Friday, May 17, 2013

ਗ਼ਜ਼ਲ

ਭੋਲੇ ਚਿਹਰੇ ਹੀ ਨਾ ਤੱਕੋ,ਬਗਲਾਂ ਹੇਠ ਕਟਾਰਾਂ ਦੇਖੋ
ਭੀੜਾਂ ਵਿਚੋਂ ਮਿੱਤਰ ਲੱਭੋ,ਵੈਰੀ ਦੀਆਂ ਕਤਾਰਾਂ ਦੇਖੋ

ਭਾਵੇਂ ਰੁੱਤ ਕੋਈ ਵੀ ਆਈ,ਫਿਰ ਵੀ ਪੱਲੇ ਵਸਲਾਂ ਨਾਹੀਂ
ਸਾਉਣ ਮਹੀਨੇ ਵੀ ਤਿਰਹਾਏ,ਅੱਜ ਕੱਲ ਦੀਆਂ ਬਹਾਰਾਂ ਦੇਖੋ

ਜਿਹੜੇ ਦੋ ਪਲ ਕੋਲ ਬੈਠਕੇ,ਮਿੱਠੀਆਂ ਮਿੱਠੀਆਂ ਗੱਲਾਂ ਕਰਦੇ
ਮਤਲਬ ਨਿਕਲੇ ਤੋਂ ਹੋ ਜਾਂਦੇ,ਨੌ ਤੇ ਦੋ ਫਿਰ ਗਿਆਰਾਂ ਦੇਖੋ

ਬਚਪਨ ਦੇ ਦਿਨ ਸੋਨੇ ਵਰਗੇ,ਹਿਰਨਾਂ ਵਾਂਗੂ ਚੁੰਗੀਆਂ ਭਰਦੇ
ਫਿਰ ਜੀਵਨ ਦੇ ਪਿਛਲੇ ਪਹਿਰੇ,ਤੁਰਦੇ ਵਾਂਗ ਬਿਮਾਰਾਂ ਦੇਖੋ

ਲੋਕਾਂ ਖਾਤਿਰ ਜਿਹੜੇ ਮੋਏ,ਉਹ ਬੰਦੇ ਸੀ ਵਿਰਲੇ ਟਾਵੇਂ
ਜੋ ਲੋਕਾਂ ਨੂੰ ਲੁੱਟਦੇ ਰਹਿੰਦੇ,ਇਹਨੀ ਦਿਨੀ ਹਜ਼ਾਰਾਂ ਦੇਖੋ

                                 (ਬਲਜੀਤ ਪਾਲ ਸਿੰਘ)

No comments: