ਚਮਨ ਦੀ ਜਿਸ ਤਰਾਂ ਚਾਹੀ ਸੀ ਉਹ ਰੰਗਤ ਨਹੀਂ ਹੈ
ਕਦਰ ਖਾਰਾਂ ਦੀ ਹੈ ਫੁੱਲਾ ਦੀ ਪਰ ਕੀਮਤ ਨਹੀਂ ਹੈ
ਘਰਾਂ ਵਿਚ ਸ਼ੀਸ਼ਿਆਂ ਤੇ ਪਰਦਿਆਂ ਦੀ ਹੈ ਸਜਾਵਟ
ਸੁਲਗਦੇ ਸੁਪਨਿਆਂ ਦੀ ਪਰ ਕੋਈ ਵੁੱਕਤ ਨਹੀਂ ਹੈ
ਕਿਵੇਂ ਹਨ ਸੋਚ ਲੋਕਾਂ ਦੀ ਨੂੰ ਤਾਲੇ ਹਾਕਮਾਂ ਲਾਏ
ਕਿ ਬੋਲੇ ਕਿਸ ਤਰਾਂ ਕੋਈ ? ਜੁਰਅਤ ਨਹੀਂ ਹੈ
ਦਮਨ ਦਾ ਦੌਰ ਹੈ ਸਾਰੇ ਹੀ ਨਿੱਸਲ ਹੋ ਗਏ ਨੇ
ਬਚੀ ਆਵਾਮ ਵਿਚ ਭੋਰਾ ਵੀ ਹੁਣ ਗ਼ੈਰਤ ਨਹੀਂ ਹੈ
ਕਦੇ ਵੀ ਰਾਸ ਨਾ ਆਈਆਂ ਅਸਾਂਨੂੰ ਬੇਵਫਾ ਰੁੱਤਾਂ
ਕਿ ਆਈ ਜੀਣ ਦੀ ਸਾਨੂੰ ਕੋਈ ਲੱਜ਼ਤ ਨਹੀਂ ਹੈ
ਅਸੀਂ ਤਾਂ ਸੋਚਿਆ ਸੀ ਸ਼ਹਿਰ ਹੀ ਕੇਵਲ ਬਣਾਉਟੀ ਨੇ
ਗਰਾਵਾਂ ਦੀ ਵੀ ਚੰਗੀ ਅੱਜ ਕੱਲ ਹਾਲਤ ਨਹੀਂ ਹੈ
ਸਮੇਂ ਦਾ ਵੇਗ ਹੈ ਕਿ ਜਾ ਰਿਹਾ ਉਲਟੀ ਦਿਸ਼ਾ ਮਾਨਵ
ਕਿ ਹੁਣ ਤਾਂ ਬਚਣ ਦੀ ਲੱਗਦੀ ਕੋਈ ਸੂਰਤ ਨਹੀਂ ਹੈ
(ਬਲਜੀਤ ਪਾਲ ਸਿੰਘ )
No comments:
Post a Comment