ਕਦੇ ਨਮ ਹੋ ਗਈਆਂ ਅੱਖਾਂ ਕਦੇ ਮੁਰਝਾ ਗਿਆ ਚਿਹਰਾ
ਜ਼ਮਾਨੇ ਦਾ ਚਲਨ ਤੱਕਿਆ ਬੜਾ ਘਬਰਾ ਗਿਆ ਚਿਹਰਾ
ਬੜਾ ਹੀ ਅੰਦਰੋਂ ਭਰਿਆ ਹੈ ਬੰਦਾ ਐਬ ਦਾ ਭਾਵੇਂ
ਸਵੇਰੇ ਰੋਜ਼ ਝੂਠੀ ਸ਼ਾਨ ਲਈ ਚਮਕਾ ਗਿਆ ਚਿਹਰਾ
ਨਹੀ ਇਤਬਾਰ ਕਰਨਾ ਸੀ ਕਿਸੇ ਦੀ ਸਾਦਗੀ ਉਤੇ
ਉਹ ਮਾੜਾ ਵਕਤ ਸੀ ਜਿਹਡ਼ੇ ਸਮੇਂ ਭਰਮਾ ਗਿਆ ਚਿਹਰਾ
ਭੁਲੇਖਾ ਬਿਜਲੀਆਂ ਦਾ ਪੈ ਗਿਆ ਤੇ ਹੋ ਗਈ ਜਗਮਗ
ਜਦੋਂ ਵੀ ਭੀੜ ਤੋਂ ਵਖਰਾ ਕੋਈ ਦਿਖਲਾ ਗਿਆ ਚਿਹਰਾ
ਬੜਾ ਹੀ ਸਿਤਮ ਢਾਹੁੰਦਾ ਹੈ ਉਹ ਕੋਮਲ ਹਿਰਦਿਆਂ ਉਤੇ
ਮਖੌਟਾ ਝੂਠ ਦਾ ਪਾ ਕੇ ਕੋਈ ਬਦਲਾ ਗਿਆ ਚਿਹਰਾ
ਹਵਾ ਰੁਮਕੀ ਫਿਜ਼ਾ ਮਹਿਕੀ ਤੇ ਰੌਣਕ ਬਾਗ ਵਿਚ ਪਰਤੀ
ਖਿੜੇ ਨੇ ਫੁੱਲ ਜਦ ਮਹਿਬੂਬ ਦਾ ਸ਼ਰਮਾ ਗਿਆ ਚਿਹਰਾ
(ਬਲਜੀਤ ਪਾਲ ਸਿੰਘ)
No comments:
Post a Comment