Saturday, May 4, 2024

ਗ਼ਜ਼ਲ

ਕਿੱਧਰ ਗਈਆਂ ਵੰਗਾਂ ਤੇ ਉਹ ਵਣਜਾਰੇ ਕਿੱਧਰ ਗਏ ?

ਅੱਧ ਅਧੂਰੇ ਰੀਝਾਂ ਸੱਧਰਾਂ ਚਾਅ ਕੁਆਰੇ ਕਿੱਧਰ ਗਏ ?


ਬਲਦ ਨਾਗੌਰੀ ਟੱਲੀਆਂ ਘੁੰਗਰੂ ਤੇ ਕਿੱਥੇ ਨੇ ਹਾਲੀ,  

ਟਿੰਡਾਂ ਕਿੱਧਰ ਗਈਆਂ ਖੂਹ ਕਿਆਰੇ ਕਿੱਧਰ ਗਏ ?


ਵੇਖੀ ਜਾਇਓ ਅੱਗੇ ਅੱਗੇ ਕੀ ਕੁਝ ਹੁੰਦਾ ਕਿੱਦਾਂ ਹੁੰਦਾ, 

ਕੱਚੇ ਕੋਠੇ ਕੱਚੀਆਂ ਗਲੀਆਂ ਗਲਿਆਰੇ ਕਿੱਧਰ ਗਏ ?


ਲਾਲ ਪਰਾਂਦੇ ਕੰਘੀ ਸ਼ੀਸ਼ਾ ਤੇ ਸੁਰਖੀ ਵਾਲੀ ਸ਼ੀਸ਼ੀ,

ਹਾਰ ਸ਼ਿੰਗਾਰ ਤੇ ਨਖ਼ਰੇ ਮਟਕ ਹੁਲਾਰੇ ਕਿੱਧਰ ਗਏ ?


ਸਾਰੇ ਚਾਹੁੰਦੇ ਉੱਚਾ ਬੰਗਲਾ ਅਤੇ ਅਟਾਰੀ ਹੋਵੇ ਉੱਚੀ, 

ਕੱਖਾਂ ਕਾਨੇ ਨਾਲ ਬਣੇ ਜੋ ਕੁੱਲੀਆਂ ਢਾਰੇ ਕਿੱਧਰ ਗਏ ?


ਗ਼ਰਜ਼ਾਂ ਮਾਰੇ ਲੋਕ ਮਤਲਬੀ ਚਾਰ ਚੁਫੇਰੇ ਫਿਰਦੇ ਵੇਖੋ, 

ਮੋਹ ਖੋਰੇ ਮਮਤਾ ਪਰਨਾਏ ਲੋਕ ਪਿਆਰੇ ਕਿੱਧਰ ਗਏ ?


ਗੂੜ੍ਹੀ ਨੀਂਦੇ ਬਲਬ ਜਗਾ ਕੇ ਜ਼ੀਰੋ ਦਾ ਅੰਦਰ ਸੌਂਦੇ ਹਾਂ,

ਖਿੱਤੀਆਂ ਤੰਗੜ ਕੌਣ ਦੇਖਦਾ ਚੰਦ ਸਿਤਾਰੇ ਕਿੱਧਰ ਗਏ ?


ਅੰਤਹੀਣ ਸਾਲਾਂ ਤੋਂ ਹੋਈ ਅੰਦਰ ਤੀਕਰ ਪਿਆਸ ਬਥੇਰੀ, 

ਮੇਰੀ ਵਾਰੀ ਝੀਲਾਂ ਨਦੀਆਂ ਸਾਗ਼ਰ ਸਾਰੇ ਕਿੱਧਰ ਗਏ ?

(ਬਲਜੀਤ ਪਾਲ ਸਿੰਘ)



No comments: