ਕਿਹੜੀ ਗੱਲ ਨਵੀਂ ਹੈ ਚੋਣਾਂ ..ਦਿਲ ਦਾ ਚੈਨ ਗਵਾਈਏ ਕਾਹਤੋਂ
ਪਰਜਾ ਨੇ ਪਰਜਾ ਰਹਿਣਾ ਹੈ ..ਝੂਠੇ ਖ਼ਾਬ ਸਜਾਈਏ ਕਾਹਤੋਂ
ਪੰਜਾਂ ਸਾਲਾਂ ਮਗਰੋਂ ਲੀਡਰ ਗਲੀਂਆਂ ਦੇ ਵਿਚ ਆਉਂਦੇ ਰਹਿੰਦੇ
ਓਹੀ ਨਾਅਰੇ ਓਹੀ ਲਾਰੇ ਗੱਲਾਂ ਵਿਚ ਹੁਣ ਆਈਏ ਕਾਹਤੋਂ
ਕੁਰਸੀ ਖਾਤਿਰ ਇਹਨਾਂ ਨੇ ਤਾਂ ਲੋਕਾਂ ਦੇ ਵਿਚ ਵੈਰ ਪਵਾਏ
ਇਹਨਾਂ ਪਿੱਛੇ ਲੱਗ ਕੇ ਆਪਣਾ ਪ੍ਰੇਮ ਪਿਆਰ ਗਵਾਈਏ ਕਾਹਤੋਂ
ਨਸ਼ਿਆਂ ਦੀ ਵੀ ਖੁੱਲ ਦੇਣਗੇ ਪੈਸੇ ਵੀ ਵਾਧੂ ਵੰਡਣਗੇ
ਲਾਲਚ ਦੇ ਵਿਚ ਆਕੇ ਲੋਕੋਂ ਭੰਡੀ ਹੁਣ ਕਰਵਾਈਏ ਕਾਹਤੋਂ
ਜੇ ਕਿਧਰੇ ਵੀ ਅੱਗ ਲੱਗੀ ਤਾਂ ਸਾਡੇ ਸਭ ਦੇ ਘਰ ਝੁਲਸਣਗੇ
ਬਲਦੀ ਉਤੇ ਤੇਲ ਛਿੜਕ ਕੇ ਭਾਂਬੜ ਹੋਰ ਮਚਾਈਏ ਕਾਹਤੋਂ
ਅਣਖਾਂ ਨਾਲ ਜਿਉਣਾ ਸਿੱਖੀਏ ਕੋਈ ਮੁਫਤਖੋਰ ਨਾ ਆਖੇ
ਤੋਹਮਤ ਅਸੀਂ ਭਿਖਾਰੀ ਵਾਲੀ ਮੱਥੇ ਤੇ ਲਿਖਵਾਈਏ ਕਾਹਤੋਂ
ਬੱਤੀ ਵਾਲੀ ਵੱਡੀ ਗੱਡੀ ਬਾਡੀਗਾਰਡ ਅੱਗੇ ਪਿੱਛੇ
ਸਾਡੇ ਪੱਲੇ ਕੁਝ ਨਹੀਂ ਪੈਣਾ ਰੀਝਾਂ ਨੂੰ ਤਰਸਾਈਏ ਕਾਹਤੋਂ
(ਬਲਜੀਤ ਪਾਲ ਸਿੰਘ)
No comments:
Post a Comment