Thursday, September 3, 2009

ਗ਼ਜ਼ਲ

ਦਿਲ ਦੇ ਬੂਹੇ ਚੁੱਪ ਹੋ ਗਏ,ਕੋਈ ਦਸਤਕ ਮਿਲੇ।
ਪਿਆਰ ਵਿਹੂਣੀ ਰੂਹ ਨੂੰ,ਕੋਈ ਤਾਂ ਮੁਹੱਬਤ ਮਿਲੇ।

ਅਸਾਂ ਬੀਜੇ ਸੀ ਬੀਜ ਕਿ ਸੂਹੇ ਫੁੱਲ ਮਹਿਕਣਗੇ,
ਕਦ ਸੀ ਚਾਹਿਆ ਅਸਾਂ ਕਿ ਸਦਾ ਨਫਰਤ ਮਿਲੇ।

ਉਹ ਜੋ ਰੇਹੜੀ ਖਿੱਚਦਾ ਹੈ ਨੰਗੇ ਪੈਰੀਂ ਸੜਕਾਂ ਤੇ,
ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ।

ਝੋਂਪੜੀਆਂ ਚ ਵੱਸਣੇ ਦਾ ਹੈ ਸ਼ੌਕ ਹੁੰਦਾ ਕਿਸ ਨੂੰ,
ਉਂਝ ਤਾਂ ਹਰ ਕੋਈ ਚਾਹੇ ਕਿ ਸਦਾ ਜੰਨਤ ਮਿਲੇ।

ਅਸੀਂ ਵੀ ਕਦੇ ਮਹਿਕਾਂ ਦੀ ਵਾਦੀ ਚ ਮਹਿਕਾਂਗੇ,
ਕੁੱਝ ਪਲ ਤਾਂ ਠਹਿਰੋ,ਸਾਨੂੰ ਜ਼ਰਾ ਫੁਰਸਤ ਮਿਲੇ।

ਸੰਤਾਪ ਹੰਢਾਊਣਾ ਸਦਾ ਇਸ਼ਕ ਦੇ ਹਿੱਸੇ ਆਇਆ,
ਹੁਸਨ ਨੂੰ ਐਪਰ ਹਰ ਮੋੜ ਤੇ ਸ਼ੁਹਰਤ ਮਿਲੇ।