ਜਿੰਦਗੀ ਦਾ ਇਹ ਸਫਰ ਏਸੇ ਤਰਾਂ ਚਲਦਾ ਰਹੇ
ਹਾਦਸਾ ਮੇਰੇ ਖੁਦਾ ਹਰ ਮੋੜ ਤੇ ਟਲਦਾ ਰਹੇ
ਗੂੰਜਣ ਸਦਾ ਕਿਲਕਾਰੀਆਂ ਤੇ ਬਾਲਪਨ ਦਾ ਇਹ ਸਮਾ
ਬੱਚਿਆਂ ਦੀ ਮੋਹ ਭਰੀ ਮੁਸਕਾਨ ਵਿਚ ਪਲਦਾ ਰਹੇ
ਰਹਿਣ ਬੱਦਲ ਠਾਰਦੇ ਧਰਤੀ ਦੀ ਔੜੀ ਹਿੱਕ ਨੂੰ
ਸਾਗਰਾਂ ਵਿਚ ਨੀਰ ਨਦੀਆਂ ਦਾ ਸਦਾ ਰਲਦਾ ਰਹੇ
ਨ੍ਹੇਰਿਆਂ ਤੋਂ ਮੁਕਤ ਹੋਵੇ ਕੋਨਾ ਕੋਨਾ ਸ਼ਹਿਰ ਦਾ
ਮਮਟੀਆਂ 'ਤੇ ਰੋਸ਼ਨੀ ਦਾ ਦੀਪ ਵੀ ਬਲਦਾ ਰਹੇ
ਅੰਨਦਾਤਾ ਨੂੰ ਵੀ ਹੋਵੇ ਫਖਰ ਆਪਣੇ ਖੇਤ ਦਾ
ਮਿਹਨਤਾਂ ਦੇ ਬੂਟਿਆਂ ਤੇ ਬੂਰ ਵੀ ਫਲਦਾ ਰਹੇ
ਜੱਗ ਉਤੇ ਵੰਡ ਕੇ ਨਿਆਮਤਾਂ ਦੇ ਨੂਰ ਨੂੰ
ਰੋਜ਼ ਵਾਂਗੂੰ ਸੁਰਖ ਸੂਰਜ ਸ਼ਾਮ ਨੂੰ ਢਲਦਾ ਰਹੇ
ਕੁੱਲੀਆਂ ਦੇ ਵਿਚ ਹੋਵੇ ਰਹਿਮਤਾਂ ਦਾ ਚਾਨਣਾ
ਏਸ ਬਸਤੀ ਕੋਈ ਕਾਮਾ ਹੱਥ ਨਾ ਮਲਦਾ ਰਹੇ
(ਬਲਜੀਤ ਪਾਲ ਸਿੰਘ)
No comments:
Post a Comment