Saturday, August 28, 2021

ਗ਼ਜ਼ਲ


ਉਡਿਆ ਸੁਹਜ ਫਿਜ਼ਾਵਾਂ ਵਿੱਚੋਂ ਰੁੱਤਾਂ ਦੀ ਫੁੱਲਕਾਰੀ ਗਈ
ਸੋਚਾਂ ਬਚਪਨ ਬੁੱਢਾ ਕੀਤਾ ਬਾਲਾਂ ਦੀ ਕਿਲਕਾਰੀ ਗਈ

ਥਾਂ ਥਾਂ ਉੱਤੇ ਖੁੱਲ੍ਹ ਗਈਆਂ ਨੇ ਕਿਹੋ ਜਹੀਆਂ ਸੰਸਥਾਵਾਂ
ਪੈਸੇ ਦੇ ਕੇ ਡਿਗਰੀ ਮਿਲਦੀ ਵਿਦਿਆ ਪਰਉਪਕਾਰੀ ਗਈ

ਕੋਈ ਚੈਨਲ ਜਦ ਵੀ ਵੇਖੋ ਮੈਂ ਮੈਂ ਕਰਨ ਸਿਆਸੀ ਬੰਦੇ
ਲਾਲਚ ਤੇ ਹਾਉਮੇ ਵਿੱਚ ਡੁੱਬੀ ਅੱਜ ਸਿਆਸਤ ਸਾਰੀ
ਗਈ

ਪਹਿਲਾਂ ਪਹਿਲਾਂ ਅਖ਼ਬਾਰਾਂ 'ਤੇ ਕਿੰਨਾ ਸੀ ਇਤਬਾਰ ਕਦੇ

ਅੱਜ ਮੀਡੀਆ ਵਿਕਿਆ ਹੋਇਆ ਕਿੱਧਰ ਪੱਤਰਕਾਰੀ ਗਈ

ਲਾਚਾਰੀ ਗ਼ੁਰਬਤ ਦੇ ਮਾਰੇ ਲੋਕਾਂ ਦੀ ਹਰ ਅਰਜ਼ੀ ਤਾਂ

ਸਰਕਾਰੇ ਦਰਬਾਰੇ ਸਾਰੇ ਥਾਵਾਂ ਤੇ ਦੁਰਕਾਰੀ ਗਈ

ਫੈਸ਼ਨ ਕਰਕੇ ਵਾਲਾਂ ਉੱਤੇ ਜੈੱਲ ਲਗਾਈ ਫਿਰਦੇ ਜੋ
ਗੱਭਰੂਆਂ ਦੇ ਸਿਰ ਉੱਤੇ ਜੇ ਪੱਗ ਨਹੀਂ ਸਰਦਾਰੀ ਗਈ

ਗਰਮੀ ਰੁੱਤੇ ਬੰਦ ਕਮਰੇ ਵਿੱਚ ਏ ਸੀ ਲਾ ਕੇ ਬੈਠੇ ਹਾਂ
ਬੋਹੜਾਂ ਪਿੱਪਲਾਂ ਨਿੰਮਾਂ ਵਾਲੀ ਠੰਢਕ ਤੇ ਛਾਂ-ਦਾਰੀ ਗਈ

ਸਾਰੀ ਉਮਰਾ ਜੂਨ ਹੰਢਾਉਂਦਾ ਫਾਹਾ ਲੈ ਅੰਨਦਾਤਾ ਮਰਿਆ
ਘਾਟੇਵੰਦਾ ਸੌਦਾ ਬਣਿਆ ਖੇਤੀ ਕਰਮਾਂ ਮਾਰੀ ਗਈ
(ਬਲਜੀਤ ਪਾਲ ਸਿੰਘ)

Monday, August 9, 2021

ਗ਼ਜ਼ਲ


ਥੋੜਾ ਥੋੜਾ ਜ਼ਿੰਦਗੀ ਵਿੱਚ ਬਚਪਨਾ ਜਾਰੀ ਰਹੇ
ਦਿਲ ਕਿਸੇ ਦੀ ਯਾਦ ਅੰਦਰ ਧੜਕਣਾ ਜਾਰੀ ਰਹੇ

ਹੋਇਆ ਕੀ ਜੇ ਬਣ ਗਏ ਹਾਲਾਤ ਥੋੜੇ ਗ਼ਮਜ਼ਦਾ
ਹੋਰ ਚੰਗੇ ਵੇਲਿਆਂ ਦੀ ਕਲਪਨਾ ਜਾਰੀ ਰਹੇ

ਸਾਰੀਆਂ ਹੀ ਬਸਤੀਆਂ ਵਿੱਚ ਰਾਜ ਹੋਵੇ ਸੱਚ ਦਾ
ਮਾੜੀਆਂ ਰੀਤਾਂ ਨੂੰ ਹਰਦਮ ਵਰਜਨਾ ਜਾਰੀ ਰਹੇ

ਭਾਵੇਂ ਕਿੰਨਾ ਔਕੜਾਂ ਭਰਿਆ ਸਫ਼ਰ ਹੈ ਦੋਸਤੋ
ਹੌਲੀ ਹੌਲੀ ਰਸਤਿਆਂ ਤੇ ਚੱਲਣਾ ਜਾਰੀ ਰਹੇ

ਤਪਦੇ ਥਲ ਦੀ ਆਰਜ਼ੂ ਪੂਰੀ ਵੀ ਹੋਏਗੀ ਉਦੋਂ
ਨੀਵੇਂ ਨੀਵੇਂ ਬਦਲਾਂ ਦਾ ਵਰਸਣਾ ਜਾਰੀ ਰਹੇ
(ਬਲਜੀਤ ਪਾਲ ਸਿੰਘ)