ਜਾਣੀਏ ਹੁਣ ਜ਼ਿੰਦਗੀ ਦਾ ਮੋਹ ਪਰੁੰਨਾ ਫਲਸਫਾ
ਛੱਡ ਦੇਈਏ ਨਫ਼ਰਤਾਂ ਦਾ ਕੋਹੜ ਭਰਿਆ ਮਾਜਰਾ
ਰਾਜਨੀਤੀ ਤੇ ਧਰਮ ਨੇ ਰੋਲਿਆ ਹਰ ਬਸ਼ਰ ਨੂੰ
ਕੋਈ ਆਵੇ ਦੇਵੇ ਇਹਨਾਂ ਭਟਕਿਆਂ ਨੂੰ ਆਸਰਾ
ਜ਼ਿੰਦਗੀ ਦਾ ਪੰਧ ਐਨਾ ਰੰਗਲਾ ਹੋਵੇ ਜਨਾਬ
ਝਰਨਿਆਂ ਨਦੀਆਂ ਹੁਸੀਨ ਵਾਦੀਆਂ ਦਾ ਸਿਲਸਿਲਾ
ਸ਼ੀਸ਼ਿਆਂ ਤੇ ਪਰਦਿਆਂ ਵਿੱਚ ਬੈਠਕੇ ਆਵੇ ਕਿਵੇਂ
ਪੰਛੀਆਂ ਵਾਂਗੂੰ ਉਡਾਰੀ ਭਰਨ ਦਾ ਉਹ ਹੌਸਲਾ
ਮੈਂ ਕਦੇ ਵੀ ਖ਼ਾਬ ਅੰਦਰ ਸੋਚਿਆ ਏਦਾਂ ਨਾ ਸੀ
ਖੇਡ ਚੁੱਕਾ ਹੈ ਫਰੇਬੀ ਖੇਡ ਜਿਹੜੀ ਦਿਲਰੁਬਾ
ਏਸ ਥਾਂ ਤੇ ਸ਼ਹਿਰ ਅੰਦਰ ਸੀ ਕਦੇ ਰੌਣਕ ਬੜੀ
ਏਥੇ ਵੀ ਕਿੰਨੀ ਤਬਾਹੀ ਕਰ ਗਿਆ ਹੈ ਜ਼ਲਜ਼ਲਾ
ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦਾ ਕਰੀਏ ਉਪਾਅ
'ਕੱਲਿਆਂ ਦਾ ਕੀ ਬਣੇਗਾ ਰਸਤਿਆਂ 'ਤੇ ਕਾਫਲਾ
(ਬਲਜੀਤ ਪਾਲ ਸਿੰਘ)
No comments:
Post a Comment