Tuesday, September 20, 2022

ਗ਼ਜ਼ਲ


ਉਦ੍ਹੇ ਦਰ ਹਾਜ਼ਰੀ ਜੇਕਰ ਭਰੀ ਤਾਂ ਫੇਰ ਕੀ ਮਿਲਿਆ

ਮੁਹੱਬਤ ਹੀ ਜੇ ਇੱਕ ਤਰਫਾ ਕਰੀ ਤਾਂ ਫੇਰ ਕੀ ਮਿਲਿਆ

ਬੜੀ ਹੀ ਘੁੱਟਣ ਵਾਲੀ ਜ਼ਿੰਦਗੀ ਜੀਣੀ ਨਹੀਂ ਸੌਖੀ

ਮਗਰ ਇੱਕ ਆਰਜ਼ੂ ਦਿਲ ਵਿੱਚ ਮਰੀ ਤਾਂ ਫੇਰ ਕੀ ਮਿਲਿਆ

ਘੜਾ ਕੱਚਾ ਨਦੀ ਗਹਿਰੀ ਉਹਦੀ ਤਕਦੀਰ ਵੀ ਕੱਚੀ

ਨਦੀ ਇਸ਼ਕੇ ਦੀ ਸੋਹਣੀ ਨੇ ਤਰੀ ਤਾਂ ਫੇਰ ਕੀ ਮਿਲਿਆ

ਵਫ਼ਾ ਨੂੰ ਪਾਲਦੇ ਜਿਹੜੇ ਉਹ ਮਿੱਤਰ ਬੇਵਫਾ ਨਿਕਲੇ

ਕਿ ਨਿਕਲੀ ਦੋਸਤੀ ਜੇ ਨਾ ਖਰੀ ਤਾਂ ਫੇਰ ਕੀ ਮਿਲਿਆ

ਕਦੇ ਨਾ ਭੁਗਤਿਆ ਜਿਹੜਾ ਵੀ ਬਣਕੇ ਸੱਚ ਦਾ ਰਹਿਬਰ

ਤਲੀ ਤੇ ਜਾਨ ਉਸ ਖਾਤਰ ਧਰੀ ਤਾਂ ਫੇਰ ਕੀ ਮਿਲਿਆ

ਨਹੀਂ ਮਿਲਦਾ ਹੈ ਮਨਚਾਹਿਆ ਬੜਾ ਕੁਝ ਹੋਰ ਮਿਲ ਜਾਂਦਾ

ਮਿਲੀ ਨਾ ਸੁਫ਼ਨਿਆਂ ਵਾਲੀ ਪਰੀ ਤਾਂ ਫੇਰ ਕੀ ਮਿਲਿਆ

(ਬਲਜੀਤ ਪਾਲ ਸਿੰਘ)


Saturday, September 3, 2022

ਗ਼ਜ਼ਲ

ਹਰ ਵੇਲੇ ਇੱਕ ਦਰਦ ਅਵੱਲਾ ਨਾਲ ਤੁਰੇ

ਮੇਰਾ ਹੀ ਪਰਛਾਵਾਂ ਝੱਲਾ  ਨਾਲ ਤੁਰੇ

ਮਹਿਰਮ ਦੀ ਨਾ ਭੁੱਲੇ ਯਾਦ ਭੁਲਾਇਆਂ ਵੀ
ਚੀਚੀ ਦੇ ਵਿੱਚ ਪਾਇਆ ਛੱਲਾ ਨਾਲ ਤੁਰੇ

ਭੀੜ ਬਣੀ ਤੋਂ ਸਾਰੇ ਹੀ ਛੱਡ ਜਾਂਦੇ ਨੇ
ਸੱਚਾਈ ਦਾ ਫੜਿਆ ਪੱਲਾ ਨਾਲ ਤੁਰੇ

ਆਵੇ ਜਦੋਂ ਖਿਆਲ ਕਲਮ ਤੁਰ ਪੈਂਦੀ ਹੈ
ਓਦੋਂ ਅੱਖਰ 'ਕੱਲਾ 'ਕੱਲਾ ਨਾਲ ਤੁਰੇ

ਦੁਨੀਆ ਚੰਦਰਮਾ ਉਤੇ ਵੀ ਪਹੁੰਚ ਗਈ
ਫਿਰ ਵੀ ਏਧਰ ਟੂਣਾ ਟੱਲਾ ਨਾਲ ਤੁਰੇ
(ਬਲਜੀਤ ਪਾਲ ਸਿੰਘ)

Thursday, September 1, 2022

ਗ਼ਜ਼ਲ

ਸਿਰ ਉੱਤੇ ਤਪਦਾ ਸੂਰਜ ਹੈ ਪੈਰਾਂ ਹੇਠਾਂ ਕੰਡੇ ਨੇ

ਇਸ ਪ੍ਰਕਾਰ ਸਫਰ ਤੇ ਤੁਰਦੇ ਸਾਰੇ ਦੁਖ ਸੁਖ ਵੰਡੇ ਨੇ 


ਛੱਡ ਦਿੱਤਾ ਸਾਰੇ ਐਬਾਂ ਨੂੰ ਹਾਊਮੈ ਨੂੰ ਵੀ ਛੱਡਿਆ ਹੈ

ਫਿਰ ਵੀ ਸਾਡੇ ਨੁਕਸ ਜ਼ਮਾਨੇ ਛੱਜੀਂ ਪਾ ਪਾ ਛੰਡੇ ਨੇ 


ਮਾਰੂਥਲ ਵਰਗੇ ਜੀਵਨ ਵਿੱਚ ਹਰਿਆਲੀ ਆਵੇ ਕਿੱਦਾਂ 

ਮੇਰੇ ਚੌਗਿਰਦੇ ਵਿੱਚ ਬਹੁਤੇ ਰੁੱਖ ਪੱਤਿਆਂ ਬਿਨ ਰੰਡੇ ਨੇ


ਕਿਰਚਾਂ ਛਵੀਆਂ ਤੇ ਤਲਵਾਰਾਂ ਦੀ ਰੁੱਤ ਆਈ ਲੱਗਦੀ ਹੈ

ਧਰਮਾਂ ਨੇ ਗੁੰਡਾਗਰਦੀ ਲਈ ਆਪਣੇ ਚੇਲੇ ਚੰਡੇ ਨੇ 


ਕੁੱਤਾ ਰਾਜ ਸਿੰਘਾਸਨ ਬੈਠਾ ਚੱਕੀ ਚੱਟੀ ਜਾਂਦਾ ਹੈ

ਲੋਕੀਂ ਜਦ ਹੱਕਾਂ ਲਈ ਲੜਦੇ ਉਹਨਾਂ ਖਾਤਰ ਡੰਡੇ ਨੇ


ਉੱਤਰ ਕਾਟੋ ਯਾਰ ਚੜ੍ਹੇ ਇਹ ਖੇਡ ਹੈ ਅੱਜ ਸਿਆਸਤ ਦੀ

ਸਭ ਸਰਕਾਰਾਂ ਦੇ ਹੀ ਏਥੇ ਰਲਵੇਂ ਮਿਲਵੇਂ ਫੰਡੇ ਨੇ


ਉਹਨਾਂ ਦੇ ਹਿੱਸੇ ਦੀ ਦੌਲਤ ਆਖਰ ਕਿਸਨੇ ਖੋਹੀ ਹੈ

ਨਿਰਧਨ ਲਾਚਾਰਾਂ ਦੇ ਚੁੱਲ੍ਹੇ ਬਸਤੀ ਅੰਦਰ ਠੰਡੇ ਨੇ

(ਬਲਜੀਤ ਪਾਲ ਸਿੰਘ)