Sunday, August 18, 2013

ਗ਼ਜ਼ਲ


ਕਿਸੇ ਯਾਰ ਦਾ ਸੁਨੇਹਾ,ਬਣਕੇ ਮਸ਼ਾਲ ਆਇਆ
ਹੁਣ ਫੇਰ ਤੋਂ ਲੜਾਂਗੇ,ਦਿਲ ਨੂੰ ਉਬਾਲ ਆਇਆ

ਕਿਤੇ ਸ਼ੋਖੀਆਂ ਅਦਾਵਾਂ,ਕਿਤੇ ਕੋਸੀਆਂ ਹਵਾਵਾਂ
ਇਕੋ ਹੀ ਸ਼ਹਿਰ ਅੰਦਰ, ਮੌਸਮ ਕਮਾਲ ਆਇਆ

ਯੁੱਧਾਂ ਦੀ ਕਰ ਤਿਆਰੀ,ਭੁੱਲ ਜਾ ਸਮੇਂ ਪੁਰਾਣੇ
ਮੁੰਦਰੀ ਦੇ ਬਦਲੇ ਜਦ ਸੀ, ਉਸਦਾ ਰੁਮਾਲ ਆਇਆ

ਖੁਸ਼ੀਆਂ ਦੇ ਮੌਕੇ ਥੋੜੇ, ਗਮ ਦੇ ਬੜੇ ਜਿਆਦਾ
ਇਹਨਾਂ ਨੂੰ ਵੰਡ ਲਵਾਂਗੇ, ਜੇਕਰ ਭਿਆਲ ਆਇਆ

ਫੁੱਲਾਂ ਤੋਂ ਮਗਰੋ ਆਖਿਰ, ਏਹਨਾਂ ਦੀ ਲੋੜ ਪੈਣੀ
ਪੱਤਝੜ ਦੇ ਤਿਨਕਿਆਂ ਨੂੰ, ਤਾਹੀਂ ਸੰਭਾਲ ਆਇਆ

ਸ਼ਾਇਦ ਹਰਾ ਲਵਾਂਗੇ ,ਇਸ ਆਖਰੀ ਸਿਤਮ ਨੂੰ
ਸੀਨੇ ਦਾ ਦਰਦ ਭਾਵੇਂ ,ਬਣਕੇ ਜੰਜਾਲ ਆਇਆ
                               (ਬਲਜੀਤ ਪਾਲ ਸਿੰਘ)

Thursday, August 15, 2013

ਗ਼ਜ਼ਲ

ਬੌਣਾ ਕੱਦ ਕਈ ਕਈ ਚਿਹਰੇ,ਬੰਦਾ ਅੱਜ ਕੱਲ ਏਦਾਂ ਚੱਲੇ
ਕੂੜ ਦੀ ਹੱਟ ਤੇ ਮਾਲ ਬਣਾਉਟੀ,ਧੰਦਾ ਅੱਜ ਕੱਲ ਏਦਾਂ ਚੱਲੇ

ਚੋਰੀ ਡਾਕੇ ਹੇਰਾਫੇਰੀ,ਰੇਪ ਕਤਲ ਤੇ ਕੀ ਕੀ ਕਰਦਾ
ਨਵੇਂ ਯੁੱਗ ਦਾ ਮਾਨਵ ਦੇਖੋ,ਗੰਦਾ ਅੱਜ ਕੱਲ ਏਦਾਂ ਚੱਲੇ

ਜੀਹਨੇ ਕੋਈ ਕੰਮ ਕਰਾਉਣਾ,ਗਾਂਧੀ ਵਾਲੇ ਨੋਟ ਦਿਖਾਓ
ਮਾੜਾ ਧਾੜਾ ਕਿੱਥੋਂ ਦੇਵੇ,ਚੰਦਾ ਅੱਜ ਕੱਲ ਏਦਾਂ ਚੱਲੇ

ਅਫਸਰ ਅਤੇ ਸਿਆਸੀ ਬੰਦੇ,ਤੀਜਾ ਗੁੰਡੇ ਨਾਲ ਰਲੇ ਨੇ
ਜਨਤਾ ਦੀ ਛਿੱਲ ਲਾਹੀ ਜਾਂਦੇ,ਰੰਦਾ ਅੱਜ ਕੱਲ ਏਦਾਂ ਚੱਲੇ

ਜੀਹਦੇ ਕੋਲ ਸ਼ਰਾਫਤ ਹੈਗੀ,ਸਾਂਭ ਕੇ ਰੱਖੋ ਸਾਂਭ ਕੇ ਰੱਖੋ
ਇਹਦਾ ਮੁੱਲ ਕਿਤੇ ਨਹੀਂ ਪੈਣਾ,ਮੰਦਾ ਅੱਜ ਕੱਲ ਏਦਾਂ ਚੱਲੇ

ਅੰਨਦਾਤਾ ਕਰਜਾਈ ਹੋਇਆ,ਖੇਤੀ ਘਾਟੇਵੰਦਾ ਸੌਦਾ
ਇਹਦੇ ਤੋਂ ਨਾ ਖਹਿੜਾ ਛੁੱਟੇ,ਫੰਦਾ ਅੱਜ ਕੱਲ ਏਦਾਂ ਚੱਲੇ

(ਬਲਜੀਤ ਪਾਲ ਸਿੰਘ)

Wednesday, July 31, 2013

ਗ਼ਜ਼ਲ

ਮਸਾਂ ਦਿਲ ਰਾਸ ਆਇਆ ਸੀ,ਘਟਾਵਾਂ ਫੇਰ ਆਈਆਂ ਨੇ
ਦੁਬਾਰਾ ਚੈਨ ਜਾਏਗਾ,ਅਦਾਵਾਂ ਫੇਰ ਆਈਆਂ ਨੇ

ਵਫਾ ਦਾ ਜੋਰ ਨਹੀਂ ਚਲਣਾ,ਜੁਦਾਈ ਫੇਰ ਜਿਤ ਜਾਣਾ
ਇਹ ਕਿੱਥੋਂ ਕੋਝੀਆਂ ਜਹੀਆਂ,ਬਲਾਵਾਂ ਫੇਰ ਆਈਆਂ ਨੇ

ਇਹਨਾਂ ਅੱਖਾਂ ਨੇ ਸਾਂਭੇ ਸੀ, ਇਹ ਜੋ ਅਰਮਾਨ ਥੋੜੇ ਕੁ
ਉਹਨਾਂ ਵੀ ਰਾਖ ਹੋ ਜਾਣਾ,ਚਿਤਾਵਾਂ ਫੇਰ ਆਈਆਂ ਨੇ

ਮਸਾਂ ਆਦੀ ਜਿਸਮ  ਹੋਇਆ,ਸੀ ਧੁੱਪਾਂ ਤੇ ਉਜਾੜਾਂ ਦਾ
ਇਹਨੂੰ ਹੁਣ ਸੇਕ ਲੱਗ ਜਾਣਾ,ਹਵਾਵਾਂ ਫੇਰ ਆਈਆਂ ਨੇ

ਕਈ ਪਹਿਰੇ ਬਿਠਾਏ ਸੀ,ਮੇਰੇ ਰਸਤੇ 'ਚ ਗੌਤਮ ਨੇ
ਇਹ ਕਿਹੜੇ ਪਾਸਿਓਂ ਚੋਰੀ,ਇਛਾਵਾਂ ਫੇਰ ਆਈਆਂ ਨੇ

                                                 (ਬਲਜੀਤ ਪਾਲ ਸਿੰਘ)

Monday, July 22, 2013

ਗ਼ਜ਼ਲ

ਉੱਚੀ ਕਰੋ ਉਡਾਰੀ ਹੋਰ
ਰੱਖੋ ਜ਼ਰਾ ਤਿਆਰੀ ਹੋਰ

ਸ਼ੁੱਧ ਕਰ ਲਵੋ ਖਾਣਾ ਪੀਣਾ
ਲੱਗਦੀ ਨਹੀਂ ਬਿਮਾਰੀ ਹੋਰ

ਵਾਰਿਸ ਵਾਂਗੂੰ ਹੀਰ ਲਿਖੇ ਜੋ
ਜੰਮਿਆ ਨਹੀਂ ਲਿਖਾਰੀ ਹੋਰ

ਆਪਣਿਆ ਦੇ ਤਾਅਨੇ ਸੁਣਕੇ
ਵੱਜਦੀ ਚੋਟ ਕਰਾਰੀ ਹੋਰ

ਜਿੱਥੇ ਹਾਕਮ ਜ਼ਾਲਮ ਹੋਵੇ
ਉਥੇ ਖੱਜਲ ਖੁਆਰੀ ਹੋਰ

ਧਰਤੀ ਉੱਤੇ ਭਾਰ ਵਧ ਗਿਆ
ਕਰ ਦਿਉ ਬੰਦ ਉਸਾਰੀ ਹੋਰ

ਛੋਟੀ ਬਹਿਰ ਦੀ ਗ਼ਜ਼ਲ ਹੈ ਭਾਵੇਂ
ਤਾਂ ਵੀ ਲਗੇ ਪਿਆਰੀ ਹੋਰ

                        (ਬਲਜੀਤ ਪਾਲ ਸਿੰਘ)

ਗ਼ਜ਼ਲ

ਉਸਦਾ ਮਨ ਹੈ ਮੰਦਰ ਜੇਹਾ
ਪਰ ਮੇਰਾ ਦਿਲ ਖੰਡਰ ਜੇਹਾ

ਅੱਖਾਂ ਦੇ ਵਿਚ ਕੋਸਾ ਪਾਣੀ
ਸਭ ਦੇ ਕੋਲ ਸਮੁੰਦਰ ਜੇਹਾ

ਮਨ ਦੀ ਗੁਫ਼ਾ 'ਚ ਬੜਾ ਹਨੇਰਾ
ਕਾਲ ਕੋਠੜੀ ਅੰਦਰ ਜੇਹਾ

ਉਡਣਾ ਤਾਂ ਹਰ ਕੋਈ ਚਾਹੇ
ਪਰ ਕੁਝ ਮਿਲੇ ਤਾਂ ਅੰਬਰ ਜੇਹਾ

  ਕ਼ਤਲ ਕਰੇ ਜੋ ਚੁੱਪ ਚੁਪੀਤੇ

ਇਸ਼ਕ ਵੀ ਤਿੱਖੇ ਖੰਜ਼ਰ ਜੇਹਾ

 ਅਨਪੜ੍ਹ ਨੇਤਾ ਭਾਸ਼ਣ ਦੇਵੇ

ਲੱਗਦਾ ਨਿਰ੍ਹਾ ਕਲੰਦਰ ਜੇਹਾ

ਸਰਕਾਰਾਂ ਦੇ ਝੂਠੇ ਵਾਅਦੇ
ਸਭ ਕੁਝ ਨਿਰਾ ਅਡੰਬਰ ਜੇਹਾ

                 (ਬਲਜੀਤ ਪਾਲ ਸਿੰਘ)

Sunday, July 21, 2013

ਗ਼ਜ਼ਲ

ਤਨਹਾਈ ਲੈ ਕੇ ਆਈ,ਦਰਦਾਂ ਦਾ ਤਾਣਾ ਬਾਣਾ
ਲੱਭਦਾ ਹੈ ਤੁਰ ਗਿਆਂ ਨੂੰ ,ਅੱਜ ਫੇਰ ਦਿਲ ਨਿਮਾਣਾ

ਕਿਹੋ ਜਹੀਆਂ ਨੇ ਰੁੱਤਾਂ, ਜੋ ਫੁਟ ਰਿਹਾ ਦੁਬਾਰਾ
ਉਹ ਜ਼ਖ਼ਮ ਤਾਂ ਦਫਨ ਸੀ,ਡੂੰਘਾ ਬੜਾ ਪੁਰਾਣਾ

ਕੱਲ ਰਾਤ ਕਿਸ ਦੀ ਬੀਤੀ,ਏਥੇ ਉਨੀਦਿਆਂ ਹੀ
ਬਿਸਤਰ ਤੇ ਸਿਲਵਟਾਂ ਨੇ,ਗਿੱਲਾ ਵੀ ਹੈ ਸਿਰ੍ਹਾਣਾ

ਬੜੀ ਦੇਰ ਤੋਂ ਜੋ ਬੈਠਾ,ਰੁੱਖ ਤੇ ਉਦਾਸ ਪੰਛੀ
ਉਸਨੂੰ ਅਕਾਸ਼ ਦੇਈਏ,ਜ਼ਰਾ ਸ਼ਾਖ ਨੂੰ ਹਿਲਾਣਾ

ਮੇਰਾ ਨਾਮ ਸੁਣਕੇ ਸ਼ਾਇਦ,ਉਹ ਖ਼ਤ ਫੜੇ ਨਾ ਮੇਰਾ
ਬਿਨ ਬੋਲਿਆਂ ਹੀ ਉਸਨੂੰ,ਚੁੱਪ ਚਾਪ ਇਹ ਫੜਾਣਾ

ਦਿਲ ਤਾਂ ਕਰੇ ਬਥੇਰਾ,ਚੱਲ ਵੇਚੀਏ ਉਦਾਸੀ
ਮੰਡੀ ਦੀ ਚਮਕ ਅੰਦਰ,ਇਸ ਕੁਝ ਨਹੀਂ ਵਟਾਣਾ

ਜਿਸ ਆਦਮੀ ਨੇ ਉਠਕੇ,ਭਰਨੇ ਦੋ ਚਾਰ ਹਾਉਕੇ
ਸੁੱਤਾ ਹੀ ਰਹਿਣ ਦੇਵੋ,ਨਹੀਂ ਲੋੜ ਨਾ ਜਗਾਣਾ

ਨਿੱਤ ਸੋਚਦਾ ਹਾਂ ਕਿੱਦਾਂ,ਖੇਤਾ 'ਚ ਜਾ ਰਹਾਂ ਮੈਂ
ਹੁਣ ਸ਼ਹਿਰ ਦੀ ਗਲੀ ਤੋਂ,ਪਿੱਛਾ ਤਾਂ ਹੈ ਛੁਡਾਣਾ

ਸ਼ਮਸ਼ਾਨ ਕੋਲੋ ਲੰਘਿਆਂ,ਅਕਸਰ ਹਰੇਕ ਸੋਚੇ
ਸਭ ਨੇ ਹੀ ਏਥੇ ਆਉਣਾ,ਇਹ ਆਖਰੀ ਟਿਕਾਣਾ

(ਬਲਜੀਤ ਪਾਲ ਸਿੰਘ)

Monday, May 27, 2013

ਗ਼ਜ਼ਲ

ਜਿਹੜੇ ਮੌਸਮ ਸੀ ਕਦੇ,ਲੋਕਾਂ ਲਈ ਵਰਦਾਨ
ਅੱਜ ਨੇ ਅੱਗਾਂ ਵਰ੍ਹਦੀਆਂ, ਝੁਲਸ ਰਿਹਾ ਇਨਸਾਨ

ਜਾਣਾ ਪੈਂਦਾ ਦੂਰ ਨਾ, ਢੂੰਡਣ ਕਿਧਰੇ ਹੋਰ
ਮੰਦਿਰ ਦੇ ਵਿਚ ਬੰਦ ਹੈ,ਬੰਦੇ ਦਾ ਭਗਵਾਨ

ਪੁੱਤ ਨਾ ਡੱਕਾ ਤੋੜਦੇ,ਕੀਹਨੂੰ ਦੱਸੇ ਪੀੜ
ਕਿਸਮਤ ਉਤੇ ਝੂਰਦਾ,ਖੇਤਾਂ ਵਿਚ ਕਿਸਾਨ

ਦੁੱਧ ਦਹੀਂ ਨੂੰ ਭੁੱਲਗੇ,ਪੀਜ਼ੇ ਬਰਗਰ ਆਮ
ਦੇਖੋ ਕਿੱਦਾਂ ਰੁੜ ਗਏ,ਨਸ਼ਿਆਂ ਵਿਚ ਜਵਾਨ

ਪਾਣੀ ਹਵਾ ਪਲੀਤ ਹੈ,ਲਵੇ ਨਾ ਕੋਈ  ਸਾਰ
ਸੜਕ ਕਿਨਾਰੇ ਬਣ ਗਏ,ਥਾਂ ਥਾਂ ਕੂੜਾਦਾਨ

ਬੰਦਾ ਭਾਲੇ ਤੇਜੀਆਂ,ਵਧ ਗਈ ਰਫਤਾਰ
ਵਾਧੂ ਭੀੜਾਂ ਜੁੜਦੀਆਂ,ਮੱਚ ਰਿਹਾ ਘਮਸਾਨ

ਨੇਕੀ ਤੇ ਇਨਸਾਫ ਨੂੰ, ਛੱਡਗੇ ਬਹੁਤੇ ਲੋਕ
ਝੂਠ ਪਾਪ ਦਾ ਸਿਲਸਿਲਾ, ਹਰ ਥਾਂ ਤੇ ਪ੍ਰਧਾਨ

ਸੱਚ ਹੱਕ ਲਈ ਜੂਝਣਾ,ਹੋਈ ਪੁਰਾਣੀ ਰੀਤ
ਰੱਜ ਕੇ ਕੁਫਰਾਂ ਤੋਲੀਏ,ਹੋ ਜਾਂਦਾ ਪ੍ਰਵਾਨ

                      (ਬਲਜੀਤ ਪਾਲ ਸਿੰਘ)


Wednesday, May 22, 2013

ਗ਼ਜ਼ਲ


ਕਰਮਾਂ ਵਾਲਾ ਚੜ੍ਹਿਆਂ ਸੂਰਜ
ਕਿਰਨਾਂ ਦੇ ਵਿਚ ਮੜ੍ਹਿਆ ਸੂਰਜ

ਕੁਦਰਤ ਦੇ ਵੀ ਖੇਡ ਨਿਰਾਲੇ

ਅੰਬਰ ਦੇ ਵਿਚ ਜੜਿਆ ਸੂਰਜ

ਕਿੰਨਾ ਉੱਚਾ ਕਿੰਨਾ ਤੱਤਾ
ਜਾਂਦਾ ਨਹੀ ਇਹ ਫੜ੍ਹਿਆ ਸੂਰਜ

ਪੋਹ ਮਾਘ ਵਿਚ ਠੰਡਾ ਲੱਗਦਾ
ਜੇਠ ਹਾੜ ਵਿਚ ਸੜਿਆ ਸੂਰਜ

ਤ੍ਰਿਕਾਲਾਂ ਤੋਂ ਰਾਤ ਢਲੀ ਜਦ
ਧਰਤੀ ਓਹਲੇ ਵੜਿਆ ਸੂਰਜ

ਚਾਨਣ ਦੇ ਸੰਗ ਆੜੀ ਇਸਦੀ
ਨਾਲ ਹਨੇਰੇ ਲੜਿਆ ਸੂਰਜ

ਇਹਦੇ ਵਿਚ ਅੰਤਾਂ ਦੀ ਆਤਿਸ਼
ਖੌਰੇ ਕੀਹਨੇ ਘੜਿਆ ਸੂਰਜ

ਖੋਜੀ ਇਸਦੇ ਪਿੱਛੇ ਲੱਗੇ
ਅਜੇ ਕਿਸੇ ਨਾ ਫੜਿਆ ਸੂਰਜ

(ਬਲਜੀਤ ਪਾਲ ਸਿੰਘ)

Friday, May 17, 2013

ਗ਼ਜ਼ਲ

ਭੋਲੇ ਚਿਹਰੇ ਹੀ ਨਾ ਤੱਕੋ,ਬਗਲਾਂ ਹੇਠ ਕਟਾਰਾਂ ਦੇਖੋ
ਭੀੜਾਂ ਵਿਚੋਂ ਮਿੱਤਰ ਲੱਭੋ,ਵੈਰੀ ਦੀਆਂ ਕਤਾਰਾਂ ਦੇਖੋ

ਭਾਵੇਂ ਰੁੱਤ ਕੋਈ ਵੀ ਆਈ,ਫਿਰ ਵੀ ਪੱਲੇ ਵਸਲਾਂ ਨਾਹੀਂ
ਸਾਉਣ ਮਹੀਨੇ ਵੀ ਤਿਰਹਾਏ,ਅੱਜ ਕੱਲ ਦੀਆਂ ਬਹਾਰਾਂ ਦੇਖੋ

ਜਿਹੜੇ ਦੋ ਪਲ ਕੋਲ ਬੈਠਕੇ,ਮਿੱਠੀਆਂ ਮਿੱਠੀਆਂ ਗੱਲਾਂ ਕਰਦੇ
ਮਤਲਬ ਨਿਕਲੇ ਤੋਂ ਹੋ ਜਾਂਦੇ,ਨੌ ਤੇ ਦੋ ਫਿਰ ਗਿਆਰਾਂ ਦੇਖੋ

ਬਚਪਨ ਦੇ ਦਿਨ ਸੋਨੇ ਵਰਗੇ,ਹਿਰਨਾਂ ਵਾਂਗੂ ਚੁੰਗੀਆਂ ਭਰਦੇ
ਫਿਰ ਜੀਵਨ ਦੇ ਪਿਛਲੇ ਪਹਿਰੇ,ਤੁਰਦੇ ਵਾਂਗ ਬਿਮਾਰਾਂ ਦੇਖੋ

ਲੋਕਾਂ ਖਾਤਿਰ ਜਿਹੜੇ ਮੋਏ,ਉਹ ਬੰਦੇ ਸੀ ਵਿਰਲੇ ਟਾਵੇਂ
ਜੋ ਲੋਕਾਂ ਨੂੰ ਲੁੱਟਦੇ ਰਹਿੰਦੇ,ਇਹਨੀ ਦਿਨੀ ਹਜ਼ਾਰਾਂ ਦੇਖੋ

                                 (ਬਲਜੀਤ ਪਾਲ ਸਿੰਘ)

Thursday, April 18, 2013

ਗ਼ਜ਼ਲ

ਅੱਜ ਉਹ ਯਾਰ ਗਵਾਚਣ ਲੱਗੇ,ਮਸਾਂ ਮਸਾਂ ਜੋ ਭਾਲੇ
ਜੋ ਸਮਝੇ ਸੀ ਪਾਕ ਪਵਿੱਤਰ,ਨਿਕਲੇ ਦਿਲ ਦੇ ਕਾਲੇ

ਹੁਣ ਤੱਕ ਕੇਵਲ ਤਪਦੇ ਮੌਸਮ,ਪਿੰਡੇ ਅਸੀਂ ਹੰਢਾਏ
ਜੋ ਅੱਖਾਂ ਨੂੰ ਠੰਡਕ ਦੇਵੇ,ਰੁੱਤ ਨਾ ਆਈ ਹਾਲੇ

ਕੀਰਨਿਆਂ ਵੈਣਾਂ ਦਾ ਯੁੱਗ ਹੈ,ਚਾਰੋਂ ਤਰਫ ਦੁਹਾਈ
ਹੈ ਕੋਈ ਜਿਹੜਾ ਛੋਹੇ ਏਥੇ,ਗੀਤ ਮੁਹੱਬਤ ਵਾਲੇ

ਅਖਬਾਰਾਂ ਦੇ ਬਹੁਤੇ ਪੰਨੇ,ਹਾਦਸਿਆਂ ਨੇ ਮੱਲੇ
ਰੋਜ਼ ਸਵੇਰੇ ਖ਼ਬਰਾਂ ਪੜ੍ਹੀਏ,ਝਗੜੇ ਅਤੇ ਘੁਟਾਲੇ

ਦੇਸ਼ ਦੀ ਸੇਵਾ ਔਖੀ ਡਾਢੀ,ਕਹਿ ਗਿਆ ਵੀਰ ਸਰਾਭਾ
ਅੱਜ ਦੇ ਨੇਤਾ ਸੇਵਾ ਦੀ ਥਾਂ,ਕਰਦੇ ਘਾਲੇ ਮਾਲੇ

ਵਕਤ ਦਾ ਪਹੀਆ ਘੁੰਮਦੇ ਜਾਣਾ,ਓੜਕ ਸੱਚ ਨੇ ਰਹਿਣਾ
ਕਾਲ ਨੇ ਤੁਰਨਾ ਤੋਰ ਆਪਣੀ,ਕੌਣ ਸਮੇਂ ਨੂੰ ਟਾਲੇ

                                  (ਬਲਜੀਤ ਪਾਲ ਸਿੰਘ)

Saturday, April 13, 2013

ਗ਼ਜ਼ਲ

ਇਹ ਮਾੜੇ ਵਕਤ ਨੇ ਸਮਾਂ ਕਦੇ ਬਲਵਾਨ ਆਏਗਾ
ਜਦੋਂ ਮੌਸਮ ਕੋਈ ਬਣਕੇ ਕਦੇ ਵਰਦਾਨ ਆਏਗਾ

ਰੋਜ਼ਾਨਾ ਸਫਰ ਵਿਚ ਮਿਲਦੇ ਰਹੇ ਕੁਝ ਅਜ਼ਨਬੀ ਬੰਦੇ
ਸਫਰ ਜ਼ਾਰੀ ਰਹੇ ਸ਼ਾਇਦ ਕੋਈ ਇਨਸਾਨ ਆਏਗਾ

ਮੇਰੇ ਘਰ ਦਾ ਇਹ ਦਰਵਾਜ਼ਾ ਹਵਾ ਨਾਲ ਹਿੱਲਿਆ ਹੋਣੈ
ਮੈਂ ਐਵੇਂ ਸੋਚ ਬੈਠਾ ਹਾਂ ਕੋਈ ਮਹਿਮਾਨ ਆਏਗਾ

ਕਿਨਾਰੇ ਬੈਠਣਾ ਚੰਗਾ ਤਾਂ ਹੈ ਪਰ ਚੱਲੀਏ ਏਥੋਂ
ਹੈ ਕਿੰਨਾ ਸ਼ਾਂਤ ਇਹ ਸਾਗਰ ਜਿਵੇਂ ਤੂਫਾਨ ਆਏਗਾ

ਨੇ ਧਰਮਾਂ ਤੇ  ਜੋ ਕਾਬਜ਼ ਫਿਰ ਦੱਸੋ ਜਾਣਗੇ ਕਿੱਥੇ
ਜਦੋਂ ਨਾਨਕ ਜਦੋਂ ਗੋਬਿੰਦ ਜਦੋਂ ਭਗਵਾਨ ਆਏਗਾ

ਮੈਂ ਚਾਹੁੰਦਾ ਹਾਂ ਕਿ ਆਪਣੇ ਕੰਮ ਨੂੰ ਹੁਣ ਨੇਪਰੇ ਚਾੜ੍ਹਾਂ
ਨਹੀਂ ਤਾਂ ਫਿਰ ਮੇਰੇ ਰਸਤੇ ਕੋਈ ਸ਼ਮਸ਼ਾਨ ਆਏਗਾ


                                        (ਬਲਜੀਤ ਪਾਲ ਸਿੰਘ)

Wednesday, February 20, 2013

ਗ਼ਜ਼ਲ



ਅੰਦਰੋਂ ਹਰ ਇਕ ਬੰਦਾ ਤਨਹਾ, ਉਤੋਂ ਸਭ ਦੇ ਯਾਰ ਬੜੇ ਨੇ
ਸੱਚ ਦੀ ਖਾਤਿਰ ਨਿਭਦੇ ਥੋੜੇ, ਝੂਠਾਂ ਦੇ ਅੰਬਾਰ ਬੜੇ ਨੇ

ਬਹੁਤੇ ਲੋਕੀਂ ਕਾਹਲੀ ਕਰਦੇ, ਤੇਜ਼ੀ ਨਾਲ ਤੁਰਨ ਦੇ ਆਦੀ
ਫਿਰ ਵੀ ਟਾਵੇਂ ਮੰਜ਼ਿਲ ਪਾਉਂਦੇ ,ਰਹਿ ਜਾਂਦੇ ਵਿਚਕਾਰ ਬੜੇ ਨੇ

ਘੁੰਮਦੇ ਫਿਰਦੇ ਅਸੀਂ ਬਥੇਰੇ, ਕਿਤਿਓਂ ਕੋਈ ਚਾਨਣ ਲੱਭੇ
ਉਹਨਾਂ ਕੋਲੋਂ ਵੀ ਕੁਝ ਸਿੱਖੀਏ, ਉੱਚੇ ਜੋ ਕਿਰਦਾਰ ਬੜੇ ਨੇ

ਪੁੱਠੇ ਸਿੱਧੇ ਢੰਗ ਵਰਤ ਕੇ ਜਿਹੜੇ ਮਾਇਆ 'ਕੱਠੀ ਕਰਦੇ
ਉਹਨਾਂ ਕੋਲੋਂ ਬਚ ਕੇ ਰਹਿਣਾ ਉਹ ਲੋਕੀਂ ਬਦਕਾਰ ਬੜੇ ਨੇ

ਰੋਕ ਨਾ ਸੱਕਿਆ ਕੋਈ ਏਥੇ, ਪਾਪ,ਜ਼ੁਲਮ ਤੇ ਹੇਰਾਫੇਰੀ
ਭਾਵੇਂ ਇਸ ਦੁਨੀਆਂ ਤੇ  ਆਏ ,ਹੁਣ ਤੀਕਰ ਅਵਤਾਰ ਬੜੇ ਨੇ

ਤੇਰੇ ਹਿੱਸੇ ਜੇਕਰ ਆਇਆ ,ਪ੍ਰਦੇਸਾਂ ਵਿਚ ਪੌਂਡ ਕਮਾਉਣਾ
ਮੈਨੂੰ ਮੇਰਾ ਪਿੰਡ ਪਿਆਰਾ ,ਏਥੇ ਵੀ ਗੁਲਜ਼ਾਰ ਬੜੇ ਨੇ

                                        (ਬਲਜੀਤ ਪਾਲ ਸਿੰਘ)

Sunday, January 20, 2013

ਗ਼ਜ਼ਲ

ਫਿੱਕੇ ਫਿੱਕੇ ਹੋਏ ਰੰਗ ਜ਼ਮਾਨੇ ਦੇ
ਬਦਲ ਗਏ ਨੇ ਸਾਰੇ ਢੰਗ ਜ਼ਮਾਨੇ ਦੇ


ਜ਼ਹਿਰੀ ਹੋਇਆ ਫਿਰਦਾ ਏਥੇ ਹਰ ਕੋਈ
ਠੂੰਹੇਂ ਵਾਂਗੂੰ ਤਿੱਖੇ ਡੰਗ ਜ਼ਮਾਨੇ ਦੇ


ਅੱਜ ਉਹਨਾਂ ਦੀ ਸਾਰੇ ਥਾਈਂ ਪੈਂਠ ਬੜੀ
ਜਿਹੜੇ ਸੀਗੇ ਕੱਲ ਤੱਕ ਨੰਗ ਜ਼ਮਾਨੇ ਦੇ


ਵੰਡੀਆਂ ਪਾਈਆਂ ਧਰਮਾਂ,ਨਸਲਾਂ,ਜਾਤਾਂ ਨੇ
ਵੱਖਰੇ ਵੱਖਰੇ ਹੋਏ ਅੰਗ ਜ਼ਮਾਨੇ ਦੇ


ਅੱਤ ਚੁੱਕੀ ਹੈ ਬੁਰੇ ਅਤੇ ਬਦਮਾਸ਼ਾਂ ਨੇ
ਬੀਬੇ ਬੰਦੇ ਹੋ ਗਏ ਤੰਗ ਜ਼ਮਾਨੇ ਦੇ


ਏਥੋਂ ਦੀ ਕੋਈ ਰੁੱਤ ਅਸਾਂਨੂੰ ਰਾਸ ਨਹੀ
ਕਿਵੇਂ ਨਿਭਾਂਗੇ ਦੱਸੋ ਸੰਗ ਜ਼ਮਾਨੇ ਦੇ

              (ਬਲਜੀਤ ਪਾਲ ਸਿੰਘ)

Tuesday, December 25, 2012

ਗ਼ਜ਼ਲ


ਅੱਖਰਾਂ ਭੁਲਾਵਿਆਂ ਦੀ ਗੱਲ ਨਾ ਕਰੀਂ
ਢਲੇ ਪਰਛਾਵਿਆਂ ਦੀ ਗੱਲ ਨਾ ਕਰੀਂ

ਮਿਲਾਂਗੇ ਜਦੋਂ ਵੀ ਮਿਲੀਂ ਬੰਦਿਆਂ ਦੇ ਵਾਂਗ
ਐਵੇਂ ਹੀ ਦਿਖਾਵਿਆਂ ਦੀ ਗੱਲ ਨਾ ਕਰੀਂ 

ਅੱਜ ਕੱਲ ਪੱਥਰਾਂ ਤੇ ਕੰਡਿਆਂ ਦਾ ਰਾਜ
ਮਿੱਟੀ ਦਿਆਂ ਬਾਵਿਆਂ ਦੀ ਗੱਲ ਨਾ ਕਰੀਂ 


ਤੇਰੇ ਨਾਲ ਸਾਡੀ ਹੈ ਲਿਹਾਜ਼ ਵੱਖਰੀ
ਪਰ ਫੋਕੇ ਦਾਅਵਿਆਂ ਦੀ ਗੱਲ ਨਾ ਕਰੀਂ


ਅਸੀਂ ਜਾਣ ਚੁੱਕੇ ਤੇਰੇ ਨਾਲ ਬੀਤੀਆਂ
ਓਹਨਾਂ ਹਾਉਕੇ ਹਾਵਿਆਂ ਦੀ ਗੱਲ ਨਾ ਕਰੀਂ 


ਸੱਚ ਦੀਆਂ ਰਾਹਾਂ ਉੱਤੇ ਤੁਰਦਾ ਰਹੀਂ
ਝੂਠੇ ਸਿਰਨਾਵਿਆਂ ਦੀ ਗੱਲ ਨਾ ਕਰੀਂ 


(ਬਲਜੀਤ ਪਾਲ ਸਿੰਘ)

Friday, November 16, 2012

ਕਵੀ ਦਰਬਾਰ

ਮਿਤੀ 10/11/12 ਨੂੰ ਪੰਜਾਬੀ ਸਾਹਿਤ ਸਭਾ(ਰਜਿ)ਬੁਢਲਾਡਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ,ਪੰਜਾਬ ਦੁਆਰਾ ਕਰਵਾਏ ਗਏ ਕਵੀ ਦਰਬਾਰ ਸਮੇਂ ਸਰਕਾਰੀ ਪ੍ਰਾਇਮਰੀ ਸਕੂਲ,ਭਾਦੜਾ ਵਿਖੇ ਕਰਵਾਏ ਗਏ ਕਵੀ ਦਰਬਾਰ ਵਿਚ ਆਪਣੀ ਗ਼ਜ਼ਲ ਪੇਸ਼ ਕਰਦੇ ਹੋਏ

Sunday, September 30, 2012

ਗ਼ਜ਼ਲ

ਕਲਮ ਨੂੰ ਤਲਵਾਰ ਬਣਦਾ ਦੇਖਿਆ
ਫੁੱਲ ਨੂੰ ਅੰਗਿਆਰ ਬਣਦਾ ਦੇਖਿਆ

ਗਲੀਆਂ ਵਿਚ ਲੋਕਾਂ ਦਾ ਝਗੜਾ ਹੋ ਰਿਹਾ
ਇੱਟ ਨੂੰ ਹਥਿਆਰ ਬਣਦਾ ਦੇਖਿਆ

ਪਹਿਨਦੇ ਮੈਲੇ ਜਿਸਮ ਚਿੱਟਾ ਲਿਬਾਸ
ਝੂਠ ਦਾ ਕਿਰਦਾਰ ਬਣਦਾ ਦੇਖਿਆ

ਨੇਤਾ,ਅਫਸਰ ਤੇ ਗੁੰਡੇ ਰਲ ਗਏ
ਤਿੰਨਾਂ ਦਾ ਪਰੀਵਾਰ ਬਣਦਾ ਦੇਖਿਆ

ਅਣਖ ਤੇ ਜ਼ਮੀਰ ਜਿੰਨਾ ਵੇਚਤੀ
ਜਿਉਂਦਿਆਂ ਮੁਰਦਾਰ ਬਣਦਾ ਦੇਖਿਆ

ਕਲਗੀ ਲਾ ਬਦਮਾਸ਼ ਡੇਰੇ ਬਹਿ ਗਏ
ਰੱਬ ਦਾ ਦਰਬਾਰ ਬਣਦਾ ਦੇਖਿਆ

                   (ਬਲਜੀਤ ਪਾਲ ਸਿੰਘ)

Thursday, August 30, 2012

ਗ਼ਜ਼ਲ

ਉਹਨੂੰ ਆਪਣਾ ਬਣਾ ਲੈਂਦਾ ਮਿਰਾ ਕੋਈ ਜ਼ੋਰ ਨਾ ਚੱਲਿਆ
ਕੋਈ ਹਸਰਤ ਜਗਾ ਲੈਂਦਾ, ਮਿਰਾ ਕੋਈ ਜ਼ੋਰ ਨਾ ਚੱਲਿਆ

ਉਹਦੇ ਕਦਮਾਂ ਦੀਆਂ ਪੈੜਾਂ ਸਮਾਂ ਜੇ ਮੇਟ ਨਾ ਦਿੰਦਾ
ਮੈ  ਤੀਰਥ ਵੀ ਬਣਾ ਲੈਂਦਾ, ਮਿਰਾ ਕੋਈ ਜ਼ੋਰ ਨਾ ਚੱਲਿਆ

ਇਹ ਜੋ ਵੀ ਹਾਦਸੇ ਹੋਏ ਬੜੇ ਨਜ਼ਦੀਕ ਹੋਏ ਨੇ
ਕਿਵੇਂ ਨਜ਼ਰਾਂ ਹਟਾ ਲੈਂਦਾ, ਮਿਰਾ ਕੋਈ ਜ਼ੋਰ ਨਾ ਚੱਲਿਆ

ਹਨੇਰੀ ਰਾਤ ਦੇ ਮੱਥੇ ਕਦੇ ਇਲਜ਼ਾਮ ਨਾ ਹੁੰਦੇ
ਕੋਈ ਦੀਪਕ ਜਗਾ ਲੈਂਦਾ ਮਿਰਾ ਕੋਈ ਜ਼ੋਰ ਨਾ ਚੱਲਿਆ

ਮਿਰੇ ਮੂਹਰੇ ਖਲੋਤੀ ਹੈ ਜੋ ਸੈਨਾ ਕੌਰਵਾਂ ਵਾਲੀ
ਕਿਤੇ ਜੇਕਰ ਹਰਾ ਲੈਂਦਾ,ਮਿਰਾ ਕੋਈ ਜ਼ੋਰ ਨਾ ਚੱਲਿਆ

ਇਹਨਾਂ ਬਿਰਖਾਂ ਪਰਿੰਦਿਆਂ ਨੂੰ ਤਪਸ਼ ਨੇ ਰਾਖ ਕਰ ਦੇਣਾ
ਮੈਂ ਚਾਹੁੰਦਾ ਸੀ ਬਚਾ ਲੈਂਦਾ,ਮਿਰਾ ਕੋਈ ਜ਼ੋਰ ਨਾ ਚੱਲਿਆ

                                 (ਬਲਜੀਤ ਪਾਲ ਸਿੰਘ)

Thursday, August 16, 2012

ਗ਼ਜ਼ਲ

ਜਦ ਵੀ ਉਸਦਾ ਖਤ ਪੜ੍ਹਿਆ ਪਛਤਾਏ ਹਾਂ
ਹਾਏ ਕਿਹੜੀ ਰੁੱਤੇ ਓਹਨੂੰ ਛੱਡ ਕੇ ਆਏ ਹਾਂ

 ਸਫਰ ਅਨੋਖਾ ਰਸਤੇ ਵਿੰਗੇ ਟੇਢੇ ਸੀ
ਤਾਂ ਹੀ ਪੈਰੀਂ  ਛਾਲੇ ਅਤੇ ਤਿਹਾਏ ਹਾਂ

ਫੜਿਆ ਹੁੰਦਾ ਲੜ ਜੇਕਰ ਖੁਦਗਰਜ਼ੀ ਦਾ
ਇਹ ਨਾਂ ਕਹਿੰਦੇ ਸਮਿਆਂ ਬੜੇ ਸਤਾਏ ਹਾਂ

ਪਰਖਣਗੇ ਜਰਵਾਣੇ ‘ਕੱਲਾ ਕਰ ਕਰ ਕੇ
ਏਸੇ ਖਾਤਿਰ ਲਾਈਨਾਂ ਵਿਚ ਲਗਾਏ ਹਾਂ

ਸੋਹਲੇ ਗਾਉਂਦੇ ਰਹਿੰਦੇ ਨਿੱਤ ਹਰਿਆਲੀ ਦੇ
ਲੇਕਿਨ ਰੁੱਤਾਂ  ਕੜਬਾਂ ਵਾਂਗ ਸੁਕਾਏ ਹਾਂ

ਕਦ ਸੁਲਝੇਗਾ ਤਾਣਾ ਜਿਹੜਾ ਉਲਝ ਗਿਆ
ਬਸ ਇਹਨਾਂ ਹੀ ਫਿਕਰਾਂ  ਮਾਰ ਮੁਕਾਏ ਹਾਂ

                  (ਬਲਜੀਤ ਪਾਲ ਸਿੰਘ)

Saturday, August 4, 2012

ਗ਼ਜ਼ਲ

ਮੈਂ ਤੱਕਿਆ ਅਸ਼ਿਕਾਂ ਨੂੰ ਜਦ ਵੀ ਹਾਉਕੇ ਭਰਦਿਆਂ ਤੱਕਿਆ
ਦਰਦ ਹੋਰਾਂ ਦਾ ਆਪਣੇ ਹਿਰਦਿਆਂ ਤੇ ਜਰਦਿਆਂ ਤੱਕਿਆ

ਜਦੋਂ ਵੀ ਹਾਦਸਾ ਕੋਈ ਕਿਸੇ ਵੀ ਸੜਕ ਤੇ ਹੋਇਆ
ਉਹ ਮੰਜ਼ਿਰ ਜਾਨਲੇਵਾ ਸੀ ਮਸਾਂ ਹੀ ਡਰਦਿਆਂ ਤੱਕਿਆ

ਇਹ ਸੁਣਿਆ ਪਿਆਰ ਤੇ ਤਕਰਾਰ ਵਿਚ ਸਭ ਜਾਇਜ਼ ਹੀ ਹੁੰਦਾ
ਕੋਈ ਸ਼ਿਕਵਾ ਨਹੀਂ ਕੀਤਾ ਜੇ ਖੁਦ ਨੂੰ ਹਰਦਿਆਂ ਤੱਕਿਆ

ਜੇ ਲੇਬਰ ਚੌਂਕ ਵਿਚ ਜਾ ਕੇ ਕਦੇ ਉਹ ਦੇਖੀਆਂ ਅੱਖਾਂ
ਜਿਹਨਾਂ ਅੱਖਾਂ ਨੂੰ ਬਿਨ ਮੌਤੋਂ ਰੋਜ਼ਾਨਾ ਮਰਦਿਆਂ ਤੱਕਿਆ

ਇਹ ਮਾਨਵ ਆਪਣੀ ਹੀ ਜਾਤ ਦਾ ਅੱਜ ਬਣ ਗਿਆ ਵੈਰੀ
ਅਸੀਂ ਤਾਂ ਪੰਛੀਆਂ ਨੂੰ ਹੀ ਮੁਹੱਬਤ ਕਰਦਿਆਂ ਤੱਕਿਆ

                       (ਬਲਜੀਤ ਪਾਲ ਸਿੰਘ)