ਤਾਅਨਿਆਂ ਦੀ ਮਿਹਣਿਆਂ ਦੀ ਹਰ ਤਰਫ ਭਰਮਾਰ ਹੈ
ਸਾਫਗੋ ਰਾਹਾਂ ਤੇ ਤੁਰਨਾ ਹੋ ਗਿਆ ਦੁਸ਼ਵਾਰ ਹੈ
ਜਿੰਦਗੀ ਦੀ ਡੋਰ ਤੇ ਜਦ ਪਕੜ ਢਿੱਲੀ ਹੋ ਗਈ
ਵਕਤ ਦੀ ਪੈਂਦੀ ਨਿਮਾਣੇ ਬੰਦਿਆਂ ਨੂੰ ਮਾਰ ਹੈ
ਪੱਥਰਾਂ ਕਦ ਪਿਘਲਣਾ ਐਵੇਂ ਨਾ ਇੰਤਜ਼ਾਰ ਕਰ
ਹੁਣ ਬਹਾਰਾਂ ਦਾ ਵੀ ਡੇਰਾ ਪਰਬਤਾਂ ਤੋਂ ਪਾਰ ਹੈ
ਕਿੰਜ ਭਲਾਈ ਕਰਨਗੇ ਗੁਰਬਤ ਘਿਰੇ ਆਵਾਮ ਦੀ
ਗੁੰਡਿਆ ਤੇ ਢੌਂਗੀਆਂ ਦੀ ਬਣ ਗਈ ਸਰਕਾਰ ਹੈ
ਪਾਣੀ ਦੀ ਟੂਟੀ ਨਾਲ ਵੀ ਹੈ ਸੰਗਲੀ ਗਲਾਸ ਨੂੰ
ਸ਼ਹਿਰ ਦੇ ਲੋਕਾਂ ਦਾ ਏਥੋਂ ਝਲਕਦਾ ਕਿਰਦਾਰ ਹੈ
ਰੁੱਖ ਵੇਲਾਂ ਬੂਟਿਆਂ ਦੀ ਕਦਰ ਕਿੰਨੀ ਘਟ ਗਈ
ਪਰਦਿਆਂ ਤੇ ਸ਼ੀਸ਼ਿਆਂ ਦਾ ਖੂਬ ਕਾਰੋਬਾਰ ਹੈ
ਰਿਸ਼ਤਿਆਂ ਦੀ ਬੇਰੁਖੀ ਵਿਚ ਟੁੱਟਿਆ ਹੈ ਆਦਮੀ
ਯੁੱਗ ਹੈ ਬਾਜ਼ਾਰ ਦਾ ਇਨਸਾਨੀਅਤ ਦੀ ਹਾਰ ਹੈ
ਟੱਪ ਜਾਂਦੀ ਹੱਦ ਬੰਨੇ ਜਦ ਹਨੇਰੀ ਜ਼ੁਲਮ ਦੀ
ਅੰਤ ਕੋਈ ਅਣਖ ਵਾਲਾ ਚੁੱਕਦਾ ਤਲਵਾਰ ਹੈ
(ਬਲਜੀਤ ਪਾਲ ਸਿੰਘ)
No comments:
Post a Comment