ਸੱਚ ਆਖਾਂ ਏਸ ਤੋਂ ਵਧ ਕੇ ਸਜ਼ਾ ਕੋਈ ਨਹੀਂ।
ਜ਼ਿੰਦਗਾਨੀ ਜੀਣ ਦਾ ਜੇਕਰ ਮਜ਼ਾ ਕੋਈ ਨਹੀਂ।
ਵਲਗਣਾਂ ਨੇ ਆਦਮੀ ਨੂੰ ਘੇਰਿਆ ਐਨਾ ਬੁਰਾ,
ਹਰ ਸ਼ਖਸ ਕੈਦੀ ਜਿਹਾ ਭਾਵੇਂ ਖ਼ਤਾ ਕੋਈ ਨਹੀਂ।
ਰੁੱਤ ਆਵੇ ਜਦ ਸੁਹਾਣੀ ਜੰਗਲਾਂ ਵਿੱਚ ਰੌਣਕਾਂ,
'ਕੱਲੇ ਕਲਾਪੇ ਬਿਰਖ ਤੇ ਪੱਤਾ ਹਰਾ ਕੋਈ ਨਹੀਂ।
ਘੁੰਮਦਾ ਰਹਿੰਦਾ ਹਮੇਸ਼ਾ ਗੋਲ ਪਹੀਆ ਵਕਤ ਦਾ,
ਕਿੰਨੀ ਤਾਕਤ ਲਾ ਲਵੋ ਰੁਕਦਾ ਰਤਾ ਕੋਈ ਨਹੀਂ।
ਲੱਖ ਹਰਬੇ ਵਰਤਦਾ ਕਿ ਮੌਤ ਤੋਂ ਬਚਦਾ ਰਹੇ,
ਜੱਗ ਉੱਤੇ ਫੇਰ ਵੀ ਰਹਿੰਦਾ ਸਦਾ ਕੋਈ ਨਹੀਂ।
ਢੂੰਡ ਚੁੱਕੇ ਹਾਂ ਬਥੇਰਾ ਮਰਜ਼ ਹੋਈ ਲਾ-ਇਲਾਜ,
ਏਸ ਦਿਲ ਦੇ ਦਰਦ ਦੀ ਲੱਭੀ ਦਵਾ ਕੋਈ ਨਹੀਂ।
ਆਪਣੇ ਹੱਕਾਂ ਲਈ ਸਾਨੂੰ ਆ ਗਿਆ ਹੁਣ ਜੂਝਣਾ,
ਜ਼ੁਲਮ ਅੱਗੇ ਝੁਕਣ ਦੀ ਸਾਡੀ ਰਜ਼ਾ ਕੋਈ ਨਹੀਂ।
ਪੱਥਰਾਂ ਦੇ ਸ਼ਹਿਰ ਵਿੱਚ ਹੁਣ ਮਰ ਚੁੱਕੀ ਹੈ ਵੇਦਨਾ,
ਬੁੱਤਾਂ ਵਰਗੇ ਲੋਕ ਮਿਲਦੇ ਪਰ ਵਫ਼ਾ ਕੋਈ ਨਹੀਂ।
(ਬਲਜੀਤ ਪਾਲ ਸਿੰਘ)
No comments:
Post a Comment