ਤਖਤ ਨੂੰ ਤਖਤਾ ਕਰਾਂ ਪਰ ਫੈਸਲੇ ਦੀ ਲੋੜ ਹੈ
ਤੋੜ ਕੇ ਖਾਮੋਸ਼ੀਆਂ ਇਕ ਵਲਵਲੇ ਦੀ ਲੋੜ ਹੈ
ਵਕਤ ਬਦਲੇਗਾ ਜਦੋਂ ਵੀ ਕਰ ਦਿਆਂਗੇ ਦੇਖਿਓ
ਕੁਝ ਅਜਿਹੇ ਕਾਰਨਾਮੇ ਹੌਸਲੇ ਦੀ ਲੋੜ ਹੈ
ਇੰਤਹਾ ਦੀ ਹੱਦ ਤੀਕਰ ਹੈ ਬਥੇਰਾ ਸਹਿ ਲਿਆ
ਹੁਣ ਬਗਾਵਤ ਲਈ ਜਨੂੰਨੀ ਜ਼ਲਜ਼ਲੇ ਦੀ ਲੋੜ ਹੈ
ਅੱਕਿਆ ਆਵਾਮ ਆਖੇਗਾ ਕਦੇ ਸਰਕਾਰ ਨੂੰ
ਨਾ ਹੀ ਲਾਰੇ ਨਾ ਹੀ ਵਾਅਦੇ ਖੋਖਲੇ ਦੀ ਲੋੜ ਹੈ
ਦੱਸ ਦੇਈਏ ਸਾਰਿਆਂ ਨੂੰ ਲੁੱਟ ਕਿੱਦਾਂ ਹੋ ਰਹੀ
ਸੋਚਣਾ ਹੈ ਕਿੰਜ ਬਚੀਏ ਤੌਖਲੇ ਦੀ ਲੋੜ ਹੈ
ਇਹ ਕ੍ਰਾਂਤੀ ਜਦ ਵੀ ਆਈ ਲੱਗਦਾ ਲੰਮਾਂ ਸਮਾਂ
ਵੱਡੀਆਂ ਕੁਰਬਾਨੀਆਂ ਦੇ ਸਿਲਸਿਲੇ ਦੀ ਲੋੜ ਹੈ
(ਬਲਜੀਤ ਪਾਲ ਸਿੰਘ)
No comments:
Post a Comment