Sunday, October 23, 2011

ਦੀਵੇ ਅਤੇ ਮੁਹੱਬਤ

ਮੁਹੱਬਤ ਉਂਜ ਤਾਂ ਦਰਾਂ ਤੇ ਦੀਵੇ ਬਾਲ ਜਾਂਦੀ ਹੈ
ਪਰ ਕਦੇ ਕਦੇ ਵਸਦੇ ਘਰਾਂ ਨੂੰ ਜਾਲ ਜਾਂਦੀ ਹੈ


ਜੀਵਨ ਜਾਚ ਵੀ ਨਹੀਂ ਮਰਨ ਨੂੰ ਦਿਲ ਨਹੀਂ ਕਰਦਾ
ਕੋਈ ਆਰਜ਼ੂ ਸਦਾ ਕਬਰ ਤੱਕ ਨਾਲ ਜਾਂਦੀ ਹੈ


ਆਲਮ ਬੇਰੁਖੀ ਦਾ ਜਿਨ੍ਹਾਂ ਨੇ ਦਿਲ ਤੇ ਹੰਢਾ ਲਿਆ
ਬਦਨਸੀਬੀ ਉਹਨਾਂ ਦੇ ਸੰਗ ਰਿਸ਼ਤਾ ਪਾਲ ਜਾਂਦੀ ਹੈ


ਭਰੋਸਾ ਨਾ ਹੀ ਕਰੀਏ ਤੁਰ ਗਏ ਪ੍ਰਦੇਸੀਆਂ ਉੱਤੇ
ਯਾਦ ਉਹਨਾਂ ਦੀ ਐਵੇਂ ਹੀ ਕਈ ਕਈ ਸਾਲ ਖਾਂਦੀ ਹੈ


ਅਸਲੀ ਮੌਤ ਤੋਂ ਪਹਿਲਾਂ ਹੀ ਮਰਨਾ ਰੋਜ਼ ਪੈਂਦਾ ਹੈ
ਖੁਸ਼ੀ ਜਿੰਨ੍ਹਾਂ ਤੋਂ ਹਰ ਵਕਤ ਪਾਸਾ ਟਾਲ ਜਾਂਦੀ ਹੈ


ਸਾਨੂੰ ਰਾਸ ਨਾ ਆਈ ਤੁਹਾਡੇ ਸ਼ਹਿਰ ਦੀ ਬਣਤਰ
ਕੋਝੀ ਤਪਸ਼ ਇਸਦੀ ਹਰ ਨਜ਼ਾਰਾ ਗਾਲ ਜਾਂਦੀ ਹੈ

Sunday, October 2, 2011

ਮੌਸਮ

ਮੌਸਮ ਇਹ ਓਦੋਂ ਜਿਹਾ ਮੌਸਮ ਨਹੀਂ
ਪਹਿਲਾਂ ਵਾਂਗੂੰ ਮਹਿਕਦਾ ਗੁਲਸ਼ਨ ਨਹੀਂ

ਜ਼ਿੰਦਗੀ ਵਿਚ ਜੋੜੀਏ ਕੁਝ ਪਲ ਸਕੂਨ 
ਲੱਭੀਏ ਦਰ ਜਿਸ ਜਗ੍ਹਾ ਮਾਤਮ ਨਹੀਂ

ਆਪਣਿਆ ਨੂੰ ਅਲਵਿਦਾ ਇੰਜ ਕਿਉਂ ਕਹਾਂ
ਆਦਮੀ ਹਾਂ ਆਮ ਮੈਂ ਗੌਤਮ ਨਹੀਂ 

ਕਿਸ ਤਰਾਂ ਲੱਭਾਂਗੇ ਜੁਗਨੂੰ ਦੋਸਤੋ 
ਨ੍ਹੇਰਿਆਂ ਸੰਗ ਖਹਿਣ ਦੀ ਹਿੰਮਤ ਨਹੀਂ

ਤਾਜ ਇਕ ਉਸਰੇਗਾ ਆਪਣੇ ਵਾਸਤੇ 
ਕੌਣ ਕਹਿੰਦੈ ਆਪਣੀ ਇਹ ਕਿਸਮਤ ਨਹੀਂ