Sunday, May 18, 2025

ਗ਼ਜ਼ਲ

ਨਫ਼ਰਤ ਯੁੱਗ ਵਿੱਚ ਰਹਿੰਦੇ ਹੋਏ ਬੰਦਾ ਪੱਥਰ ਹੋਇਆ ਹੈ।

ਬੰਬ ਬੰਦੂਕਾਂ ਦਾ ਆਲਮ ਹੁਣ ਡਰਿਆ ਟੱਬਰ ਹੋਇਆ ਹੈ ।


ਲਾਸ਼ਾਂ ਦੇ ਢੇਰਾਂ ਤੇ ਦੇਖੋ ਬਾਜ਼ੀਗਰ ਹੈ ਬਾਜ਼ੀ ਪਾਉਦਾ,

ਵੈਣ ਕੀਰਨੇ ਉੱਚੀ ਉੱਚੀ ਵਿਹੜਾ ਸੱਥਰ ਹੋਇਆ ਹੈ।


ਬਦਲਾ ਲੈਣ ਦੀ ਇੱਛਾ ਏਥੇ ਅੱਗ ਦੇ ਭਾਂਬੜ ਬਾਲ ਰਹੀ,

ਨਾ ਧਰਤੀ ਤੇ ਬੀਜ਼ ਪੁੰਗਰਦੇ ਸੁੱਕਾ ਵੱਤਰ ਹੋਇਆ ਹੈ।


ਐਵੇਂ ਤਾਂ ਨੀਂ ਦਿਲ ਦੀ ਬਸਤੀ ਪਾਣੀ ਪਾਣੀ ਹੋਈ ਆਖਿਰ,

ਵਹਿੰਦਾ ਵਹਿੰਦਾ ਅੱਖਾਂ ਵਿੱਚੋਂ ਖਾਰਾ ਅੱਥਰ ਹੋਇਆ ਹੈ।


ਸੱਤਾ ਦੇ ਗਲਿਆਰੇ ਅੰਦਰ ਵੱਸਣ ਵਾਲੇ ਇਕਮਿਕ ਹੋਏ,

ਲੋਕਾਂ ਨਾਲ ਉਨ੍ਹਾਂ ਦਾ ਲਹਿਜ਼ਾ ਕੌੜਾ ਖੱਟਰ ਹੋਇਆ ਹੈ।

(ਬਲਜੀਤ ਪਾਲ ਸਿੰਘ)

No comments: