Monday, July 10, 2017

ਗ਼ਜ਼ਲ



ਜਦੋਂ ਤੀਕਰ ਮਕਾਨਾਂ ਨੂੰ ਅਸੀਂ ਨਾ ਘਰ ਬਣਾਵਾਂਗੇ
ਕਿ ਓਨੀਂ ਦੇਰ ਜੀਵਨ ਆਪਣਾ ਬਦਤਰ ਬਣਾਵਾਂਗੇ

ਬਸ਼ਿੰਦੇ ਹੋਰ ਥਾਵਾਂ ਦੇ ਹੀ ਗੱਲ ਵਿਗਿਆਨ ਦੀ ਸਮਝਣ
ਅਸੀਂ ਘੜ ਮੂਰਤੀ ਪੱਥਰ ਨੂੰ ਹੀ ਠਾਕਰ ਬਣਾਵਾਂਗੇ

ਕਿਤਾਬਾਂ ਤੇ ਗਰੰਥਾਂ ਚੋਂ ਕੋਈ ਵੀ ਸੇਧ ਨਹੀਂ ਲੈਣੀ
ਸਿਰਫ ਮੜੀਆਂ ਸਜਾਵਾਂਗੇ ਤੇ ਪੂਜਾ ਘਰ ਬਣਾਵਾਂਗੇ

ਹਰੇ ਖੇਤਾਂ ਦਾ ਮੋਹ ਛੱਡਿਆ ਮਰੀ ਸੰਵੇਦਨਾ ਸਾਡੀ
ਫਸਲ ਲੋਹੇ ਦੀ ਬੀਜਾਂਗੇ ਅਤੇ ਸ਼ਸ਼ਤਰ ਬਣਾਵਾਂਗੇ

ਬੜੇ ਜ਼ਹਿਰੀ ਬਣਾ ਦਿੱਤੇ ਹਵਾ ਪਾਣੀ ਅਤੇ ਮਿੱਟੀ
ਅਸੀਂ ਧਰਤੀ ਨੂੰ ਇੱਕ ਦਿਨ ਮੌਤ ਦਾ ਬਿਸਤਰ ਬਣਾਵਾਂਗੇ

ਕਦੇ ਬਰਸਾਤ ਵਿਚ ਮਿਲ ਜਾਏ ਜੇ ਬਚਪਨ ਦੋਬਾਰਾ
ਕਿ ਬੇੜੀ ਕਾਗਜ਼ਾਂ ਦੀ ਹੋਰ ਵੀ ਬਿਹਤਰ ਬਣਾਵਾਂਗੇ


(ਬਲਜੀਤ ਪਾਲ ਸਿੰਘ )

No comments: