Friday, December 10, 2021

ਗ਼ਜ਼ਲ

ਜਿਹੜੀ ਧਰਤੀ ਉੱਤੇ ਹੋਈ ਖੰਡਾ ਬਾਟਾ ਸਿਰਜਣਾ

ਉਸ ਧਰਤੀ 'ਤੇ ਹੈ ਕਾਹਤੋਂ ਹੁਣ ਸੰਨਾਟਾ ਸਿਰਜਣਾ


ਰਹਿਬਰਾਂ ਤੋਂ ਆਸ ਕੀਤੀ ਸੀ ਬੜੀ ਲੋਕਾਂ ਕਦੇ

ਉਹਨਾਂ ਨੇ ਕੀਤੀ ਹੈ ਕੇਵਲ ਦਾਲ ਆਟਾ ਸਿਰਜਣਾ


ਖੰਭ ਲਾ ਕੇ ਉੱਡਿਆ ਹੈ ਸਹਿਜ਼ ਸੰਜ਼ਮ ਏਸ 'ਚੋਂ

ਜ਼ਿੰਦਗੀ ਹੁਣ ਰਾਕਟਾਂ ਵਰਗੀ ਫਰਾਟਾ ਸਿਰਜਣਾ


ਪੌਣਾਂ ਅੰਦਰ ਪਹਿਲਾਂ ਵਾਲੀ ਤਾਜ਼ਗੀ ਕੋਈ ਨਹੀਂ

ਸਾਵਣ ਭਾਦੋਂ ਸੀ ਕਦੇ ਜਿਹੜਾ ਛਰਾਟਾ ਸਿਰਜਣਾ


ਉਲਝਿਆ ਹੈ ਆਦਮੀ ਵਣਜਾਂ ਦੇ ਐਸੇ ਦੌਰ ਵਿੱਚ

ਖੁਦਕੁਸ਼ੀ ਦੇ ਮੋੜ ਤੇ ਘਾਟਾ ਹੀ ਘਾਟਾ ਸਿਰਜਣਾ


ਵਕਤ ਹੋਏ ਖੌਲਿਆ ਕੋਈ ਸਮੁੰਦਰ ਕਿਓਂ ਨਹੀਂ

ਹੁਣ ਸਮੇਂ ਦੀ ਲੋੜ ਹੈ ਜਵਾਰ-ਭਾਟਾ ਸਿਰਜਣਾ

(ਬਲਜੀਤ ਪਾਲ ਸਿੰਘ)



Sunday, December 5, 2021

ਗ਼ਜ਼ਲ


ਤਪਦੀ ਗਰਮੀ ਠਰਦੀ ਸਰਦੀ ਹਰ ਮੌਸਮ ਵਰਦਾਨ ਜਿਹਾ

ਕੁਦਰਤ ਦਾ ਹਰ ਵਰਤਾਰਾ ਹੀ ਲੱਗਦਾ ਹੈ ਭਗਵਾਨ ਜਿਹਾ


ਹਰ ਵੇਲੇ ਹੀ ਰਿੜ੍ਹਦੀ ਤੇ ਗਿੜ੍ਹਦੀ ਰਹਿੰਦੀ ਹੈ ਇਹ ਧਰਤੀ

ਸਭ ਦਾ ਏਥੇ ਆਉਣਾ ਰਹਿਣਾ ਤੇ ਜਾਣਾ ਮਹਿਮਾਨ ਜਿਹਾ


ਜਦ ਵੀ ਸਾਨੂੰ ਆਣ ਸਤਾਏ ਯਾਦ ਕਿਸੇ ਹਮਸਾਏ ਦੀ

ਓਦੋਂ ਸਾਰਾ ਜੀਵਨ ਲੱਗਦਾ ਅੱਧਮੋਏ ਅਰਮਾਨ ਜਿਹਾ


ਨਿੱਤ ਹਾਦਸੇ ਜ਼ਖ਼ਮੀ ਮੰਜ਼ਰ ਦੇਖ ਕਲੇਜੇ ਧੂਹ ਪੈਂਦੀ

ਚੋਗਿਰਦੇ ਦਾ ਹਰ ਕੋਨਾ ਹੀ ਫਿਰ ਜਾਪੇ ਸ਼ਮਸ਼ਾਨ ਜਿਹਾ


ਜਿਥੇ ਮਰਦੀ ਮਾਨਵਤਾ ਨੂੰ ਕੋਈ ਨਾ ਢਾਰਸ ਹੋਵੇ 

ਉਹਨਾਂ ਥਾਵਾਂ ਜੂਹਾਂ ਦਾ ਵੀ ਦਰਜਾ ਕੂੜੇਦਾਨ ਜਿਹਾ

(ਬਲਜੀਤ ਪਾਲ ਸਿੰਘ਼)

Saturday, November 13, 2021

ਗ਼ਜ਼ਲ

ਹੱਸਣ ਵਾਂਗੂੰ ਕਦੇ ਕਦਾਈਂ ਰੋਣਾ ਬਹੁਤ ਜ਼ਰੂਰੀ ਹੁੰਦਾ

ਅੰਤਰ ਮਨ ਦੇ ਸਭ ਐਬਾਂ ਨੂੰ ਧੋਣਾ ਬਹੁਤ ਜ਼ਰੂਰੀ ਹੁੰਦਾ


ਸਾਰੇ ਲੋਕਾਂ ਦਾ ਦਿਲ ਕਰਦਾ ਹੈ ਕਿ ਫੁੱਲਾਂ ਵਾਂਗੂੰ ਖਿੜੀਏ

ਪਰ ਕੁਝ ਮੌਕੇ ਆਉਂਦੇ ਪੱਥਰ ਹੋਣਾ ਬਹੁਤ ਜ਼ਰੂਰੀ ਹੁੰਦਾ 


ਕੌੜ ਕੁਸੈਲੀ ਯਾਦ ਨੂੰ ਭੁੱਲਣਾਂ ਬੜਾ ਜ਼ਰੂਰੀ ਹੁੰਦਾ ਭਾਵੇਂ

ਚੰਗੇ ਗੁਜ਼ਰੇ ਵਕਤਾਂ ਅੰਦਰ ਖੋਣਾ ਬਹੁਤ ਜ਼ਰੂਰੀ ਹੁੰਦਾ


ਕੱਲਮ ਕੱਲੇ ਬੰਦੇ ਕੋਲੋਂ ਦਰਦ ਵੰਡਾਉਣਾ ਚਾਹੀਦਾ ਹੈ

ਹੌਲਾ ਕਰ ਕੇ ਭਾਰ ਗ਼ਮਾਂ ਦਾ ਢੋਣਾ ਬਹੁਤ ਜ਼ਰੂਰੀ ਹੁੰਦਾ


ਅੜਕ ਵਹਿੜਕਾ ਉਮਰੋਂ ਟੱਪਿਆ ਡਾਢੀ ਮੁਸ਼ਕਿਲ ਹੋ ਜਾਂਦੀ

ਅੱਲੜ ਉਮਰੇ ਉਸਨੂੰ ਹਲ ਤੇ ਜੋਣਾ ਬਹੁਤ ਜ਼ਰੂਰੀ ਹੁੰਦਾ


ਇੱਕੋ ਮੰਤਰ ਜੀਵਨ ਅੰਦਰ ਫੇਰ ਬੁਲੰਦੀ ਹਾਸਲ ਹੋਣੀ

ਤਪਦੀ ਧੁੱਪੇ ਯਾਰੋ ਮੁੜ੍ਹਕਾ ਚੋਣਾ ਬਹੁਤ ਜ਼ਰੂਰੀ ਹੁੰਦਾ

(ਬਲਜੀਤ ਪਾਲ ਸਿੰਘ਼)


ਗ਼ਜ਼ਲ

ਫੁੱਲ ਬੂਟੇ ਤਾਂ ਯਾਰ ਬਥੇਰੇ ਲੱਗੇ ਹੋਏ ਨੇ 

ਫਿਰ ਵੀ ਵਾਤਾਵਰਨ ਪ੍ਰੇਮੀ ਠੱਗੇ ਹੋਏ ਨੇ


ਬੜੀ ਕਮਾਈ ਕਿਰਸਾਨਾਂ ਦੀ ਘੱਟ ਹੋ ਚੁੱਕੀ ਹੈ

ਤਾਹੀਂ ਗਲ਼ ਵਿਚ ਪਾਏ ਪੁਰਾਣੇ ਝੱਗੇ ਹੋਏ ਨੇ


ਕਿੰਨਾ ਔਖਾ ਔਖਾ ਵਕਤ ਲੰਘਾਇਆ ਮੈਂ ਯਾਰੋ

ਕਾਲੇ ਵਾਲ ਨਾ ਧੁੱਪਾਂ ਅੰਦਰ ਬੱਗੇ ਹੋਏ ਨੇ


ਹਰ ਵੇਲੇ ਸੱਤਾ ਦਾ ਇਹ ਵਰਤਾਰਾ ਦੇਖੋ ਜੀ

ਹਾਕਮ ਨੇ ਵਰਤੇ ਜੋ ਬੰਦੇ ਢੱਗੇ ਹੋਏ ਨੇ


ਸਮਝ ਲਿਆ ਮੈਂ ਚਾਰਾਜੋਈ ਕਰਨੀ ਪੈਣੀ ਹੈ

ਮੇਰੇ ਮਿੱਤਰ ਮੇਰੇ ਤੋਂ ਵੀ ਅੱਗੇ ਹੋਏ ਨੇ

(ਬਲਜੀਤ ਪਾਲ ਸਿੰਘ਼)






Friday, November 12, 2021

ਗ਼ਜ਼ਲ


ਲੋਕਾਂ ਨਾਲੋਂ ਵੱਖਰਾ ਕੁਝ ਨਹੀਂ ਕਰ ਚੱਲੇ ਹਾਂ

ਹੋਰਾਂ ਵਾਂਗੂੰ ਅਸੀਂ ਹਾਜ਼ਰੀ ਭਰ ਚੱਲੇ ਹਾਂ


ਮਸਤੀ ਵਿੱਚ ਹੁੰਦੇ ਹਾਂ ਸਰਦੀ ਵਿੱਚ ਵੀ ਨਿੱਘੇ

ਕਦੇ ਗਰਮੀਆਂ ਵਿੱਚ ਵੀ ਲੱਗੇ ਠਰ ਚੱਲੇ ਹਾਂ


ਸੁਬ੍ਹਾ ਸਵੇਰੇ ਨ੍ਹਾ ਧੋ ਕੇ ਜਦ ਕੰਮ ਤੇ ਜਾਈਏ

ਇਉਂ ਜਾਪੇ ਕਿ ਆਪਣੇ ਅਸਲੀ ਘਰ ਚੱਲੇ ਹਾਂ


ਦੋ ਪੈੱਗ ਲਾ ਲਈਏ ਤਾਂ ਲੱਗਦਾ ਕਿ ਮੌਜਾਂ ਨੇ

ਲਹਿ ਜਾਂਦੀ ਤਾਂ ਲੱਗਦਾ ਹੈ ਕਿ ਮਰ ਚੱਲੇ ਹਾਂ


ਕੋਈ ਬਹੁਤੀ ਵੱਡੀ ਸਾਡੀ ਹਸਤੀ ਹੈ ਨਹੀਂ

ਏਥੋਂ ਚੁੱਕੀਆਂ ਵਸਤਾਂ ਏਥੇ ਧਰ ਚੱਲੇ ਹਾਂ


ਤੇਰੇ ਮੇਰੇ ਸਭ ਦੇ ਸਫ਼ਰਾਂ ਦੀ ਇਹ ਗਾਥਾ

ਜਿਹੜੇ ਦਰ ਤੋਂ ਆਏ ਓਸੇ ਦਰ ਚੱਲੇ ਹਾਂ

(ਬਲਜੀਤ ਪਾਲ ਸਿੰਘ਼)

Wednesday, November 10, 2021

ਗ਼ਜ਼ਲ


ਹਾਕਮ ਮਾੜਾ ਹੋਵੇ ਪਰਜਾ ਭੋਗੇ ਦੁੱਖਾਂ ਨੂੰ

ਦਾਤਾ ਦੇਵੀਂ ਥੋੜੀ ਬਹੁਤ ਸੁਮੱਤ ਮਨੁੱਖਾਂ ਨੂੰ


ਠੰਡੀ ਠੰਡੀ ਛਾਵੇਂ ਬਹਿਣਾ ਸਾਰੇ ਚਾਹੁੰਦੇ ਨੇ

ਕੋਈ ਵੀ ਨਾ ਤੱਕਣਾ ਚਾਹੇ ਸੁੱਕੇ ਰੁੱਖਾਂ ਨੂੰ


ਬਾਬੇ ਦੀ ਬਾਣੀ ਅੰਦਰ ਤਾਂ ਔਰਤ ਉੱਤਮ ਹੈ

ਫਿਰ ਵੀ ਬਹੁਤੇ ਲੋਕੀਂ ਕਾਹਤੋਂ ਪਰਖਣ ਕੁੱਖਾਂ ਨੂੰ


ਵਿਰਲੇ ਟਾਂਵੇਂ ਧਰਤੀ ਉੱਤੇ ਬੰਦੇ ਹੁੰਦੇ ਨੇ

ਨੇਕੀ ਕਰਦੇ ਜਿਹੜੇ ਛੱਡਕੇ ਸਾਰੇ ਸੁੱਖਾਂ ਨੂੰ


ਨਫ਼ਰਤ ਗੁੱਸਾ ਲਾਲਚ ਤਿੰਨੇ ਬਹੁਤੇ ਮਾੜੇ ਨੇ

ਕੁਦਰਤ ਕਿੱਦਾਂ ਪੂਰਾ ਕਰਦੀ ਇਹਨਾਂ ਭੁੱਖਾਂ ਨੂੰ

(ਬਲਜੀਤ ਪਾਲ ਸਿੰਘ਼)









Sunday, October 31, 2021

ਗ਼ਜ਼ਲ


ਜਿਹੜੇ ਲੋਕੀ ਰੁੱਖਾਂ ਹੇਠਾਂ ਖੜ੍ਹ ਫੋਟੋ ਖਿੱਚਵਾਉਂਦੇ ਨੇ

ਉਹੀ ਆਖਿਰ ਠੇਕਾ ਲੈ ਕੇ ਇਹਨਾਂ ਨੂੰ ਕੱਟਵਾਉਂਦੇ ਨੇ


ਲੀਡਰ ਸੌਦਾ ਕਰਦੇ ਐਸਾ ਰਾਸ ਬਹੇ ਜੋ ਉਹਨਾਂ ਨੂੰ 

ਉਹਨਾਂ ਦੇ ਜੋ ਉਲਟ ਹੈ ਚੱਲਦਾ ਓਸੇ ਨੂੰ ਮਰਵਾਉਂਦੇ ਨੇ


ਨੇੜੇ ਜਦ ਵੀ ਚੋਣ ਹੈ ਆਉਂਦੀ ਓਦੋਂ ਸਾਡੇ ਨੇਤਾ-ਗਣ

ਤਰ੍ਹਾਂ ਤਰ੍ਹਾਂ ਦੇ ਕਰਕੇ ਵਾਅਦੇ ਲੋਕਾਂ ਨੂੰ ਭਰਮਾਉਂਦੇ ਨੇ


ਬਹੁਤੇ ਸ਼ਾਇਰ ਲਿਖ ਲੈਂਦੇ ਨੇ ਸ਼ਿਅਰਾਂ ਨੂੰ ਬਹਿਰਾਂ ਅੰਦਰ

ਪਰ ਉਹਨਾਂ ਨੂੰ ਮਹਿਫ਼ਲ ਸਾਹਵੇਂ ਬੋਲਣ ਤੋਂ ਸ਼ਰਮਾਉਂਦੇ ਨੇ


ਕੲੀ ਅੰਦੋਲਨ ਅਤੇ ਕ੍ਰਾਂਤੀ ਦੇ ਸੋਹਲੇ ਗਾਉਂਦੇ ਅਕਸਰ

ਜੇਲਾਂ ਤੇ ਫਾਂਸੀ ਦੇ ਕਿੱਸੇ ਸੁਣ ਲੇਕਿਨ ਘਬਰਾਉਂਦੇ ਨੇ


ਲੋਕਾਂ ਅੰਦਰ ਭਾਈਚਾਰਕ ਸਾਂਝਾਂ ਹਨ ਭਾਵੇਂ ਕਾਇਮ 

ਮਾੜੇ ਅਨਸਰ ਤਾਂ ਵੀ ਦੰਗੇ ਆਏ ਦਿਨ ਕਰਵਾਉਂਦੇ ਨੇ

(ਬਲਜੀਤ ਪਾਲ ਸਿੰਘ਼)

Saturday, October 23, 2021

ਗ਼ਜ਼ਲ


ਸੁਨੇਹਾ ਮੈਂ ਇਹ ਦਿੰਦਾ ਹਾਂ ਮੁਹੱਬਤ ਸੋਚ ਕੇ ਕਰਨਾ

ਕਿ ਤੋੜੇ ਜੋ ਦਿਲਾਂ ਨੂੰ ਉਹ ਹਿਮਾਕਤ ਸੋਚ ਕੇ ਕਰਨਾ


ਬੜੀ ਘਟੀਆ ਪਿਰਤ ਹੁਣ ਪੈ ਗਈ ਧੋਖੇ ਫਰੇਬਾਂ ਦੀ

ਕਿਸੇ ਨੂੰ ਦਰਦ ਨਾ ਹੋਵੇ ਸ਼ਰਾਰਤ ਸੋਚ ਕੇ ਕਰਨਾ


ਇਹ ਸੱਤਾ ਦੇ ਦਲਾਲਾਂ ਦੇ ਬੜੇ ਖੂੰਖਾਰ ਨੇ ਤੇਵਰ

ਕਦਮ ਵੀ ਫੂਕ ਕੇ ਧਰਨਾ ਬਗਾਵਤ ਸੋਚ ਕੇ ਕਰਨਾ


ਬੜੀ ਲੰਮੀ ਲੜਾਈ ਹੋਏਗੀ ਕਿਰਦਾਰ ਦਿੱਸਣਗੇ

ਓਦੋਂ ਵੈਰੀ ਤੇ ਮਿੱਤਰ ਦੀ ਸ਼ਨਾਖਤ ਸੋਚ ਕੇ ਕਰਨਾ


ਜਦੋਂ ਇਹ ਵਕਤ ਸਾਡੇ ਤੋਂ ਕਦੇ ਸੰਜੀਦਗੀ ਮੰਗੇ

ਤਕਾਜ਼ਾ ਵੀ ਸਹੀ ਰੱਖਣਾ ਨਜ਼ਾਕਤ ਸੋਚ ਕੇ ਕਰਨਾ

(ਬਲਜੀਤ ਪਾਲ ਸਿੰਘ਼)


Thursday, October 14, 2021

ਗ਼ਜ਼ਲ


ਚੌਗਿਰਦੇ ਵਿੱਚ ਚਿੰਤਾਵਾਂ ਤੇ ਡਰ ਬੈਠੇ ਨੇ

ਬੇਵਿਸ਼ਵਾਸੀ ਤੇ ਸ਼ੰਕਾ ਦਰ ਦਰ ਬੈਠੇ ਨੇ


ਗੈਰਯਕੀਨੇ ਜਿਹੇ ਸਵਾਲਾਂ ਦੀ ਝੜੀ ਹੈ

ਮੌਸਮ ਤਾਂ ਬੇ-ਕਿਰਕੇ ਸਾਡੇ ਘਰ ਬੈਠੇ ਨੇ ।


ਛਾਈ ਹੋਈ ਹੈ ਬੇ-ਨੂਰੀ ਚਿਹਰਿਆਂ ਉੱਤੇ

ਲੋਕੀਂ ਸੱਤਾ ਦੇ ਝੰਬੇ ਘਰ ਘਰ ਬੈਠੇ ਨੇ


ਬੇਵਫਾਈ ਚੇਤੇ ਹੈ ਇਹ ਵੀ ਤਾਂ ਸੋਚੋ

ਲੋਕ ਭੁਲੇਖੇ ਵਿੱਚ ਜ਼ਫਾਵਾਂ ਕਰ ਬੈਠੇ ਨੇ


ਸੀਸ ਨਿਵਾ ਕੇ ਸਿਜਦਾ ਕਰੀਏ ਹੁਣ ਉਹਨਾਂ ਨੂੰ

ਭਾਰੇ ਸਿਤਮਾਂ ਨੂੰ ਵੀ ਜਿਹੜੇ ਜਰ ਬੈਠੇ ਨੇ


ਹੱਕਾਂ ਖਾਤਿਰ ਜੂਝਣ ਤੱਤੀਆਂ ਸੜਕਾਂ ਉੱਪਰ

ਵਾਰਸ ਆਪਣੇ ਖੇਤਾਂ ਦੇ ਮਰ ਮਰ ਬੈਠੇ ਨੇ


ਨਾਜ਼ਕ ਰੀਝਾਂ ਸੱਧਰਾਂ ਦੇ ਕਾਤਲ ਬਣਦੇ ਜੋ

ਪਾਪਾਂ ਦੀ ਝੋਲੀ ਉਹ ਜ਼ਾਲਮ ਭਰ ਬੈਠੇ ਨੇ 

(ਬਲਜੀਤ ਪਾਲ ਸਿੰਘ਼)





Friday, October 1, 2021

ਗ਼ਜ਼ਲ


ਉੱਜੜ ਚੁੱਕੇ ਇਸ ਗੁਲਸ਼ਨ ਨੂੰ ਕੋਈ ਮਾਲੀ ਮਿਲ ਜਾਵੇ ਤਾਂ
ਆਪਮੁਹਾਰੇ ਆਉਣ ਬਹਾਰਾਂ ਖੁਸ਼ਦਿਲ ਡਾਲੀ ਮਿਲ ਜਾਵੇ ਤਾਂ

ਬਹੁਤੀ ਵਾਰੀ ਏਦਾਂ ਹੁੰਦਾ ਰੂਹ ਨੂੰ ਚੈਨ ਨਸੀਬ ਨਾ ਹੋਵੇ
ਲੋਚੇ ਮਨ ਕਿ ਠੰਢਕ ਉਸਨੂੰ ਝਰਨੇ ਵਾਲੀ ਮਿਲ ਜਾਵੇ ਤਾਂ

ਰਹੇ ਸੋਚਦਾ ਸ਼ਾਇਰ ਕਿ ਮੈਂ ਐਸਾ ਸ਼ਿਅਰ ਸੁਣਾਵਾਂ ਕੋਈ
ਸਾਹਵੇਂ ਬੈਠੇ ਲੋਕਾਂ ਕੋਲੋਂ ਠੁੱਕਵੀੱਂ ਤਾਲੀ ਮਿਲ ਜਾਵੇ ਤਾਂ

ਹਰ ਕੋਈ ਚਾਹੁੰਦਾ ਹੈ ਕਿ ਉਸਨੂੰ ਚਾਹੀਦੀ ਰਫ਼ਤਾਰ ਬੜੀ
ਸਾਰੇ ਸੋਚਣ ਅੱਗੇ ਵਧੀਏ ਰਸਤਾ ਖਾਲੀ ਮਿਲ ਜਾਵੇ ਤਾਂ

ਕਿਰਸਾਨਾਂ ਦੀ ਮਿਹਨਤ ਨੂੰ ਵੀ ਬੂਰ ਪਵੇਗਾ ਉਸ ਵੇਲੇ
ਖੇਤਾਂ ਨੂੰ  ਜੇ ਹਿੰਮਤ ਵਾਲਾ ਹਾਲੀ ਪਾਲੀ ਮਿਲ ਜਾਵੇ ਤਾਂ
(ਬਲਜੀਤ ਪਾਲ ਸਿੰਘ਼)


ਗ਼ਜ਼ਲ


ਖਾਲੀ ਹੋਈਆਂ ਥਾਵਾਂ ਅਕਸਰ ਭਰਦੀ ਰਹਿੰਦੀ ਹੈ

ਕੁਦਰਤ ਆਪਣਾ ਕਾਰਜ ਹਰਦਮ ਕਰਦੀ ਰਹਿੰਦੀ ਹੈ


ਮਾਰੂਥਲ ਵੀ ਇੱਕ ਵੇਲੇ ਹਰਿਆਲੇ ਹੋਇਆ ਕਰਦੇ ਸੀ

ਰੇਤੇ ਹੇਠਾਂ ਵੀ ਜਲ-ਧਾਰਾ ਤਰਦੀ ਰਹਿੰਦੀ ਹੈ


ਨੇੜੇ-ਤੇੜੇ ਬੱਦਲ਼ਾਂ ਦੀ ਜੇ ਆਹਟ ਸੁਣੀਏ ਉਸ ਵੇਲੇ,

ਮੇਰੇ ਮਨ ਦੀ ਮਮਟੀ ਵਾਲੀ ਸਰਗਮ ਡਰਦੀ ਰਹਿੰਦੀ ਹੈ


ਖਾਹਿਸ਼ ਐਨੀ ਪ੍ਰਬਲ ਹੋਈ ਕਾਰਨ ਬਹੁਤੇ ਨੇ ਇਸਦੇ

ਜੀਵਨ ਦੀ ਹਰ ਵੇਲੇ ਇੱਛਾ ਜੰਮਦੀ ਮਰਦੀ ਰਹਿੰਦੀ ਹੈ


ਗਰਮ ਹਵਾਵਾਂ ਠੰਡੀਆਂ ਪੌਣਾਂ ਵਾਲੇ ਮੌਸਮ ਦੀ ਆਮਦ ਨੂੰ

ਸਹਿੰਦਾ ਹੈ ਕਿਰਸਾਨ ਤੇ ਆਖਰ ਖੇਤੀ ਜਰਦੀ ਰਹਿੰਦੀ ਹੈ

(ਬਲਜੀਤ ਪਾਲ ਸਿੰਘ਼)


Friday, September 17, 2021

ਗ਼ਜ਼ਲ


ਲੋਕਾਂ ਵਿੱਚ ਸੁਲਘਦਾ ਲਾਵਾ ਫੁੱਟਣ ਵਾਲਾ ਹੈ

ਹਾਕਮ ਧਿਰ ਦਾ ਝੂਠਾ ਤੰਤਰ ਟੁੱਟਣ ਵਾਲਾ ਹੈ


ਐਨੇ ਸਾਰੇ ਟੈਕਸ ਏਥੇ ਪਹਿਲਾਂ ਵੀ ਤਾਂ ਹੈਗੇ ਨੇ

ਜੋ ਵੀ ਬਚਿਆ ਮੰਡੀ ਅੰਦਰ ਲੁੱਟਣ ਵਾਲਾ ਹੈ


ਬਾਗ਼ ਬਗ਼ੀਚੇ ਜੋ ਵੀ ਦਿਸਦੇ ਹਨ ਇਹ ਸਾਰੇ ਹੀ ਯਾਰੋ

ਇਹਨਾਂ ਨੂੰ ਇੱਕ ਫਾਸ਼ੀਵਾਦੀ ਪੁੱਟਣ ਵਾਲਾ ਹੈ


ਪ੍ਰਸ਼ਾਸਨ ਨੂੰ ਹੁਕਮ ਹੋ ਗਿਆ ਏਨੀ ਸਖਤੀ ਕਰ ਦੇਵੋ

ਦਫ਼ਾ ਚੁਤਾਲੀ ਲਾਈ ਤੇ ਉਹ ਕੁੱਟਣ ਵਾਲਾ ਹੈ


ਬੋਲੇਗਾ ਜੋ ਵਿਗੜੀ ਹੋਈ ਰਾਜ ਵਿਵਸਥਾ ਉੱਤੇ ਹੁਣ

ਤਾਕਤ ਵਰਤੇਗਾ ਉਹ ਗਿੱਚੀ ਘੁੱਟਣ ਵਾਲਾ ਹੈ


ਹੱਕਾਂ ਦੀ ਖਾਤਿਰ ਜਿਹੜੇ ਕਾਨੂੰਨ ਬਣਾਏ ਹੋਏ ਸੀ

ਉਹ ਰੱਦੀ ਦੇ ਬਸਤੇ ਅੰਦਰ ਸੁੱਟਣ ਵਾਲਾ ਹੈ

(ਬਲਜੀਤ ਪਾਲ ਸਿੰਘ਼)

Saturday, September 11, 2021

ਗ਼ਜ਼ਲ


ਰੱਬ ਦੇ ਘਰ ਟੱਲ ਜਦ ਵੀ ਖੜਕਦਾ ਹੈ
ਮੇਰਾ ਮਸਤਕ ਰਹਿ ਰਹਿ ਕੇ ਠਣਕਦਾ ਹੈ

ਜਦ ਵੀ  ਗੁੰਬਦ ਗੂੰਜਦੇ ਵੱਡੀ ਸਵੇਰ
ਆਲ੍ਹਣੇ ਬੈਠਾ ਪਰਿੰਦਾ ਸਹਿਕਦਾ ਹੈ

ਸ਼ਹਿਰ ਅੰਦਰ ਨੇ ਸਿਆਸੀ ਹਲਚਲਾਂ
ਇਸ ਤਰ੍ਹਾਂ ਜਿੱਦਾਂ ਕਿ ਢੱਠਾ ਬੜ੍ਹਕਦਾ ਹੈ

ਅੰਨਦਾਤੇ ਦਾ ਫ਼ਿਕਰ ਹੈ ਜਾਇਜ਼ ਕਿੰਨਾ
ਪੱਕੀਆਂ ਫ਼ਸਲਾਂ ਤੇ ਬੱਦਲ ਕੜਕਦਾ ਹੈ

ਪਿੰਡਾਂ ਅੰਦਰ ਹੈ ਅਜਿਹੀ  ਆਸਥਾ ਕਿ
ਹੌਲੀ ਹੌਲੀ ਰੋਜ ਜੀਵਨ ਸਰਕਦਾ ਹੈ

ਸਹਿਣ ਕਿੱਦਾਂ ਕਰਣਗੇ ਹੁਣ ਇਹ ਗੁਲਾਮੀ
ਨੌਜਵਾਨੀ ਦਾ ਵੀ ਪਰਚਮ ਲਹਿਰਦਾ ਹੈ
(ਬਲਜੀਤ ਪਾਲ ਸਿੰਘ਼)

Friday, September 10, 2021

ਗ਼ਜ਼ਲ


ਹਰ ਅਦਾਲਤ ਇਓਂ ਸਦਾ ਮਿਲਦੀ ਰਹੀ ਮੈਨੂੰ

ਬਿਨ ਕਸੂਰੋਂ ਹੀ ਸਜ਼ਾ ਮਿਲਦੀ ਰਹੀ ਮੈਨੂੰ


ਜ਼ਿੰਦਗੀ ਦਾ ਪੰਧ ਏਦਾਂ ਦਾ ਰਿਹਾ ਹਰਦਮ

ਛਾਂਵਾਂ ਕੋਲੋਂ ਵੀ ਕਜ਼ਾ ਮਿਲਦੀ ਰਹੀ ਮੈਨੂੰ


ਵਾਅਦਾ ਖਿਲਾਫੀ ਵੀ ਕਦੇ ਕੀਤੀ ਨਹੀਂ 

ਕੈਦ ਫਿਰ ਵੀ ਬਿਨ ਖ਼ਤਾ ਮਿਲਦੀ ਰਹੀ ਮੈਨੂੰ


ਮਾਣ ਕੀਤਾ ਸਾਰਿਆਂ ਦਾ ਫੇਰ ਕਾਹਤੋਂ

ਬੇਬਸੀ ਹੀ ਬੇ-ਵਜ੍ਹਾ ਮਿਲਦੀ ਰਹੀ ਮੈਨੂੰ


ਹੋਇਆ ਨਹੀਂ ਮਰਜ਼ ਦਾ ਕੋਈ ਇਲਾਜ

ਸੌ ਤਬੀਬਾਂ ਤੋਂ ਦਵਾ ਮਿਲਦੀ ਰਹੀ ਮੈਨੂੰ

(ਬਲਜੀਤ ਪਾਲ ਸਿੰਘ)

Tuesday, September 7, 2021

ਗ਼ਜ਼ਲ


ਰਾਤ ਆਈ ਚੰਨ ਤਾਰੇ ਆ ਗਏ ਨੇ
ਚਾਨਣੀ ਆਈ ਸ਼ਰਾਰੇ ਆ ਗਏ ਨੇ

ਖੂਬ ਸਜੀਆਂ ਮਹਿਫ਼ਲਾਂ ਸੰਗੀਤ ਵੀ ਹੈ
ਸਾਰੇ ਹੀ ਮਿੱਤਰ ਪਿਆਰੇ ਆ ਗਏ ਨੇ

ਬੀਤਿਆ ਸਮਿਆਂ ਦੇ ਮੰਜ਼ਰ ਰਾਂਗਲੇ ਜੋ
ਜ਼ਿਹਨ ਅੰਦਰ ਫੇਰ ਸਾਰੇ ਆ ਗਏ ਨੇ

ਆ ਗੲੀ ਬਰਸਾਤ ਕਿਣਮਿਣ ਹੋ ਰਹੀ
ਗੀਤ ਗਾਉਂਦੇ ਸੌ ਨਜ਼ਾਰੇ ਆ ਗਏ ਨੇ

ਝੂਮ ਕੇ ਆਈਆਂ ਬਹਾਰਾਂ ਇਸ ਤਰ੍ਹਾਂ
ਪੀਂਘ ਪਾਈ ਤਾਂ ਹੁਲਾਰੇ ਗਏ ਨੇ

ਕਾਫ਼ਲੇ ਤੋਂ ਦੂਰ ਹੇਇਆ ਜਾਣਦਾ ਹਾਂ
ਫੇਰ ਵੀ ਕਿੰਨੇ ਸਹਾਰੇ ਆ ਗਏ ਨੇ

ਖੇਡਣਾ ਤੇ ਹੱਸਣਾ ਜਾਰੀ ਰਹੇਗਾ
ਭਾਵੇਂ ਕਿੰਨੇ ਦਰਦ ਭਾਰੇ ਆ ਗਏ ਨੇ
(ਬਲਜੀਤ ਪਾਲ ਸਿੰਘ)


Saturday, August 28, 2021

ਗ਼ਜ਼ਲ


ਉਡਿਆ ਸੁਹਜ ਫਿਜ਼ਾਵਾਂ ਵਿੱਚੋਂ ਰੁੱਤਾਂ ਦੀ ਫੁੱਲਕਾਰੀ ਗਈ
ਸੋਚਾਂ ਬਚਪਨ ਬੁੱਢਾ ਕੀਤਾ ਬਾਲਾਂ ਦੀ ਕਿਲਕਾਰੀ ਗਈ

ਥਾਂ ਥਾਂ ਉੱਤੇ ਖੁੱਲ੍ਹ ਗਈਆਂ ਨੇ ਕਿਹੋ ਜਹੀਆਂ ਸੰਸਥਾਵਾਂ
ਪੈਸੇ ਦੇ ਕੇ ਡਿਗਰੀ ਮਿਲਦੀ ਵਿਦਿਆ ਪਰਉਪਕਾਰੀ ਗਈ

ਕੋਈ ਚੈਨਲ ਜਦ ਵੀ ਵੇਖੋ ਮੈਂ ਮੈਂ ਕਰਨ ਸਿਆਸੀ ਬੰਦੇ
ਲਾਲਚ ਤੇ ਹਾਉਮੇ ਵਿੱਚ ਡੁੱਬੀ ਅੱਜ ਸਿਆਸਤ ਸਾਰੀ
ਗਈ

ਪਹਿਲਾਂ ਪਹਿਲਾਂ ਅਖ਼ਬਾਰਾਂ 'ਤੇ ਕਿੰਨਾ ਸੀ ਇਤਬਾਰ ਕਦੇ

ਅੱਜ ਮੀਡੀਆ ਵਿਕਿਆ ਹੋਇਆ ਕਿੱਧਰ ਪੱਤਰਕਾਰੀ ਗਈ

ਲਾਚਾਰੀ ਗ਼ੁਰਬਤ ਦੇ ਮਾਰੇ ਲੋਕਾਂ ਦੀ ਹਰ ਅਰਜ਼ੀ ਤਾਂ

ਸਰਕਾਰੇ ਦਰਬਾਰੇ ਸਾਰੇ ਥਾਵਾਂ ਤੇ ਦੁਰਕਾਰੀ ਗਈ

ਫੈਸ਼ਨ ਕਰਕੇ ਵਾਲਾਂ ਉੱਤੇ ਜੈੱਲ ਲਗਾਈ ਫਿਰਦੇ ਜੋ
ਗੱਭਰੂਆਂ ਦੇ ਸਿਰ ਉੱਤੇ ਜੇ ਪੱਗ ਨਹੀਂ ਸਰਦਾਰੀ ਗਈ

ਗਰਮੀ ਰੁੱਤੇ ਬੰਦ ਕਮਰੇ ਵਿੱਚ ਏ ਸੀ ਲਾ ਕੇ ਬੈਠੇ ਹਾਂ
ਬੋਹੜਾਂ ਪਿੱਪਲਾਂ ਨਿੰਮਾਂ ਵਾਲੀ ਠੰਢਕ ਤੇ ਛਾਂ-ਦਾਰੀ ਗਈ

ਸਾਰੀ ਉਮਰਾ ਜੂਨ ਹੰਢਾਉਂਦਾ ਫਾਹਾ ਲੈ ਅੰਨਦਾਤਾ ਮਰਿਆ
ਘਾਟੇਵੰਦਾ ਸੌਦਾ ਬਣਿਆ ਖੇਤੀ ਕਰਮਾਂ ਮਾਰੀ ਗਈ
(ਬਲਜੀਤ ਪਾਲ ਸਿੰਘ)

Monday, August 9, 2021

ਗ਼ਜ਼ਲ


ਥੋੜਾ ਥੋੜਾ ਜ਼ਿੰਦਗੀ ਵਿੱਚ ਬਚਪਨਾ ਜਾਰੀ ਰਹੇ
ਦਿਲ ਕਿਸੇ ਦੀ ਯਾਦ ਅੰਦਰ ਧੜਕਣਾ ਜਾਰੀ ਰਹੇ

ਹੋਇਆ ਕੀ ਜੇ ਬਣ ਗਏ ਹਾਲਾਤ ਥੋੜੇ ਗ਼ਮਜ਼ਦਾ
ਹੋਰ ਚੰਗੇ ਵੇਲਿਆਂ ਦੀ ਕਲਪਨਾ ਜਾਰੀ ਰਹੇ

ਸਾਰੀਆਂ ਹੀ ਬਸਤੀਆਂ ਵਿੱਚ ਰਾਜ ਹੋਵੇ ਸੱਚ ਦਾ
ਮਾੜੀਆਂ ਰੀਤਾਂ ਨੂੰ ਹਰਦਮ ਵਰਜਨਾ ਜਾਰੀ ਰਹੇ

ਭਾਵੇਂ ਕਿੰਨਾ ਔਕੜਾਂ ਭਰਿਆ ਸਫ਼ਰ ਹੈ ਦੋਸਤੋ
ਹੌਲੀ ਹੌਲੀ ਰਸਤਿਆਂ ਤੇ ਚੱਲਣਾ ਜਾਰੀ ਰਹੇ

ਤਪਦੇ ਥਲ ਦੀ ਆਰਜ਼ੂ ਪੂਰੀ ਵੀ ਹੋਏਗੀ ਉਦੋਂ
ਨੀਵੇਂ ਨੀਵੇਂ ਬਦਲਾਂ ਦਾ ਵਰਸਣਾ ਜਾਰੀ ਰਹੇ
(ਬਲਜੀਤ ਪਾਲ ਸਿੰਘ)

Tuesday, July 27, 2021

ਗ਼ਜ਼ਲ


ਮੈਂ ਅਧੂਰੇ ਸੁਫਨਿਆਂ ਦੀ ਗੱਲ ਕਰਦਾ ਹੀ ਰਹਾਂਗਾ
ਜ਼ਿੰਦਗੀ ਦੀ ਕੈਨਵਸ ਤੇ ਰੰਗ ਭਰਦਾ ਹੀ ਰਹਾਂਗਾ

ਮੰਜ਼ਿਲਾਂ ਤੱਕ ਪਹੁੰਚਣਾ ਹੈ ਜ਼ਖ਼ਮ ਨੇ ਮਨਜ਼ੂਰ ਮੈਨੂੰ
ਦੋਸਤਾਂ ਤੇ ਦੁਸ਼ਮਣਾਂ ਦੇ ਵਾਰ ਜਰਦਾ ਹੀ ਰਹਾਂਗਾ

ਮੈਂ ਕਿਸਾਨਾਂ ਨੂੰ ਹਾਂ ਦਿੰਦਾ,ਅੱਜ ਤੋਂ ਧਰਵਾਸ ਇਹ
ਖੇਤ ਨੂੰ ਜੇ ਸਾਂਭਣਾ ਰਾਤਾਂ ਨੂੰ ਠਰਦਾ ਹੀ ਰਹਾਂਗਾ

ਜਾਣਦਾ ਹਾਂ ਕਿ ਨਿਹੱਥਾ ਹੋ ਗਿਆ ਹਾਂ ਇਸ ਘੜੀ
ਸਮਝ ਨਾ ਲੈਣਾ ਕਿਤੇ ਇਹ ਕਿ ਮੈਂ ਡਰਦਾ ਹੀ ਰਹਾਂਗਾ

ਲਾਸ਼ ਮੇਰੀ ਨੂੰ ਵੀ ਸਤਲੁਜ ਦੇ ਹਵਾਲੇ ਕਰ ਦਿਓ
ਡੋਬ ਕੇ ਹਾਕਮ ਦੀ ਹਾਊਮੈਂ ਫੇਰ ਤਰਦਾ ਹੀ ਰਹਾਂਗਾ

ਖ਼ਾਕ ਭਾਵੇਂ ਹੋ ਗਿਆ ਹਾਂ,ਵਾਂਗ ਮੈਂ ਕੁਕਨੂਸ ਐਪਰ
ਆਪਣੀ ਮਿੱਟੀ ਲਈ ਜੰਮਦਾ ਤੇ ਮਰਦਾ ਹੀ ਰਹਾਂਗਾ
(ਬਲਜੀਤ ਪਾਲ ਸਿੰਘ਼)

Monday, July 19, 2021

ਗ਼ਜ਼ਲ


ਰੋਜ ਕਚਹਿਰੀ ਅੰਦਰ ਵੇਖਾਂ ਮੈਂ ਨੰਗੇ ਕਿਰਦਾਰ ਬੜੇ
ਵਾੜ ਫਸਲ ਨੂੰ ਖਾਈ ਜਾਵੇ ਸੁੱਤੇ ਪਹਿਰੇਦਾਰ ਬੜੇ

ਜਦ ਵੀ ਗੱਲ ਹੱਕਾਂ ਦੀ ਹੋਈ ਸੱਤਾ ਦੇ ਗਲਿਆਰੇ ਵਿਚ
ਲੋਕਾਂ ਦੀ ਗੱਲ ਕਿਸੇ ਨਾ ਕੀਤੀ ਝੂਠੇ ਲੰਬੜਦਾਰ ਬੜੇ

ਸਿਰ ਉੱਪਰ ਦੀ ਲੰਘਿਆ ਪਾਣੀ ਕੁਝ ਤਾਂ ਕਰਨਾ ਪੈਣਾ ਹੈ
ਦੇਖੀ ਜਾਇਓ ਜੰਮਣਗੇ ਹੁਣ ਭਗਤ ਸਿੰਘ ਸਰਦਾਰ ਬੜੇ

ਜਰਵਾਣੇ ਹਾਕਮ ਨੂੰ ਆਖੋ ਪੜ੍ਹ ਵੇਖੇ ਇਤਿਹਾਸ ਜਰਾ
ਓਹਦੇ ਵਿੱਚੋਂ ਨੋਟ ਕਰ ਲਵੇ ਕਿੱਸੇ ਨੇ ਦਮਦਾਰ ਬੜੇ

ਵਕਤ ਬਦਲਦੇ ਦੇਰ ਨਾ ਲੱਗੇ ਤਖਤੋਂ ਤਖਤਾ ਹੋ ਜਾਂਦਾ
ਜੂਹਾਂ ਵਿੱਚੋਂ ਬਾਗੀ ਨਿਕਲਣ ਜਦ ਝੰਡਾ ਬਰਦਾਰ ਬੜੇ
(ਬਲਜੀਤ ਪਾਲ ਸਿੰਘ਼)


Sunday, July 11, 2021

ਗ਼ਜ਼ਲ

 

ਅੰਬਰ ਸੂਰਜ ਚੰਦ ਸਿਤਾਰੇ ਸਾਂਝੇ ਨੇ

ਦਰਿਆ ਪਰਬਤ ਪੌਣਾਂ ਸਾਰੇ ਸਾਂਝੇ ਨੇ


ਨੀਲਾ ਨੀਲਾ ਪਾਣੀ ਸਭ ਦਾ ਸਾਂਝਾ ਹੈ

ਮੀਲਾਂ ਫੈਲੇ ਸਾਗਰ ਖਾਰੇ ਸਾਂਝੇ ਨੇ


ਸੋਹਣੇ ਲੰਮੇ ਰਸਤੇ ਠੰਡੀਆਂ ਛਾਵਾਂ ਜੋ

ਸਾਰੇ ਮੰਜ਼ਰ ਮਸਤ ਨਜ਼ਾਰੇ ਸਾਂਝੇ ਨੇ


ਕਵਿਤਾ ਗੀਤਾਂ ਗ਼ਜ਼ਲਾਂ ਵਿਚੋਂ ਭਾਲੋ ਤਾਂ

ਸ਼ਬਦਾਂ ਦੇ ਭਰਪੂਰ ਪਿਟਾਰੇ ਸਾਂਝੇ ਨੇ


ਔੜਾਂ ਧੁੱਪਾਂ ਝੱਖੜ ਸਰਦੀ ਸਹਿਣ ਸਦਾ

ਰੁੱਖਾਂ ਦੇ ਵੀ ਦੁੱਖ ਨਿਆਰੇ ਸਾਂਝੇ ਨੇ


ਕਲ-ਕਲ ਵਗਦੀ ਨਦੀ 'ਚ ਬੜੀ ਰਵਾਨੀ ਹੈ

ਜਿਹੜੇ ਲਹਿਰਾਂ ਕਰਨ ਇਸ਼ਾਰੇ ਸਾਂਝੇ ਨੇ।


(ਬਲਜੀਤ ਪਾਲ ਸਿੰਘ਼)

Sunday, June 27, 2021

ਗ਼ਜ਼ਲ

 

ਮੇਰੇ ਮਹਿਰਮ ਸੋਹਣੇ ਮੰਜ਼ਰ ਵੇਖਾਂ ਮੈਂ

ਜਦ ਵੀ ਤੈਨੂੰ ਸੁਪਨੇ ਅੰਦਰ ਵੇਖਾਂ ਮੈਂ


ਤੈਨੂੰ ਮਿਲਕੇ ਜਾਪੇ ਏਦਾਂ ਹਰ ਵੇਲੇ 

ਕੋਈ ਦਿਲਕਸ਼ ਤੀਰਥ ਮੰਦਰ ਵੇਖਾਂ ਮੈਂ


ਖਹਿੰਦੇ ਲੀਡਰ ਵੇਖਾਂ ਸੰਸਦ ਅੰਦਰ ਜਦ

ਮਰਿਆ ਹੋਇਆ ਪਰਜਾ ਤੰਤਰ ਵੇਖਾਂ ਮੈਂ


ਲੋਕਾਂ ਖਾਤਰ ਜੋ ਵੀ ਨੀਤੀ ਬਣਦੀ ਹੈ

ਓਹਦੇ ਅੰਦਰ ਵਿਗੜੇ ਯੰਤਰ ਵੇਖਾਂ ਮੈਂ


ਜਨਤਾ ਨੂੰ ਹੀ ਲੁੱਟਣ ਵਾਲਾ ਹਰ ਹੀਲੇ

ਬਾਬੇ ਮਾਰਨ ਜਿਹੜਾ ਮੰਤਰ ਵੇਖਾਂ ਮੈਂ


ਪੌਣਾਂ ਅੰਦਰ ਬਦਬੂ ਫੈਲੀ ਹੋਈ ਹੈ

ਖਾਰਾ ਪਾਣੀ ਧਰਤੀ ਬੰਜਰ ਵੇਖਾਂ ਮੈਂ

(ਬਲਜੀਤ ਪਾਲ ਸਿੰਘ਼)


Saturday, June 19, 2021

ਗ਼ਜ਼ਲ


ਹੌਲੀ ਹੌਲੀ ਟਹਿਣੀ ਨਾਲੋਂ ਪੱਤਾ ਪੱਤਾ ਝੜ ਜਾਏਗਾ
ਆਤਿਸ਼ ਵਰਗੇ ਮੌਸਮ ਆਏ ਗੁਲਸ਼ਨ ਸਾਰਾ ਸੜ ਜਾਏਗਾ

ਖੰਡਰ ਹੋਏ ਸ਼ਹਿਰ ਅਨੇਕਾਂ ਦੇਖ ਲਏ ਨੇ ਆਪਣੀ ਅੱਖੀਂ
ਜੇਕਰ ਆਲਮ ਇਹ ਨਾ ਬਦਲੇ ਬੰਦਾ ਨੰਗੇ ਧੜ ਜਾਏਗਾ

ਪਿੰਡਾਂ ਵਾਲੇ ਹਾਲੀ ਪਾਲੀ ਬੈਠ ਗੲੇ ਸੜਕਾਂ ਤੇ ਆ ਕੇ
ਹਾਕਮ ਦੀ ਜੇ ਅੱਖ ਨਾ ਖੁੱਲ੍ਹੀ ਜ਼ੋਰ ਅੰਦੋਲਨ ਫੜ ਜਾਏਗਾ

ਬਹੁਤੇ ਲੋਕੀਂ ਘਰਾਂ' 'ਚ ਬੈਠੇ ਹਾਲੇ ਵੀ ਇਹ ਸੋਚ ਰਹੇ ਨੇ
ਅੰਬਰ ਵਿੱਚੋਂ ਕੋਈ ਤਾਰੇ ਉਹਨਾਂ ਵਿਹੜੇ ਜੜ ਜਾਏਗਾ

ਜਾਗਣ ਪੰਛੀ ਸੁਬਾਹ ਸਵੇਰੇ ਚੋਗਾ ਚੁਗਦੇ ਨਾਲੇ ਚਹਿਕਣ
ਵਿਹਲਾ ਬੰਦਾ ਸ਼ਾਇਦ ਸਮਝੇ ਕਿਸਮਤ ਕੋਈ ਘੜ ਜਾਏਗਾ

ਲੋਕਾਂ ਜਦ ਵੀ 'ਕੱਠੇ ਹੋ ਕੇ ਵੱਡਾ ਹੰਭਲਾ ਮਾਰ ਲਿਆ ਤਾਂ
ਦੇਖਾਂਗੇ ਫਿਰ ਕਿੱਦਾਂ ਓਹਨਾਂ ਮੂਹਰੇ ਜਾਬਰ ਅੜ ਜਾਏਗਾ

ਗ਼ੈਰਤ ਜਿਸਦੇ ਸੀਨੇ ਅੰਦਰ ਪੁਰਖੇ ਉਸਨੂੰ ਬਖਸ਼ਣ ਤਾਕਤ
ਓਹੀ ਯੋਧਾ ਨਿਰਭੈ ਹੋ ਕੇ ਅਣਖਾਂ ਖਾਤਰ ਲੜ ਜਾਏਗਾ
(ਬਲਜੀਤ ਪਾਲ ਸਿੰਘ)

ਗ਼ਜ਼ਲ


ਸਰਕਾਰਾਂ ਦੀ ਨੀਤੀ ਹੁੰਦੀ  ਲੋਕਾਂ ਨੂੰ ਲੁੱਟਣਾ ਹੈ ਕਿੱਦਾਂ
ਬੀਜ ਕ੍ਰਾਂਤੀ ਦਾ ਉੱਗਣ ਤੋਂ ਪਹਿਲਾਂ ਹੀ ਪੁੱਟਣਾ ਹੈ ਕਿੱਦਾਂ

ਲੇਕਿਨ ਹਾਕਮ ਇਹ ਨਾ ਸਮਝੇ ਸੂਰਜ ਨੂੰ ਰੋਕੇਗਾ ਕਿਹੜਾ
ਕਾਲਖ ਦੀ ਚਾਦਰ ਨਾ ਜਾਣੇ ਕਿਰਨਾਂ ਨੇ ਫੁੱਟਣਾ ਹੈ ਕਿੱਦਾਂ

ਧੋਤੇ ਜਾਣੇ ਵਹਿਮ ਪੁਰਾਣੇ ਮਸਤਕ ਵਿੱਚ ਜਦ ਚਾਨਣ ਹੋਇਆ
ਦੇਖ ਲਿਓ ਸਦੀਆਂ ਤੋਂ ਆਈਆਂ ਮਿੱਥਾਂ ਨੇ ਟੁੱਟਣਾ ਹੈ ਕਿੱਦਾਂ

ਰੀਝਾਂ ਤੇ ਸੱਧਰਾਂ ਦਾ ਕੀ ਹੈ ਕਦੋਂ ਪੂਰੀਆਂ ਹੋਈਆਂ ਨੇ ਇਹ
ਰਹਿ ਗੲੀਆਂ ਜੋ ਅੱਧਵਿਚਾਲੇ ਸੀਨੇ ਵਿੱਚ ਘੁੱਟਣਾ ਹੈ ਕਿੱਦਾਂ

ਪਿੰਜਰੇ ਅੰਦਰ ਕੈਦ ਕਦੇ  ਨਾ ਰਹਿੰਦੇ ਸਦਾ ਵਿਚਾਰ ਫਲਸਫੇ
ਏਹਨਾਂ ਨੂੰ ਬਾਖੂਬੀ ਆਉਂਦਾ ਕੈਦਾਂ ਚੋਂ ਛੁੱਟਣਾ ਹੈ ਕਿੱਦਾਂ
(ਬਲਜੀਤ ਪਾਲ ਸਿੰਘ਼)

ਗ਼ਜ਼ਲ


ਤਖ਼ਤਾਂ ਵਾਲੇ ਕੀ ਸਮਝਣਗੇ ਇਹ ਵਰਤਾਰਾ ਹੋਰ ਤਰ੍ਹਾਂ ਹੈ

ਐਸ਼ ਪ੍ਰਸਤੀ ਹੋਰ ਤਰ੍ਹਾਂ ਪਰ ਜੂਨ ਗੁਜ਼ਾਰਾ ਹੋਰ ਤਰ੍ਹਾਂ ਹੈ


ਘੁੱਗੀਆਂ ਤੋਤੇ ਮੋਰ ਗਟਾਰਾਂ ਮਸਤੀ ਅੰਦਰ ਗਾਉਂਦੇ ਰਹਿੰਦੇ

ਬੰਦਾ ਜੋ ਖ਼ੁਸ਼ੀਆਂ ਲਈ ਕਰਦਾ ਵੱਖਰਾ ਚਾਰਾ ਹੋਰ ਤਰ੍ਹਾਂ ਹੈ


ਆਉਣ ਘਟਾਵਾਂ ਕਿਣਮਿਣ ਹੋਵੇ ਮੌਸਮ ਬੜਾ ਸੁਹਾਣਾ ਹੋਇਆ

ਲੇਕਿਨ ਕੁੱਲੀ ਢਾਰੇ ਤਾਈਂ ਚਿੱਕੜ ਗਾਰਾ ਹੋਰ ਤਰ੍ਹਾਂ ਹੈ


ਮੇਰੀ ਸਮਝ ਅਧੂਰੀ ਹੈ ਕਿ ਚੰਦ ਸਿਤਾਰੇ ਕਿੱਥੋਂ ਆਏ

ਕਾਦਰ ਨੇ ਸੂਰਜ ਨੂੰ ਦਿੱਤਾ ਉਹ ਝਲਕਾਰਾ ਹੋਰ ਤਰ੍ਹਾਂ ਹੈ


ਹਲ ਵਾਹੁੰਦੇ ਲੋਕਾਂ ਨੇ ਜਿਹੜਾ 'ਕੱਠੇ ਹੋ ਦਰਬਾਰ ਘੇਰਿਆ

ਉਸ ਥਾਂ ਜਾ ਕੇ ਤੀਰਥ ਜਾਪੇ ਅਜਬ ਨਜ਼ਾਰਾ ਹੋਰ ਤਰ੍ਹਾਂ ਹੈ

(ਬਲਜੀਤ ਪਾਲ ਸਿੰਘ਼)

Saturday, May 22, 2021

ਗ਼ਜ਼ਲ


ਉਹ ਸੁਨਹਿਰੀ ਸੁਪਨਿਆਂ ਦੀ ਕਤਲਗਾਹ ਹੋ ਜਾਏਗਾ

ਕੀ ਪਤਾ ਸੀ ਰਸਤਿਆਂ ਵਿੱਚ ਸਭ ਤਬਾਹ ਹੋ ਜਾਏਗਾ


ਉਮਰ ਲੰਘੀ ਹਰ ਘੜੀ ਭਾਲ ਜਿਸਦੀ ਕਰਦਿਆਂ

ਸੋਚਿਆ ਨਾ ਸੀ ਮੇਰਾ ਸੂਰਜ ਸਿਆਹ ਹੋ ਜਾਏਗਾ


ਜਿੰਦਗੀ ਦੇ ਪੰਧ ਵਿੱਚ ਭਾਵੇਂ ਨੇ ਘੁੰਮਣਘੇਰੀਆਂ

ਆਸ ਹੈ ਕਿ ਹੌਸਲਾ ਮੇਰਾ ਮਲਾਹ ਹੋ ਜਾਏਗਾ


ਮੀਸਣਾ ਜੋ ਸ਼ਖ਼ਸ ਮੇਰੇ ਨਾਲ ਸੀ ਤੁਰਦਾ ਪਿਆ

ਇਲਮ ਨਾ ਸੀ ਕਿ ਉਹ ਕਾਤਿਲ ਦਾ ਗਵਾਹ ਹੋ ਜਾਏਗਾ


ਬਾਗ ਦੀ ਮਹਿਕੀ ਫਿਜ਼ਾ ਸਭ ਡਾਲੀਆਂ ਤੇ ਹੁਸਨ ਹੈ

ਮਾਲੀਆਂ ਦੀ ਚਾਲ ਹੈ ਕਿ ਸਭ ਫ਼ਨਾਹ ਹੋ ਜਾਏਗਾ


(ਬਲਜੀਤ ਪਾਲ ਸਿੰਘ਼)

Friday, May 7, 2021

ਗ਼ਜ਼ਲ


ਲੋਕੀਂ ਓਥੇ ਘੁਗ ਵਸਦੇ ਨੇ ਚੰਗੀ ਜੇ ਸਰਕਾਰ ਮਿਲੇ ਤਾਂ

ਸਾਰੇ ਮਸਲੇ ਹੱਲ ਹੋ ਸਕਦੇ ਵਿਹਲਿਆਂ ਨੂੰ ਰੁਜ਼ਗਾਰ ਮਿਲੇ ਤਾਂ


ਲੋਹਾ ਹੋਵੇ ਅਤੇ ਹਥੌੜਾ ਅੱਗ ਅਤੇ ਭੱਠੀ ਵੀ ਹੋਵੇ

ਓਦੋਂ ਹੀ ਸੰਦ ਚੰਗਾ ਬਣਦਾ ਚੰਗਾ ਅਗਰ ਲੁਹਾਰ ਮਿਲੇ ਤਾਂ


ਰਾਹਾਂ ਉੱਤੇ ਤੁਰ ਪੈਂਦੇ ਨੇ ਬੰਨ ਤਿਆਰੀ ਕੲੀ ਮੁਸਾਫ਼ਿਰ

ਲੇਕਿਨ ਪੰਧ ਸੁਹਾਨਾ ਹੋਵੇ ਰਾਹਾਂ ਵਿੱਚ ਦਿਲਦਾਰ ਮਿਲੇ ਤਾਂ


ਸ਼ੋਰ ਸ਼ਰਾਬਾ ਪਾਈ ਜਾਂਦੀ ਐਵੇਂ ਦੁਨੀਆ ਤਾਲੋਂ ਖੁੰਝੀ

ਤੂੰਬਾ ਵੀ ਤਦ ਸੁਰ ਵਿੱਚ ਵੱਜਦਾ ਚੱਜ ਦੀ ਕੋਈ ਤਾਰ ਮਿਲੇ ਤਾਂ


ਵਤਨੋਂ ਦੂਰ ਤੁਰੇ ਜਾਂਦੇ ਨੇ ਕਾਹਤੋਂ ਗੱਭਰੂ ਤੇ ਮੁਟਿਆਰਾਂ

ਕਿਹੜਾ ਬੰਦਾ ਘਰ ਛੱਡਦਾ ਹੈ ਏਥੇ ਜੇ ਸਤਿਕਾਰ ਮਿਲੇ ਤਾਂ


ਠੂੰਹੇਂ ਸੱਪਾਂ ਤੋਂ ਵੀ ਵਧ ਕੇ ਹੋਇਆ ਫਿਰਦਾ ਜ਼ਹਿਰੀ ਬੰਦਾ

ਕਰੀਏ ਓਹਦੇ ਨਾਲ ਦੋਸਤੀ ਉੱਤਮ ਜੇ ਕਿਰਦਾਰ ਮਿਲੇ ਤਾਂ


ਕੋਠੀ, ਬੰਗਲਾ,ਮਹਿਲ, ਮੁਨਾਰੇ ਭਾਵੇਂ ਬਹੁਤੇ ਉਚੇ ਲੱਗਣ

ਘਰ ਓਦੋਂ ਹੀ ਘਰ ਬਣਦਾ ਹੈ ਘਰ ਨੂੰ ਜੇ ਪ੍ਰੀਵਾਰ ਮਿਲੇ ਤਾਂ


ਸਾਡੀ ਸੋਚ ਦੇ ਸਾਰੇ ਸ਼ਸਤਰ ਅਜੇ ਤਾਂ ਖੁੰਢੇ ਅਤੇ ਜੰਗਾਲੇ 

ਸ਼ੁਰੂ ਕਰਾਂਗੇ ਫੇਰ ਬਗਾਵਤ ਤਿੱਖੀ ਜਹੀ ਤਲਵਾਰ ਮਿਲੇ ਤਾਂ


ਹੋਂਦ ਆਪਣੀ ਖਾਤਰ ਕੌਮਾਂ ਯੁੱਧ ਲੜਦੀਆਂ ਸੁਣਦੇ ਆਏ

ਕੌਮ ਅੰਤ ਨੂੰ ਤਾਂ ਜਿਤੇਗੀ ਜੇ ਝੰਡਾ ਬਰਦਾਰ ਮਿਲੇ ਤਾਂ

(ਬਲਜੀਤ ਪਾਲ ਸਿੰਘ਼)


Wednesday, May 5, 2021

ਗ਼ਜ਼ਲ


ਪੱਤਝੜ ਰੁੱਤੇ ਪੱਤ ਵਿਹੂਣੇ ਰੁੱਖਾਂ ਦੀ ਕੁਰਬਾਨੀ ਦੇਖੋ
ਫੇਰ ਬਹਾਰਾਂ ਦੇ ਲਈ ਕਰਦੇ ਜੋ ਕੋਸ਼ਿਸ਼ ਲਾਸਾਨੀ ਦੇਖੋ

ਮਿੱਟੀ ਨਾਲੋਂ ਤੋੜੇ ਲੋਕੀਂ ਏਨੀ ਵੱਡੀ ਸਾਜ਼ਿਸ਼ ਕੀਤੀ
ਗੋਲ ਇਮਾਰਤ ਅੰਦਰ ਬੈਠੇ ਠੱਗਾਂ ਦੀ ਮਨਮਾਨੀ ਦੇਖੋ

ਘੁੱਗੀਆਂ ਅਤੇ ਕਬੂਤਰ ਚਿੜੀਆਂ ਦੇ ਬੋਟਾਂ ਦੀ ਖੈਰ ਮਨਾਓ
ਜੋ ਰਾਜੇ ਦੀ ਚੂਰੀ ਖਾਂਦਾ ਤੋਤੇ ਦੇ ਗਲ ਗਾਨੀ ਦੇਖੋ

ਕਰ ਚੁੱਕੇ ਨੇ ਜੀ ਹਜ਼ੂਰੀ ਰਾਜੇ ਦੇ ਦਰਬਾਰ ਬਥੇਰੀ
ਲੋਕਾਂ ਖਾਤਰ ਨਹੀਓਂ ਲਿਖਦੀ ਕੁਝ ਕਵੀਆਂ ਦੀ ਕਾਨੀ ਦੇਖੋ

ਉੱਲੂਆਂ ਤੇ ਚਮਗਿੱਦੜਾਂ ਕਬਜ਼ਾ ਬਾਗ਼ ਦੇ ਉੱਤੇ ਏਦਾਂ ਕੀਤਾ
ਮਾਲੀਆਂ ਹੀ ਖੁਦ ਵਾੜ ਉਖਾੜੀ ਕੈਸੀ ਕਾਰਸ਼ਤਾਨੀ ਦੇਖੋ
(ਬਲਜੀਤ ਪਾਲ ਸਿੰਘ)

Monday, May 3, 2021

ਗ਼ਜ਼ਲ


ਬੜਾ ਹੀ ਬੇ-ਧਿਆਨਾ ਹੋ ਗਿਆ ਹਾਂ

ਕਿ ਰੁੱਤਾਂ ਦਾ ਦਿਵਾਨਾ ਹੋ ਗਿਆ ਹਾਂ


ਕਦੇ ਦੁਨੀਆ ਬੜੀ ਇਹ ਮੋਹ ਭਰੀ ਸੀ

ਮੈਂ ਖੁਦ ਕੋਲੋਂ ਬਿਗਾਨਾ ਹੋ ਗਿਆ ਹਾਂ


ਸਮੇਂ ਦੇ ਝੱਖੜਾਂ ਨੇ ਝੰਬਿਆ ਹੈ

ਬਿਨਾਂ ਸੁਰ ਤੋਂ ਤਰਾਨਾ ਹੋ ਗਿਆ ਹਾਂ


ਘਰੋਂ ਤੁਰਿਆ ਸਾਂ ਕਿ ਮੰਜ਼ਿਲ ਮਿਲੇਗੀ

ਮੈਂ ਔਝੜ ਰਾਹ ਰਵਾਨਾ ਹੋ ਗਿਆ ਹਾਂ


ਉਡੀਕੀ ਜਾ ਰਿਹਾਂ ਹਾਂ ਬੱਦਲ਼ੀਆਂ ਨੂੰ

ਬੜਾ ਜਰਖੇਜ ਸੀ ਬਰਾਨਾ ਹੋ ਗਿਆ ਹਾਂ

(ਬਲਜੀਤ ਪਾਲ ਸਿੰਘ)

Tuesday, April 6, 2021

ਗ਼ਜ਼ਲ


ਚੇਤਰ ਆਇਆ ਪਰ ਚੇਤੇ ਵਿੱਚ ਵੱਸਿਆ ਨਾ
ਮਹਿਰਮ ਨੇ ਕੋਈ ਠਾਹਰ-ਟਿਕਾਣਾ ਦੱਸਿਆ ਨਾ

ਵੇਖਦਿਆਂ ਹੀ  ਰੰਗ ਵਟਾਏ ਰੁੱਤਾਂ ਨੇ
ਦਿਲ ਐਨਾ ਪੱਥਰ ਹੋਇਆ ਕਿ ਹੱਸਿਆ ਨਾ

ਆਪਣਿਆਂ ਤੇ ਹੋਰ ਵੀ ਬਹੁਤ ਹੈਰਾਨੀ ਹੈ
ਨਫ਼ਰਤ ਵਾਲਾ ਤੀਰ ਉਹਨਾਂ ਨੇ ਕੱਸਿਆ ਨਾ

ਕਾਹਦਾ ਹੈ ਉਹ ਫੁੱਲਾਂ ਦਾ ਆਸ਼ਕ ਜਿਸਨੂ
ਚੜ੍ਹਦੀ ਭਾਦੋਂ ਇਸ਼ਕ  ਨਾਗ ਨੇ ਡੱਸਿਆ ਨਾ

ਗੋਡੇ ਕੋਲੇ ਜਦ ਵੀ ਸਾਂਵਲ ਬੈਠਾ ਹੋਵੇ
ਪੁੰਨਿਆ ਹੀ ਪੁੰਨਿਆ ਹੈ ਫਿਰ ਮੱਸਿਆ ਨਾ
((ਬਲਜੀਤ ਪਾਲ ਸਿੰਘ)


Friday, April 2, 2021

ਗ਼ਜ਼ਲ

 

ਕਰਦੀ ਆਈ ਜਿਵੇਂ ਸਿਆਸਤ ਓਵੇਂ ਹੋਣਾ ਅੱਗੇ ਤੋਂ 

ਲੋਕਾਂ ਨੇ ਫਿਰ ਟੈਕਸਾਂ ਵਾਲਾ ਬੋਝ ਹੈ ਢੋਣਾ ਅੱਗੇ ਤੋਂ


ਚੋਣਾਂ ਆਈਆਂ ਭਾਸ਼ਣ ਹੋਏ ਤੇ ਸਰਕਾਰ ਬਣਾਉਂਣੀ ਹੈ

ਚੁਣ ਕੇ ਗ਼ਲਤ ਨੁਮਾਇੰਦਿਆਂ ਨੂੰ ਪਰਜਾ ਰੋਣਾ ਅੱਗੇ ਤੋਂ


ਬੈਠੇ ਘੜ੍ਹਨ ਸਕੀਮਾਂ ਠੰਡੇ ਬੰਗਲੇ ਅੰਦਰ ਕੁਝ ਬੰਦੇ

ਪਰ ਕਿਰਤੀ ਦੇ ਪਿੰਡੇ ਉੱਤੇ ਮੁੜ੍ਹਕਾ ਚੋਣਾ ਅੱਗੇ ਤੋਂ


ਦੇਖੇ ਐਸ਼-ਪ੍ਰਸਤੀ ਕਰਦੇ ਬਹੁਤੀ ਵਾਰ ਸਿਆਸੀ ਲੋਕ

ਆਪਣੇ ਮਾੜੇ ਕਿਰਦਾਰਾਂ ਨੂੰ ਉਹਨਾਂ ਧੋਣਾ ਅੱਗੇ ਤੋਂ


ਨਾ ਬਲਦਾਂ ਗਲ ਟੱਲੀਆਂ ਹੀ ਨੇ ਨਾ ਘੰਮਕਾਰ ਮਧਾਣੀ ਦੀ

ਹੁਣ ਨਾ ਤੜਕੇ ਅੰਨਦਾਤੇ ਨੇ ਹੱਲ ਹੈ ਜੋਣਾ ਅੱਗੇ ਤੋਂ

(ਬਲਜੀਤ ਪਾਲ ਸਿੰਘ)


Thursday, April 1, 2021

ਗ਼ਜ਼ਲ

 

ਸ਼ਾਇਦ ਦੁਸ਼ਮਣ ਨੂੰ ਇਹ ਭਾਣਾ ਚੰਗਾ ਲੱਗੇ

ਮੇਰਾ ਦੁਨੀਆ ਤੋਂ ਤੁਰ ਜਾਣਾ ਚੰਗਾ ਲੱਗੇ


ਜੇਕਰ ਕਰੇ ਕੋਈ ਚਲਾਕੀ ਖਿਝ ਜਾਂਦਾ ਹਾਂ

ਮੈਨੂੰ ਬੰਦਾ ਬੀਬਾ ਰਾਣਾ ਚੰਗਾ ਲੱਗੇ


ਪੌਣ ਵਗੇ ਤੇ ਫੁੱਲਾਂ ਦੀ ਜਦ ਫੈਲੇ ਖੁਸ਼ਬੂ  

ਏਸ ਤਰ੍ਹਾਂ ਕੁਦਰਤ ਦਾ ਗਾਣਾ ਚੰਗਾ ਲੱਗੇ


ਸਾਗਰ ਪਰਬਤ ਜੰਗਲ ਬੇਲੇ ਕੋਹਾਂ ਤੀਕਰ

ਕਾਦਰ ਦਾ ਇਹ ਤਾਣਾ ਬਾਣਾ ਚੰਗਾ ਲੱਗੇ


ਸੋਹਣੇ ਲੱਗਣ ਕਾਮੇ ਅਤੇ ਕਿਸਾਨ ਹਮੇਸ਼ਾ

ਲੋਕਾਂ ਦਾ ਜੁੜਿਆ ਲੁੰਗ ਲਾਣਾ ਚੰਗਾ ਲੱਗੇ

(ਬਲਜੀਤ ਪਾਲ ਸਿੰਘ)

Wednesday, March 31, 2021

ਗ਼ਜ਼ਲ

ਆਪਣੇ ਤੋਂ ਜੁਦਾ ਦੀ ਆਖਰੀ ਗ਼ਜ਼ਲ

ਕਦੇ ਕਦਾਈਂ ਮਾੜਾ ਮੋਟਾ ਬਣਦਾ ਸਰਦਾ ਲਿਖਦਾ ਰਹਿੰਨਾ
ਫ਼ਰਜ਼ਾਂ ਕੋਲੋਂ ਦੂਰੀ ਕਰਕੇ ਧੋਖਾ ਕਰਦਾ ਲਿਖਦਾ ਰਹਿੰਨਾ

ਬੜਾ ਜ਼ਮਾਨਾ ਟੇਢਾ ਆਇਆ ਚਾਰ ਚੁਫੇਰੇ ਭੰਬਲਭੂਸੇ
ਔੜਾਂ ਧੁੱਪਾਂ ਸੋਕਾ ਝੱਖੜ ਸਾਰੇ ਜਰਦਾ ਲਿਖਦਾ ਰਹਿੰਨਾ

ਜਦ ਵੀ ਕੋਈ ਸਵਾਲ ਕਰਾਰਾ ਹੱਲ ਨਾ ਹੋਵੇ ਮੇਰੇ ਕੋਲੋਂ
ਮਾਰਾਂ ਤੁੱਕੇ ਐਵੇਂ ਖਾਲੀ ਥਾਵਾਂ ਭਰਦਾ ਲਿਖਦਾ ਰਹਿੰਨਾ

ਲੱਗਦਾ ਜਿਵੇਂ ਗਵਾਚ ਗਏ ਨੇ ਕੋਸੇ ਕੋਸੇ ਨਿੱਘੇ ਰਿਸ਼ਤੇ
ਸਰਦ ਰੁੱਤ ਦੀ ਆਮਦ ਹੋਈ ਕੰਬਦਾ ਠਰਦਾ ਲਿਖਦਾ ਰਹਿੰਨਾ

ਰੋਸੇ ਤੇ ਪਛਤਾਵੇ ਕਿੰਨੇ ਨਾਲ ਨਾਲ ਹੀ ਤੁਰਦੇ ਰਹਿੰਦੇ
ਬਚ ਕੇ ਐਸੀ ਦੂਸ਼ਣ-ਬਾਜ਼ੀ ਕੋਲੋਂ ਡਰਦਾ ਲਿਖਦਾ ਰਹਿੰਨਾ

ਹਰ ਵੇਲੇ ਹੀ ਦੋਸ਼ ਅਨੇਕਾਂ ਦੂਜੇ ਲੋਕਾਂ ਅੰਦਰ ਲੱਭਾਂ
ਪਰ ਮੈਂ ਆਪਣੇ ਐਬਾਂ ਉਤੇ ਪਾ ਕੇ ਪਰਦਾ ਲਿਖਦਾ ਰਹਿੰਨਾ
(ਬਲਜੀਤ ਪਾਲ ਸਿੰਘ)