Thursday, October 24, 2019

ਗ਼ਜ਼ਲ


ਪਰਜਾ ਹੋਵੇ ਸੁਖੀ ਤਾਂ ਕਿਧਰੇ ਫਿਰ ਮਹਿਕਾਰਾਂ ਬੋਲਦੀਆਂ ਨੇ
ਜੇ ਨਾ ਸੁਣੇ ਪੁਕਾਰ ਕੋਈ ਤਾਂ ਫਿਰ ਤਲਵਾਰਾਂ ਬੋਲਦੀਆਂ ਨੇ

ਹਰ ਸ਼ਾਸ਼ਕ ਦੇ ਕੰਨਾਂ ਉੱਤੇ ਪੋਲੇ ਪੈਰੀਂ ਜੂੰ ਨਾ ਸਰਕੇ  
ਹੋਣ ਮੁਜਾਹਰੇ ਉਲਟ ਜਦੋਂ ਤਾਂ ਫਿਰ ਸਰਕਾਰਾਂ ਬੋਲਦੀਆਂ ਨੇ

ਜਦ ਵੀ ਆਉਂਦੀਆਂ ਚੋਣਾਂ ਸਾਰੇ ਲੀਡਰ ਵੀ ਖੁੱਡਾਂ ਚੋਂ ਨਿਕਲਣ
ਆਪਸ ਦੇ ਵਿਚ  ਹੁੰਦੀਆਂ ਓਦੇਂ ਫਿਰ ਤਕਰਾਰਾਂ ਬੋਲਦੀਆਂ ਨੇ

ਸਮਝ ਨਾ ਲੈਣਾਂ ਲੋਕੀਂ ਚੁੱਪ ਨੇ ਏਸੇ ਕਰਕੇ 'ਸਭ ਅੱਛਾ ਹੈ'
ਜੁਲਮ ਜਦੋਂ ਹੱਦੋਂ ਵਧ ਜਾਵੇ ਫਿਰ ਲਲਕਾਰਾਂ ਬੋਲਦੀਆਂ ਨੇ

ਜਦ ਵੀ ਅੱਖੋਂ ਕਾਣਾ ਮੁਨਸਿਫ ਕੋਈ ਕੁਰਸੀ ਉੱਤੇ ਬੈਠੇ
ਚੋਰ ਉਚੱਕੇ ਗੁੰਡਿਆਂ ਦੀਆਂ ਫਿਰ ਭਰਮਾਰਾਂ ਬੋਲਦੀਆਂ ਨੇ

ਜਕੜ ਸੱਕਣ ਨਾ ਇਹ ਜ਼ੰਜੀਰਾਂ ਆਜ਼ਾਦੀ ਦੇ ਜਜ਼ਬੇ ਤਾਈਂ
ਹੋਵੇ ਜਦ ਆਜ਼ਾਦ ਫਿਜ਼ਾ ਓਦੋਂ ਛਣਕਾਰਾਂ ਬੋਲਦੀਆਂ ਨੇ
(ਬਲਜੀਤ ਪਾਲ ਸਿੰਘ)

ਗ਼ਜ਼ਲ


ਮੈ  ਪਹਿਲਾਂ ਵਾਂਗਰਾਂ ਹੁਣ ਖੁਸ਼ ਹਮੇਸ਼ਾ ਰਹਿ ਨਹੀਂ ਸਕਦਾ
ਕਿ   ਦਿਲ ਦੀ ਵੇਦਨਾਂ ਬੇਬਾਕ ਹੋ ਕੇ ਕਹਿ ਨਹੀਂ ਸਕਦਾ

ਬਥੇਰੀ ਜਰ ਲਈ ਹੈ ਮੈਂ ਹਕੂਮਤ ਏਸ ਤੰਤਰ ਦੀ
 ਗੁਲਾਮੀ ਏਸ  ਤੋਂ ਵੱਧ ਕੇ ਨਹੀਂ ਮੈ ਸਹਿ ਨਹੀਂ ਸਕਦਾ

ਬੜੀ ਹੀ ਉਲਟ ਕਰਵਟ ਲੈ ਰਿਹਾ ਹੈ ਵਕਤ ਦਾ ਆਲਮ
ਮੈਂ ਇਹਦੇ ਸੰਗ ਵੀ ਤਾਂ ਨਾਲ ਮਰਜ਼ੀ ਵਹਿ ਨਹੀਂ ਸਕਦਾ

ਅਜੇ ਤਾਂ ਜੰਗ ਲੜਨੀ ਹੈ ਬੜੇ ਹੀ ਹੌਸਲੇ ਵਾਲੀ
ਇਹ ਸਾਜਿਸ਼ ਬਹੁਤ ਭਾਰੀ ਹੈ ਮਗਰ ਮੈਂ ਢਹਿ ਨਹੀਂ ਸਕਦਾ

ਪਤਾ ਇਹ ਕਿਸ ਤਰ੍ਹਾਂ ਲੱਗੇ ਕਿ ਤੂੰ ਹਮਦਰਦ ਮੇਰਾ ਹੈਂ
ਮੇਰਾ ਦਿਲ ਹੈ ਸਮੁੰਦਰ ਏਸ ਵਿਚ ਤੂੰ ਲਹਿ ਨਹੀਂ ਸਕਦਾ

ਮੈ ਅਪਣੇ ਸਫਰ ਦੇ ਭਾਵੇਂ ਅਜੇ  ਅਧਵਾਟੇ  ਫਿਰਦਾਂ ਹਾਂ
 ਮੁਕਾਮ ਐਸੇ ਤੇ ਹਾਂ ਕਿ  ਪਲ ਭਰ  ਬਹਿ ਨਹੀਂ ਸਕਦਾ

ਬੜੇ ਕੋਮਲ ਜਹੇ ਅਹਿਸਾਸ ਮਨ ਵਿਚ ਉਪਜਦੇ ਰਹਿੰਦੇ
ਤੂੰ ਇਹ ਨਾ ਸਮਝ ਲੈਣਾਂ ਕੰਡਿਆਂ ਸੰਗ ਖਹਿ ਨਹੀਂਂ ਸਕਦਾ
(ਬਲਜੀਤ ਪਾਲ ਸਿੰਘ)

Wednesday, October 16, 2019

ਗ਼ਜ਼ਲ


ਜਦ ਚਾਹੇ ਪ੍ਰਵਾਸ ਕਰੋ ਮਹਿਬੂਬ ਜੀਓ
ਜਿੱਥੇ ਮਰਜ਼ੀ ਵਾਸ ਕਰੋ ਮਹਿਬੂਬ ਜੀਓ

ਕਦੇ ਕਦਾਈਂ ਦਰਸ਼ਨ ਵੀ ਤਾਂ ਹੁੰਦੇ ਰਹਿਣ
ਮਿਲਣ ਪਤਾ ਤਾਂ ਖਾਸ ਕਰੋ ਮਹਿਬੂਬ ਜੀਓ

ਕਹਿੰਦੇ ਹਨ ਕਿ ਵੱਡੇ ਹੋ ਉਸਤਾਦ ਤੁਸੀਂ
ਮੈਨੂੰ ਆਪਣਾ ਦਾਸ ਕਰੋ ਮਹਿਬੂਬ ਜੀਓ

ਬਹੁਤੀ ਵਾਰੀ ਸੱਚ ਕਦੇ ਤਾਂ ਹੋਰ ਹੀ ਨਿਕਲੇ
ਆਪਣੀ ਗੱਲ ਨਾ ਪਾਸ ਕਰੋ ਮਹਿਬੂਬ ਜੀਓ

ਲੱਗਦਾ ਏਥੇ ਅਫਰਾ ਤਫਰੀ ਵੀ ਫੈਲੇਗੀ
ਹਾਲਾਤਾਂ ਨੂੰ ਰਾਸ ਕਰੋ ਮਹਿਬੂਬ ਜੀਓ
(ਬਲਜੀਤ ਪਾਲ ਸਿੰਘ)

ਗ਼ਜ਼ਲ


ਬੜੀ ਹੀ ਤੇਜ਼ ਹੈ ਰਫਤਾਰ ਜੀਵਨ ਦੀ ਚਲੋ ਵਿਸ਼ਰਾਮ ਦੇ ਦਈਏ
ਇਹਨਾਂ ਥੱਕੇ ਹੋਏ ਕਦਮਾਂ ਤੇ ਖਾਈਏ ਤਰਸ ਤੇ ਆਰਾਮ ਦੇ ਦਈਏ

ਸਦਾ ਹੀ ਤੱਕਦੇ ਆਏ ਸਹਾਰੇ ਰੱਬ ਦੇ ਤਕਦੀਰ ਬਦਲੇਗਾ 
ਕਿ ਥੋੜਾ ਵਕਤ ਹੁਣ ਵਿਗਿਆਨ ਦੇ ਵੀ ਨਾਮ ਦੇ ਦਈਏ

ਜਿਹੜੇ ਸੁਪਨਿਆਂ ਨੂੰ ਹੁਣ ਕਦੇ ਵੀ ਬੂਰ ਨਹੀਂ ਪੈਣਾ
ਕਿਉਂ ਨਾ ਅੱਜ ਤੋਂ ਉਹਨਾਂ ਨੂੰ ਹੀ ਅੰਜ਼ਾਮ ਦੇ ਦਈਏ

ਹਵਾਲੇ ਹੋਰ ਕਿੰਨੀ ਦੇਰ ਦੇਵਾਂਗੇ ਅਸੀਂ ਇਤਿਹਾਸ ਦੇ ਵਿਚੋਂ 
ਇਹਨਾਂ ਸਮਿਆਂ ਵਿਚੋਂ ਵੀ ਕੋਈ ਤਾਂ ਵਰਿਆਮ ਦੇ ਦਈਏ

ਕਦੇ ਮਨਹੂਸ ਘੜੀਆਂ ਜਦ ਵੀ ਲੰਘਣ ਰੋਲ ਕੇ ਸੱਧਰਾਂ
ਓਦੇਂ ਸਾਰੇ  ਜ਼ਮਾਨੇ ਨੂੰ  ਹੀ ਨਾ ਇਲਜ਼ਾਮ ਦੇ ਦਈਏ

ਦਹਾਕੇ ਬੀਤ ਚੁੱਕੇ ਪਰ ਨਾ ਸਾਥੋਂ ਸਫਰ ਤੈਅ ਹੋਇਆ
ਕਰੀਏ ਕੁਝ  ਵਿਲੱਖਣ ਵੱਖਰਾ ਪੈਗਾਮ ਦੇ ਦਈਏ

ਕਿ ਹਿੰਮਤ ਹੈ ਜਿਨ੍ਹਾਂ ਕੀਤੀ ਜੋ ਟੱਕਰ ਜਬਰ ਨੂੰ ਦਿੱਤੀ
ਉਹਨਾਂ ਦੇ ਜਜ਼ਬਿਆਂ ਨੂੰ ਹੀ ਸਹੀ ਪ੍ਰਣਾਮ ਦੇ ਦਈਏ
(ਬਲਜੀਤ ਪਾਲ ਸਿੰਘ)

ਗ਼ਜ਼ਲ


ਤਖਤ ਨੂੰ ਤਖਤਾ ਕਰਾਂ ਪਰ ਫੈਸਲੇ ਦੀ ਲੋੜ ਹੈ
ਤੋੜ ਕੇ ਖਾਮੋਸ਼ੀਆਂ ਇਕ ਵਲਵਲੇ ਦੀ ਲੋੜ ਹੈ

ਵਕਤ ਬਦਲੇਗਾ ਜਦੋਂ ਵੀ ਕਰ ਦਿਆਂਗੇ ਦੇਖਿਓ
ਕੁਝ ਅਜਿਹੇ ਕਾਰਨਾਮੇ ਹੌਸਲੇ ਦੀ ਲੋੜ ਹੈ

ਇੰਤਹਾ ਦੀ ਹੱਦ ਤੀਕਰ ਹੈ ਬਥੇਰਾ ਸਹਿ ਲਿਆ
ਹੁਣ ਬਗਾਵਤ ਲਈ ਜਨੂੰਨੀ ਜ਼ਲਜ਼ਲੇ ਦੀ ਲੋੜ ਹੈ

ਅੱਕਿਆ ਆਵਾਮ ਆਖੇਗਾ ਕਦੇ ਸਰਕਾਰ ਨੂੰ
ਨਾ ਹੀ ਲਾਰੇ ਨਾ ਹੀ ਵਾਅਦੇ ਖੋਖਲੇ ਦੀ ਲੋੜ ਹੈ

ਦੱਸ ਦੇਈਏ ਸਾਰਿਆਂ ਨੂੰ ਲੁੱਟ ਕਿੱਦਾਂ ਹੋ ਰਹੀ
ਸੋਚਣਾ ਹੈ ਕਿੰਜ ਬਚੀਏ ਤੌਖਲੇ ਦੀ ਲੋੜ ਹੈ

ਇਹ ਕ੍ਰਾਂਤੀ ਜਦ ਵੀ ਆਈ ਲੱਗਦਾ ਲੰਮਾਂ ਸਮਾਂ
ਵੱਡੀਆਂ ਕੁਰਬਾਨੀਆਂ ਦੇ ਸਿਲਸਿਲੇ ਦੀ ਲੋੜ ਹੈ
(ਬਲਜੀਤ ਪਾਲ ਸਿੰਘ)