ਵਿਰਾਸਤ ਯਾਦ ਰੱਖਿਆ ਜੇ ਗੁਲਾਮੀ ਜਰਨ ਤੋਂ ਪਹਿਲਾਂ
ਜਰਾ ਇਤਿਹਾਸ ਪੜ੍ਹ ਲੈਣਾ ਜੁਲਮ ਤੋਂ ਡਰਨ ਤੋਂ ਪਹਿਲਾਂ
ਜਿੰਨਾਂ ਕੌਮਾਂ ਚੋਂ ਗੈਰਤ ਮੁੱਕ ਗਈ ਉਹ ਮਰ ਗਈਆਂ ਸਮਝੋ
ਵਗਾਹ ਸੁਟਿਓ ਉਹ ਜੂਲਾ ਧੌਣ ਉੱਤੇ ਧਰਨ ਤੋਂ ਪਹਿਲਾਂ
ਕ੍ਰਾਂਤੀ ਜਦ ਵੀ ਆਈ ਹੈ ਕਦੇ ਸੌਖੀ ਨਹੀਂ ਆਈ
ਲਹੂ ਡੁਲ੍ਹਿਆ ਹਜ਼ਾਰਾਂ ਦਾ ਜਬਰ ਦੇ ਮਰਨ ਤੋਂ ਪਹਿਲਾਂ
ਕਫਨ ਸਿਰ ਤੇ ਜਰੂਰੀ ਹੈ ਸਫਰ ਤੇ ਜਿਸ ਸਮੇਂ ਜਾਓ
ਕਿ ਲਹਿਰਾਂ ਨਾਲ ਲੜਨਾ ਸਾਗਰਾਂ ਨੂੰ ਤਰਨ ਤੋਂ ਪਹਿਲਾਂ
ਬੜਾ ਨਾਜ਼ਕ ਜਿਹਾ ਇਹ ਦੌਰ ਹੈ ਪੱਗਾਂ ਸੰਭਾਲਿਓ
ਸਿਰਾਂ ਦੀ ਲੋਡ਼ ਪੈ ਜਾਣੀ ਹੈ ਜਜੀਆ ਭਰਨ ਤੋਂ ਪਹਿਲਾਂ
ਸਮੇਂ ਦੇ ਹਾਕਮਾਂ ਦੀ ਅੱਖ ਇਹਨਾਂ ਪੈਲੀਆਂ ਤੇ ਹੈ
ਬਚਾਇਓ ਖੇਤ ਆਪਣੇ ਜ਼ਾਲਮਾਂ ਦੇ ਚਰਨ ਤੋਂ ਪਹਿਲਾਂ
ਇਹ ਹਊਏ ਤੇ ਡਰਾਵੇ ਤਖਤ ਕੋਲੇ ਬਹੁਤ ਹੁੰਦੇ ਨੇ
ਦਿਲਾਂ ਵਿਚ ਹੌਸਲਾ ਰੱਖਿਓ ਬਗਾਵਤ ਕਰਨ ਤੋਂ ਪਹਿਲਾਂ
(ਬਲਜੀਤ ਪਾਲ ਸਿੰਘ )
No comments:
Post a Comment