Monday, January 19, 2026

ਗ਼ਜ਼ਲ

 ਇਹ ਨਹੀਂ ਕਿ ਦਿਲ ਕਿਸੇ ਤੇ ਵੀ ਕਦੇ ਆਇਆ ਨਹੀਂ।

ਰੋਸ ਏਨਾ ਹੈ ਕਿ ਇਸਦਾ ਮੁੱਲ ਕਿਸੇ ਪਾਇਆ ਨਹੀਂ।


ਹਰ ਕਿਸੇ ਬੰਦੇ ਦੇ ਸਿਰ ਤੇ ਚਿੰਤਾਵਾਂ ਤੇ ਡਰ ਬੜੇ,

ਮੋਹ ਮੁਹੱਬਤ ਦਾ ਕੋਈ ਨਗਮਾ ਕਿਸੇ ਗਾਇਆ ਨਹੀਂ।


ਵੱਡੇ ਵੱਡੇ ਲੋਕ ਕਿੰਨੇ ਮਾਰਦੇ ਹਨ ਦਮਗਜੇ,

ਦੀਨ ਦੁਖੀਆਂ ਨੂੰ ਕਦੇ ਸੀਨੇ ਕਿਸੇ ਲਾਇਆ ਨਹੀਂ।


ਬਹੁਤੇ ਭਾਰੇ ਦੁੱਖ ਹੁੰਦੇ ਵਿਧਵਾ ਅਤੇ ਯਤੀਮ ਦੇ ,

ਜੀਣਾ ਔਖਾ ਹੋ ਗਿਆ ਜੇ ਸਿਰ ਉੱਤੇ ਸਾਇਆ ਨਹੀਂ।


ਸਬਰ ਤੇ ਸੰਤੋਖ ਵਾਲੀ ਜ਼ਿੰਦਗੀ ਤੇ ਹੈ ਫਖ਼ਰ,

ਇਹ ਗ਼ਨੀਮਤ ਹੈ ਪਰਾਇਆ ਹੱਕ ਮੈਂ ਖਾਇਆ ਨਹੀਂ।


ਝੱਲਿਆ ਨਾ ਰੋਅਬ ਖੱਬੀ ਖਾਨ ਦਾ ਫਿਤਰਤ ਰਹੀ,

ਪਰ ਕਿਸੇ ਮਜ਼ਲੂਮ ਤੇ ਮੈਂ ਜ਼ੁਲਮ ਵੀ ਢਾਇਆ ਨਹੀਂ।


(ਬਲਜੀਤ ਪਾਲ ਸਿੰਘ)

No comments: