾਂ ਵਿੱਚ ਵੀ ਸਾਬਤ

ਲੱਖ ਸਲਾਮਾਂ ਕਰਾਂ ਓਸਨੂੰ ਤੇ ਸਮਿਆਂ ਦਾ ਲਾੜਾ ਆਖਾਂ


ਜਦੋਂ ਬਣਾਵੇਂ ਦੂਜੀ ਮੂਰਤ ਪਹਿਲੀ ਨਾਲੋਂ ਵੱਖ ਬਣਾਵੇਂ

ਰੱਬਾ ਤੈਨੂੰ ਏਸੇ ਕਰਕੇ ਪੱਖਪਾਤੀ ਬੁੱਤ-ਘਾੜਾ ਆਖਾਂ

(ਬਲਜੀਤ ਪਾਲ ਸਿੰਘ)

ਗ਼ਜ਼ਲ


ਕਦੇ ਜੇ ਰਿਸ਼ਤਿਆਂ ਨੂੰ ਪਰਖਿਆ ਤਾਂ ਕੀ ਮਿਲ਼ੇਗਾ

ਨਤੀਜਾ ਫੇਰ ਮਾੜਾ ਨਿਕਲਿਆ ਤਾਂ ਕੀ ਮਿਲ਼ੇਗਾ


ਬੜਾ ਸੌਖਾ ਜਿਹਾ ਹੈ ਜ਼ਿੰਦਗੀ ਦਾ ਫਲਸਫਾ ਸਮਝੋ

ਗਣਿਤ ਰੁੱਤਾਂ ਦਾ ਜੇ ਨਾ ਸਮਝਿਆ ਤਾਂ ਕੀ ਮਿਲ਼ੇਗਾ


ਇਹ ਸੱਚ ਹੈ ਸੁੱਕਣੇ ਦਰਿਆ ਤੇ ਨਦੀਆਂ ਖ਼ੁਸ਼ਕ ਹੋਣੈ

ਇਹਨਾਂ ਨੂੰ ਬੇਤਹਾਸ਼ਾ ਵਰਤਿਆ ਤਾਂ ਕੀ ਮਿਲ਼ੇਗਾ


ਬੜੇ ਮੂੰਹ ਜ਼ੋਰ ਏਥੇ ਵਗ ਰਹੀ ਜੋ ਪੌਣ ਕੀ ਕਰੀਏ

ਇਹਦੀ ਰਫ਼ਤਾਰ ਨੂੰ ਨਾ ਵਰਜਿਆ ਤਾਂ ਕੀ ਮਿਲ਼ੇਗਾ


ਘਰਾਂ ਨੂੰ ਛੱਡ ਲਹਿੰਦੇ ਦੇਸ਼ ਤੋਂ ਹੁਣ ਆ ਗਏ ਏਥੇ

ਗਿਆ ਨਾ ਫੇਰ ਓਧਰ ਪਰਤਿਆ ਤਾਂ ਕੀ ਮਿਲ਼ੇਗਾ


ਮਸਲਾ ਇਹ ਨਹੀਂ ਕਿ ਮੀਚ ਕੇ ਅੱਖਾਂ ਤੁਰੇ ਫਿਰੀਏ

ਕਿ ਜੀਵਨ ਇਸ ਤਰ੍ਹਾਂ ਜੇ ਗੁਜ਼ਰਿਆ ਤਾਂ ਕੀ ਮਿਲ਼ੇਗਾ


ਸਦਾ ਸੰਤਾਪੀਆਂ ਜੂਹਾਂ ਦੇ ਵਾਸੀ ਵਾਂਗਰਾਂ ਰਹਿ ਕੇ

ਅਸੀਂ ਕਿਰਦਾਰ ਜੇ ਨਾ ਬਦਲਿਆ ਤਾਂ ਕੀ ਮਿਲ਼ੇਗਾ

(ਬਲਜੀਤ ਪਾਲ ਸਿੰਘ)