Thursday, September 3, 2020

ਗ਼ਜ਼ਲ


ਬਦਲਣ ਰੁੱਤਾਂ ਫੇਰ ਹਵਾਵਾਂ ਬਦਲ ਜਾਂਦੀਆਂ ਨੇ

ਸਮੇਂ ਸਮੇਂ ਦੇ ਨਾਲ ਦੁਆਵਾਂ ਬਦਲ ਜਾਂਦੀਆਂ ਨੇ


ਔੜਾਂ ਮਾਰੀ ਧਰਤੀ ਛੱਡ ਕੇ ਹੋਰ ਜਗ੍ਹਾ ਵਰਸਣ

ਆਉਂਦੇ ਆਉਂਦੇ ਘੋਰ ਘਟਾਵਾਂ ਬਦਲ ਜਾਂਦੀਆਂ ਨੇ


ਸਫਰ ਸੁਹਾਣਾ ਹੋਵੇ ਯਾਰਾਂ ਤੇ ਦਿਲਦਾਰਾਂ ਨਾਲ

ਪੈ ਜਾਂਦੀ ਬਿਪਤਾ ਜਦ ਰਾਹਵਾਂ ਬਦਲ ਜਾਂਦੀਆਂ ਨੇ


ਦਈਏ ਕਿੱਦਾਂ ਦੋਸ਼ ਹੁਸਨ ਦੀ ਮਗ਼ਰੂਰੀ ਉੱਤੇ

ਚੜ੍ਹਦੀ ਉਮਰੇ ਸ਼ੋਖ ਅਦਾਵਾਂ ਬਦਲ ਜਾਂਦੀਆਂ ਨੇ


ਜਦੋਂ ਵੀ ਸੂਰਜ ਲਹਿੰਦੇ ਵਾਲੇ ਪਾਸੇ ਝੁਕ ਜਾਂਦਾ

ਦਿਨ ਢਲਦੇ ਰੁੱਖਾਂ ਦੀਆਂ ਛਾਵਾਂ ਬਦਲ ਜਾਂਦੀਆਂ ਨੇ


ਚਮਕਣ ਤਾਰੇ ਰਾਤਾਂ ਨੂੰ ਫਿਰ ਬਦਲ ਬਦਲ ਥਾਵਾਂ

ਚੰਦ ਦੀਆਂ ਹਰ ਰਾਤ ਕਲਾਵਾਂ ਬਦਲ ਜਾਂਦੀਆਂ ਨੇ


ਤਕਦੀਰਾਂ ਵਿਚ ਲਿਖਿਆ ਜੇ ਸੰਤਾਪ ਭੋਗਣਾਂ ਤਾਂ

ਹੱਥਾਂ ਦੀਆਂ ਬਰੀਕ ਰੇਖਾਵਾਂ ਬਦਲ ਜਾਂਦੀਆਂ ਨੇ

(ਬਲਜੀਤ ਪਾਲ ਸਿੰਘ)