Wednesday, May 22, 2013

ਗ਼ਜ਼ਲ


ਕਰਮਾਂ ਵਾਲਾ ਚੜ੍ਹਿਆਂ ਸੂਰਜ
ਕਿਰਨਾਂ ਦੇ ਵਿਚ ਮੜ੍ਹਿਆ ਸੂਰਜ

ਕੁਦਰਤ ਦੇ ਵੀ ਖੇਡ ਨਿਰਾਲੇ

ਅੰਬਰ ਦੇ ਵਿਚ ਜੜਿਆ ਸੂਰਜ

ਕਿੰਨਾ ਉੱਚਾ ਕਿੰਨਾ ਤੱਤਾ
ਜਾਂਦਾ ਨਹੀ ਇਹ ਫੜ੍ਹਿਆ ਸੂਰਜ

ਪੋਹ ਮਾਘ ਵਿਚ ਠੰਡਾ ਲੱਗਦਾ
ਜੇਠ ਹਾੜ ਵਿਚ ਸੜਿਆ ਸੂਰਜ

ਤ੍ਰਿਕਾਲਾਂ ਤੋਂ ਰਾਤ ਢਲੀ ਜਦ
ਧਰਤੀ ਓਹਲੇ ਵੜਿਆ ਸੂਰਜ

ਚਾਨਣ ਦੇ ਸੰਗ ਆੜੀ ਇਸਦੀ
ਨਾਲ ਹਨੇਰੇ ਲੜਿਆ ਸੂਰਜ

ਇਹਦੇ ਵਿਚ ਅੰਤਾਂ ਦੀ ਆਤਿਸ਼
ਖੌਰੇ ਕੀਹਨੇ ਘੜਿਆ ਸੂਰਜ

ਖੋਜੀ ਇਸਦੇ ਪਿੱਛੇ ਲੱਗੇ
ਅਜੇ ਕਿਸੇ ਨਾ ਫੜਿਆ ਸੂਰਜ

(ਬਲਜੀਤ ਪਾਲ ਸਿੰਘ)

No comments: