Wednesday, September 16, 2020

ਗ਼ਜ਼ਲ

ਬੜਾ ਕੁਝ ਕਹਿ ਲਿਆ ਹੈ ਪਰ ਬੜਾ ਕੁਝ ਕਹਿਣ ਵਾਲਾ ਹੈ

ਕਿ ਮੌਸਮ ਆ ਰਿਹਾ ਲਗਦਾ ਕੁਰੱਖਤ ਰਹਿਣ ਵਾਲਾ ਹੈ

 

ਹਮੇਸ਼ਾ ਵਾਂਗ ਹਾਕਮ ਦਾ ਨਵਾਂ ਫਿਰ ਹੁਕਮ ਹੈ ਆਇਆ

ਕਿ ਪਰਜਾ ਸ਼ਹਿਰ ਦੀ ਉੱਪਰ ਜੁਲਮ ਹੁਣ ਢਹਿਣ ਵਾਲਾ ਹੈ


ਸਿਤਮ ਕਿੰਨਾ ਹੀ ਜਰਿਆ ਹੈ ਪ੍ਰੰਤੂ ਹੱਦ ਹੈ ਇਹ ਤਾਂ

ਅਸਾਡੇ ਹੀ ਸਿਰਾਂ  ਉੱਤੋਂ ਇਹ ਪਾਣੀ ਵਹਿਣ ਵਾਲਾ ਹੈ

ਜਦੋਂ  ਵੀ ਆਮ ਜਨਤਾ ਨੂੰ ਤੁਸੀਂ ਏਦਾਂ ਲਤਾੜੋਂਗੇ

ਤਾਂ ਸੋਚੋ ਕਿ ਸਿਤਮ ਹੁਣ ਕੌਣ ਐਨੇ ਸਹਿਣ ਵਾਲਾ ਹੈ


ਬੜੀ ਸਖਤੀ ਤੁਸੀਂ ਕੀਤੀ ਹੈ ਖੇਤੀ ਵਾਰਿਸਾਂ ਉੱਤੇ

ਇਹ ਨਾ ਸੋਚਿਓ ਕਿ ਉਹ ਅਵੇਸਲ ਬਹਿਣ ਵਾਲਾ ਹੈ


ਕਦੇ ਜਿਸਦਾ ਇਸ਼ਟ ਮਿੱਟੀ ਹਲ ਪੰਜਾਲੀ ਤੇ ਸੁਹਾਗਾ ਸੀ

ਉਹ  ਰੱਖਿਓ ਯਾਦ ਸਿੰਘਾਸਨ ਨਾਲ ਬੰਦਾ ਖਹਿਣ ਵਾਲਾ ਹੈ


ਗਹਿਰੇ ਜ਼ਖ਼ਮ ਜਿਸਨੂੰ ਦੇ ਰਹੇ ਹੋ ਐ ਹੁਕਮਰਾਨੋ

ਕਿ ਸੀਨੇ ਓਸਦਾ ਖੰਜਰ ਤੁਹਾਡੇ ਲਹਿਣ ਵਾਲਾ ਹੈ

(ਬਲਜੀਤ ਪਾਲ ਸਿੰਘ)

Thursday, September 3, 2020

ਗ਼ਜ਼ਲ


ਬਦਲਣ ਰੁੱਤਾਂ ਫੇਰ ਹਵਾਵਾਂ ਬਦਲ ਜਾਂਦੀਆਂ ਨੇ

ਸਮੇਂ ਸਮੇਂ ਦੇ ਨਾਲ ਦੁਆਵਾਂ ਬਦਲ ਜਾਂਦੀਆਂ ਨੇ


ਔੜਾਂ ਮਾਰੀ ਧਰਤੀ ਛੱਡ ਕੇ ਹੋਰ ਜਗ੍ਹਾ ਵਰਸਣ

ਆਉਂਦੇ ਆਉਂਦੇ ਘੋਰ ਘਟਾਵਾਂ ਬਦਲ ਜਾਂਦੀਆਂ ਨੇ


ਸਫਰ ਸੁਹਾਣਾ ਹੋਵੇ ਯਾਰਾਂ ਤੇ ਦਿਲਦਾਰਾਂ ਨਾਲ

ਪੈ ਜਾਂਦੀ ਬਿਪਤਾ ਜਦ ਰਾਹਵਾਂ ਬਦਲ ਜਾਂਦੀਆਂ ਨੇ


ਦਈਏ ਕਿੱਦਾਂ ਦੋਸ਼ ਹੁਸਨ ਦੀ ਮਗ਼ਰੂਰੀ ਉੱਤੇ

ਚੜ੍ਹਦੀ ਉਮਰੇ ਸ਼ੋਖ ਅਦਾਵਾਂ ਬਦਲ ਜਾਂਦੀਆਂ ਨੇ


ਜਦੋਂ ਵੀ ਸੂਰਜ ਲਹਿੰਦੇ ਵਾਲੇ ਪਾਸੇ ਝੁਕ ਜਾਂਦਾ

ਦਿਨ ਢਲਦੇ ਰੁੱਖਾਂ ਦੀਆਂ ਛਾਵਾਂ ਬਦਲ ਜਾਂਦੀਆਂ ਨੇ


ਚਮਕਣ ਤਾਰੇ ਰਾਤਾਂ ਨੂੰ ਫਿਰ ਬਦਲ ਬਦਲ ਥਾਵਾਂ

ਚੰਦ ਦੀਆਂ ਹਰ ਰਾਤ ਕਲਾਵਾਂ ਬਦਲ ਜਾਂਦੀਆਂ ਨੇ


ਤਕਦੀਰਾਂ ਵਿਚ ਲਿਖਿਆ ਜੇ ਸੰਤਾਪ ਭੋਗਣਾਂ ਤਾਂ

ਹੱਥਾਂ ਦੀਆਂ ਬਰੀਕ ਰੇਖਾਵਾਂ ਬਦਲ ਜਾਂਦੀਆਂ ਨੇ

(ਬਲਜੀਤ ਪਾਲ ਸਿੰਘ)

ਗ਼ਜ਼ਲ


ਗੁਨਾਹ ਕੀਤਾ ਨਹੀਂ ਲੇਕਿਨ ਸਜ਼ਾ ਸਾਨੂੰ ਮਿਲੇਗੀ

ਖ਼ਤਾ ਕੀਤੀ ਨਹੀਂ ਫਿਰ ਵੀ ਖਤਾ ਸਾਨੂੰ ਮਿਲੇਗੀ


ਉਨ੍ਹਾਂ ਨੇ ਸਾਰੇ ਹੀ ਇਲਜ਼ਾਮ ਸਾਡੇ ਸਿਰ ਲਗਾ ਦੇਣੇ

ਉਨ੍ਹਾਂ ਦਾ ਆਪਣਾ ਮੁਨਸਫ਼ ਕਜਾ ਸਾਨੂੰ ਮਿਲੇਗੀ


ਸਦਾ ਅੰਦਾਜ਼ ਸਾਡੇ ਸ਼ਹਿਰ ਦਾ ਹੋਇਆ ਫਿਰੇ ਬਾਗ਼ੀ 

ਬਸ਼ਿੰਦੇ ਏਸਦੇ ਮੁਨਕਰ ਵਜ੍ਹਾ ਸਾਨੂੰ ਮਿਲੇਗੀ


ਪਹੀਆ ਵਕਤ ਦਾ ਇਹ ਜਦ ਕਦੇ ਬੇਤਾਬ ਘੁੰਮੇਗਾ

ਹੁਨਰ ਓਦੋਂ ਹੀ ਆਏਗਾ ਕਲਾ ਸਾਨੂੰ ਮਿਲੇਗੀ


ਜਦੋਂ ਵੀ ਗੀਤ ਵਿਦਰੋਹੀ ਫਿਜ਼ਾ ਵਿਚ ਗੂੰਜਿਆ ਓਦੋਂ

ਕਰਮ ਪੌਣਾਂ ਦਾ ਹੈ ਲੇਕਿਨ ਅਦਾ ਸਾਨੂੰ ਮਿਲੇਗੀ


ਬੜੇ ਹੀ ਜ਼ਖ਼ਮ ਭਾਵੇਂ ਦੇ ਗਿਆ ਹੈ ਬਦਲਦਾ ਮੌਸਮ

ਅਜੇ ਵੀ ਆਸ ਕਰਦੇ ਹਾਂ ਦਵਾ ਸਾਨੂੰ ਮਿਲੇਗੀ


ਜਿਨ੍ਹਾਂ ਤੁਰਨਾ ਨਹੀਂ ਘਰ ਚੋਂ ਉਹਨਾਂ ਨੂੰ ਕਾਸਦੇ ਮਿਹਣੇ

ਅਸੀਂ ਜੋ ਘਰ ਤੋਂ ਨਿਕਲੇ ਹਾਂ ਦਿਸ਼ਾ ਸਾਨੂੰ ਮਿਲੇਗੀ


ਸਿੰਘਾਸਨ ਤੇ ਜੋ ਬੈਠਾ ਹੈ ਸੁਨੇਹੇ ਭੇਜਦਾ ਰਹਿੰਦਾ

ਅਦੂਲੀ ਹੁਕਮ ਦੀ  ਹੋਈ ਬਲਾ ਸਾਨੂੰ ਮਿਲੇਗੀ


ਜਿਨ੍ਹਾਂ ਨੇ ਦੀਪ ਨਾ ਬਾਲੇ ਉਹਨਾਂ ਨੂੰ ਕੀ ਹਵਾਵਾਂ ਦਾ

ਅਸੀਂ ਦੀਵੇ ਜਗਾਏ ਨੇ ਹਵਾ ਸਾਨੂੰ ਮਿਲੇਗੀ

(ਬਲਜੀਤ ਪਾਲ ਸਿੰਘ)