Saturday, October 1, 2022

ਗ਼ਜ਼ਲ


ਕਦੇ ਜੇ ਰਿਸ਼ਤਿਆਂ ਨੂੰ ਪਰਖਿਆ ਤਾਂ ਕੀ ਮਿਲ਼ੇਗਾ

ਨਤੀਜਾ ਫੇਰ ਮਾੜਾ ਨਿਕਲਿਆ ਤਾਂ ਕੀ ਮਿਲ਼ੇਗਾ


ਬੜਾ ਸੌਖਾ ਜਿਹਾ ਹੈ ਜ਼ਿੰਦਗੀ ਦਾ ਫਲਸਫਾ ਸਮਝੋ

ਗਣਿਤ ਰੁੱਤਾਂ ਦਾ ਜੇ ਨਾ ਸਮਝਿਆ ਤਾਂ ਕੀ ਮਿਲ਼ੇਗਾ


ਇਹ ਸੱਚ ਹੈ ਸੁੱਕਣੇ ਦਰਿਆ ਤੇ ਨਦੀਆਂ ਖ਼ੁਸ਼ਕ ਹੋਣੈ

ਇਹਨਾਂ ਨੂੰ ਬੇਤਹਾਸ਼ਾ ਵਰਤਿਆ ਤਾਂ ਕੀ ਮਿਲ਼ੇਗਾ


ਬੜੇ ਮੂੰਹ ਜ਼ੋਰ ਏਥੇ ਵਗ ਰਹੀ ਜੋ ਪੌਣ ਕੀ ਕਰੀਏ

ਇਹਦੀ ਰਫ਼ਤਾਰ ਨੂੰ ਨਾ ਵਰਜਿਆ ਤਾਂ ਕੀ ਮਿਲ਼ੇਗਾ


ਘਰਾਂ ਨੂੰ ਛੱਡ ਲਹਿੰਦੇ ਦੇਸ਼ ਤੋਂ ਹੁਣ ਆ ਗਏ ਏਥੇ

ਗਿਆ ਨਾ ਫੇਰ ਓਧਰ ਪਰਤਿਆ ਤਾਂ ਕੀ ਮਿਲ਼ੇਗਾ


ਮਸਲਾ ਇਹ ਨਹੀਂ ਕਿ ਮੀਚ ਕੇ ਅੱਖਾਂ ਤੁਰੇ ਫਿਰੀਏ

ਕਿ ਜੀਵਨ ਇਸ ਤਰ੍ਹਾਂ ਜੇ ਗੁਜ਼ਰਿਆ ਤਾਂ ਕੀ ਮਿਲ਼ੇਗਾ


ਸਦਾ ਸੰਤਾਪੀਆਂ ਜੂਹਾਂ ਦੇ ਵਾਸੀ ਵਾਂਗਰਾਂ ਰਹਿ ਕੇ

ਅਸੀਂ ਕਿਰਦਾਰ ਜੇ ਨਾ ਬਦਲਿਆ ਤਾਂ ਕੀ ਮਿਲ਼ੇਗਾ

(ਬਲਜੀਤ ਪਾਲ ਸਿੰਘ)








Tuesday, September 20, 2022

ਗ਼ਜ਼ਲ


ਉਦ੍ਹੇ ਦਰ ਹਾਜ਼ਰੀ ਜੇਕਰ ਭਰੀ ਤਾਂ ਫੇਰ ਕੀ ਮਿਲਿਆ

ਮੁਹੱਬਤ ਹੀ ਜੇ ਇੱਕ ਤਰਫਾ ਕਰੀ ਤਾਂ ਫੇਰ ਕੀ ਮਿਲਿਆ

ਬੜੀ ਹੀ ਘੁੱਟਣ ਵਾਲੀ ਜ਼ਿੰਦਗੀ ਜੀਣੀ ਨਹੀਂ ਸੌਖੀ

ਮਗਰ ਇੱਕ ਆਰਜ਼ੂ ਦਿਲ ਵਿੱਚ ਮਰੀ ਤਾਂ ਫੇਰ ਕੀ ਮਿਲਿਆ

ਘੜਾ ਕੱਚਾ ਨਦੀ ਗਹਿਰੀ ਉਹਦੀ ਤਕਦੀਰ ਵੀ ਕੱਚੀ

ਨਦੀ ਇਸ਼ਕੇ ਦੀ ਸੋਹਣੀ ਨੇ ਤਰੀ ਤਾਂ ਫੇਰ ਕੀ ਮਿਲਿਆ

ਵਫ਼ਾ ਨੂੰ ਪਾਲਦੇ ਜਿਹੜੇ ਉਹ ਮਿੱਤਰ ਬੇਵਫਾ ਨਿਕਲੇ

ਕਿ ਨਿਕਲੀ ਦੋਸਤੀ ਜੇ ਨਾ ਖਰੀ ਤਾਂ ਫੇਰ ਕੀ ਮਿਲਿਆ

ਕਦੇ ਨਾ ਭੁਗਤਿਆ ਜਿਹੜਾ ਵੀ ਬਣਕੇ ਸੱਚ ਦਾ ਰਹਿਬਰ

ਤਲੀ ਤੇ ਜਾਨ ਉਸ ਖਾਤਰ ਧਰੀ ਤਾਂ ਫੇਰ ਕੀ ਮਿਲਿਆ

ਨਹੀਂ ਮਿਲਦਾ ਹੈ ਮਨਚਾਹਿਆ ਬੜਾ ਕੁਝ ਹੋਰ ਮਿਲ ਜਾਂਦਾ

ਮਿਲੀ ਨਾ ਸੁਫ਼ਨਿਆਂ ਵਾਲੀ ਪਰੀ ਤਾਂ ਫੇਰ ਕੀ ਮਿਲਿਆ

(ਬਲਜੀਤ ਪਾਲ ਸਿੰਘ)


Saturday, September 3, 2022

ਗ਼ਜ਼ਲ

ਹਰ ਵੇਲੇ ਇੱਕ ਦਰਦ ਅਵੱਲਾ ਨਾਲ ਤੁਰੇ

ਮੇਰਾ ਹੀ ਪਰਛਾਵਾਂ ਝੱਲਾ  ਨਾਲ ਤੁਰੇ

ਮਹਿਰਮ ਦੀ ਨਾ ਭੁੱਲੇ ਯਾਦ ਭੁਲਾਇਆਂ ਵੀ
ਚੀਚੀ ਦੇ ਵਿੱਚ ਪਾਇਆ ਛੱਲਾ ਨਾਲ ਤੁਰੇ

ਭੀੜ ਬਣੀ ਤੋਂ ਸਾਰੇ ਹੀ ਛੱਡ ਜਾਂਦੇ ਨੇ
ਸੱਚਾਈ ਦਾ ਫੜਿਆ ਪੱਲਾ ਨਾਲ ਤੁਰੇ

ਆਵੇ ਜਦੋਂ ਖਿਆਲ ਕਲਮ ਤੁਰ ਪੈਂਦੀ ਹੈ
ਓਦੋਂ ਅੱਖਰ 'ਕੱਲਾ 'ਕੱਲਾ ਨਾਲ ਤੁਰੇ

ਦੁਨੀਆ ਚੰਦਰਮਾ ਉਤੇ ਵੀ ਪਹੁੰਚ ਗਈ
ਫਿਰ ਵੀ ਏਧਰ ਟੂਣਾ ਟੱਲਾ ਨਾਲ ਤੁਰੇ
(ਬਲਜੀਤ ਪਾਲ ਸਿੰਘ)

Thursday, September 1, 2022

ਗ਼ਜ਼ਲ

ਸਿਰ ਉੱਤੇ ਤਪਦਾ ਸੂਰਜ ਹੈ ਪੈਰਾਂ ਹੇਠਾਂ ਕੰਡੇ ਨੇ

ਇਸ ਪ੍ਰਕਾਰ ਸਫਰ ਤੇ ਤੁਰਦੇ ਸਾਰੇ ਦੁਖ ਸੁਖ ਵੰਡੇ ਨੇ 


ਛੱਡ ਦਿੱਤਾ ਸਾਰੇ ਐਬਾਂ ਨੂੰ ਹਾਊਮੈ ਨੂੰ ਵੀ ਛੱਡਿਆ ਹੈ

ਫਿਰ ਵੀ ਸਾਡੇ ਨੁਕਸ ਜ਼ਮਾਨੇ ਛੱਜੀਂ ਪਾ ਪਾ ਛੰਡੇ ਨੇ 


ਮਾਰੂਥਲ ਵਰਗੇ ਜੀਵਨ ਵਿੱਚ ਹਰਿਆਲੀ ਆਵੇ ਕਿੱਦਾਂ 

ਮੇਰੇ ਚੌਗਿਰਦੇ ਵਿੱਚ ਬਹੁਤੇ ਰੁੱਖ ਪੱਤਿਆਂ ਬਿਨ ਰੰਡੇ ਨੇ


ਕਿਰਚਾਂ ਛਵੀਆਂ ਤੇ ਤਲਵਾਰਾਂ ਦੀ ਰੁੱਤ ਆਈ ਲੱਗਦੀ ਹੈ

ਧਰਮਾਂ ਨੇ ਗੁੰਡਾਗਰਦੀ ਲਈ ਆਪਣੇ ਚੇਲੇ ਚੰਡੇ ਨੇ 


ਕੁੱਤਾ ਰਾਜ ਸਿੰਘਾਸਨ ਬੈਠਾ ਚੱਕੀ ਚੱਟੀ ਜਾਂਦਾ ਹੈ

ਲੋਕੀਂ ਜਦ ਹੱਕਾਂ ਲਈ ਲੜਦੇ ਉਹਨਾਂ ਖਾਤਰ ਡੰਡੇ ਨੇ


ਉੱਤਰ ਕਾਟੋ ਯਾਰ ਚੜ੍ਹੇ ਇਹ ਖੇਡ ਹੈ ਅੱਜ ਸਿਆਸਤ ਦੀ

ਸਭ ਸਰਕਾਰਾਂ ਦੇ ਹੀ ਏਥੇ ਰਲਵੇਂ ਮਿਲਵੇਂ ਫੰਡੇ ਨੇ


ਉਹਨਾਂ ਦੇ ਹਿੱਸੇ ਦੀ ਦੌਲਤ ਆਖਰ ਕਿਸਨੇ ਖੋਹੀ ਹੈ

ਨਿਰਧਨ ਲਾਚਾਰਾਂ ਦੇ ਚੁੱਲ੍ਹੇ ਬਸਤੀ ਅੰਦਰ ਠੰਡੇ ਨੇ

(ਬਲਜੀਤ ਪਾਲ ਸਿੰਘ)

Saturday, August 27, 2022

ਗ਼ਜ਼ਲ

ਨਵੇਂ ਸਿਰੇ ਤੋਂ ਕਰਨੀ ਪੈਣੀ ਹੈ ਤਾਮੀਰ ਘਰਾਂ ਦੀ

ਹੁਣ ਬਹੁਤੀ ਨਾ ਚੰਗੀ ਲੱਗੇ ਇਹ ਤਸਵੀਰ ਘਰਾਂ ਦੀ


ਕੱਖਾਂ ਕਾਨੇ ਗਾਰੇ ਮਿੱਟੀ ਦੇ ਘਰ ਗਏ ਗੁਆਚੇ 

ਰੇਤਾ ਬਜਰੀ ਇੱਟਾਂ ਲੋਹਾ ਹੁਣ ਤਾਸੀਰ ਘਰਾਂ ਦੀ 


ਮਿਹਨਤ ਕਰਕੇ ਜਿਹੜੇ ਲੋਕੀਂ ਰੋਟੀ ਜੋਗੇ ਹੋਏ 

ਉਹਨਾਂ ਕਿੰਨੀ ਛੇਤੀ ਬਦਲੀ ਹੈ ਤਕਦੀਰ ਘਰਾਂ ਦੀ 


ਕਾਣੀ ਵੰਡ ਦੌਲਤ ਦੀ ਏਥੇ ਐਨੀ ਪੱਸਰ ਚੁੱਕੀ 

ਧਨਵਾਨਾਂ ਨੇ ਦੱਬ ਰੱਖੀ ਬਹੁਤੀ ਜਾਗੀਰ ਘਰਾਂ ਦੀ 


ਜਦ ਵੀ ਨਵੀਂ ਜਵਾਨੀ ਹੁਣ ਪਰਦੇਸੀ ਹੁੰਦੀ ਜਾਵੇ 

ਓਦੋਂ ਬਹੁਤੀ ਹੋ ਜਾਂਦੀ ਹਾਲਤ ਗੰਭੀਰ ਘਰਾਂ ਦੀ 

(ਬਲਜੀਤ ਪਾਲ ਸਿੰਘ)

ਗ਼ਜ਼ਲ

ਇਹ ਬੱਦਲ ਤਾਂ ਬਥੇਰਾ ਹੈ ਵਰਸਦਾ ਫਿਰ ਨਹੀਂ ਕਾਹਤੋਂ

ਕਿ ਵਹਿੰਦਾ ਸ਼ਾਂਤ ਜੋ ਦਰਿਆ ਖੌਲਦਾ ਫਿਰ ਨਹੀਂ ਕਾਹਤੋਂ


ਕਹਾਣੀ ਹੈ ਇਹ ਸਿਰੜਾਂ ਦੀ ਸਿਰਾਂ ਨੂੰ ਵਾਰਨਾ ਪੈਣਾ 

ਸਿਤਮ ਸਹਿੰਦਾ ਹੈ ਪਰ ਬੰਦਾ ਬੋਲਦਾ ਫਿਰ ਨਹੀਂ ਕਾਹਤੋਂ


ਨਵੇਂ ਲਾਏ ਹੋਏ ਪੌਦੇ ਨੂੰ ਕੁਝ ਤਾਂ ਵੀ ਕਮੀ ਹੋਣੀ

ਇਦ੍ਹੇ ਤੇ ਕਿਓਂ ਉਦਾਸੀ ਹੈ ਮੌਲਦਾ ਫਿਰ ਨਹੀਂ ਕਾਹਤੋਂ

 

ਅਜੇ ਲੱਗਦਾ ਫਰੇਬੀ ਮੌਸਮਾਂ ਦਾ ਬੋਲਬਾਲਾ ਹੈ 

ਸੱਚ ਫਿਰ ਝੂਠ ਤੋਂ ਬਹੁਤਾ ਫੈਲਦਾ ਫਿਰ ਨਹੀਂ ਕਾਹਤੋਂ 


ਅਸਾਂ ਮਾਰੂਥਲਾਂ ਅੰਦਰ ਅਜੇ ਤਾਂ ਕਰਨੀਆਂ ਸੈਰਾਂ 

ਕਿ ਕਾਦਰ ਦਾ ਕ੍ਰਿਸ਼ਮਾ ਵਰਤਦਾ ਫਿਰ ਨਹੀਂ ਕਾਹਤੋਂ


ਬੜੇ ਹੀ ਤਲਖ਼ ਤੇਵਰ ਪਹਿਨ ਵਾਪਸ ਜਾ ਰਿਹਾ ਮਹਿਰਮ 

ਉਹ ਮੇਰੀ ਹਰ ਨਸੀਹਤ ਨੂੰ ਗੌਲਦਾ ਫਿਰ ਨਹੀਂ ਕਾਹਤੋਂ 

(ਬਲਜੀਤ ਪਾਲ ਸਿੰਘ)

Saturday, August 13, 2022

ਗ਼ਜ਼ਲ

ਲੱਭੀਏ ਤਾਂ ਵੀ ਨਾ ਲੱਭਦੇ ਹੁਣ ਏਥੇ ਪਾਕ ਪਵਿੱਤਰ ਬੰਦੇ 

ਭੀੜਾਂ ਵਿੱਚੋਂ ਚਲੋ ਭਾਲੀਏ ਆਪਾਂ ਰਲ ਕੇ ਮਿੱਤਰ ਬੰਦੇ


ਜਿੰਨਾਂ ਲੋਕਾਂ ਅੰਦਰ ਗ਼ੈਰਤ ਉਹਨਾਂ ਨੂੰ ਹੀ ਹੋਣ ਸਲਾਮਾਂ 

ਚਾਪਲੂਸੀਆਂ ਜਿਹੜੇ ਕਰਦੇ ਓਹੀਓ ਖਾਂਦੇ ਛਿੱਤਰ ਬੰਦੇ 


ਜਦੋਂ ਸੁਆਰਥ ਕੋਈ ਹੋਵੇ ਜਾਂਦੇ ਤਲੀਆਂ ਚੱਟਣ ਤੀਕਰ 

ਲੇਕਿਨ ਜਦ ਵੀ ਲੋੜ ਪਵੇ ਤਾਂ ਹੋ ਜਾਂਦੇ ਨੇ ਤਿੱਤਰ ਬੰਦੇ 


ਸੇਵਾ ਕਰਨੀ ਕਹਿ ਕੇ ਓਦਾਂ ਜਿੱਤ ਜਾਂਦੇ ਨੇ ਭਾਵੇਂ ਚੋਣਾਂ 

ਅੱਜ ਕੱਲ ਬਹੁਤੇ ਨੇਤਾ ਜਾਪਣ ਕੰਧਾਂ ਉੱਤੇ ਚਿੱਤਰ ਬੰਦੇ

 

ਕੌਮਾਂ ਜਦ ਵੀ ਲਹੂ ਮੰਗਦੀਆਂ ਆਜ਼ਾਦੀ ਦੇ ਜੰਗਾਂ ਅੰਦਰ 

ਓਦੋਂ ਹੀ ਫਿਰ ਸਾਹਵੇਂ ਆਉਂਦੇ ਵਿਰਲੇ ਥੋੜੇ ਨਿੱਤਰ ਬੰਦੇ 

(ਬਲਜੀਤ ਪਾਲ ਸਿੰਘ)


Saturday, July 23, 2022

ਗ਼ਜ਼ਲ

ਚੌਗਿਰਦਾ ਹਰ ਹਾਲ ਮਹਿਕਣਾ ਚਾਹੀਦਾ ਹੈ

ਚਿੜੀਆਂ ਨੂੰ ਵੀ ਰੋਜ਼ ਚਹਿਕਣਾ ਚਾਹੀਦਾ ਹੈ 


ਤੇਜ ਤਰਾਰ ਦੌੜੰਗੇ ਲਾਉਂਦੇ ਇਸ ਜੀਵਨ ਨੂੰ

ਸਹਿਜੇ ਸਹਿਜੇ ਨਿੱਤ ਸਰਕਣਾ ਚਾਹੀਦਾ ਹੈ 


ਸਾਡੇ ਕੋਲੋਂ ਜਿਹੜੀਆਂ ਰੁੱਤਾਂ ਰੁੱਸ ਗਈਆਂ ਸੀ  

ਉਹਨਾਂ ਨੂੰ ਹੁਣ ਫੇਰ ਪਰਤਣਾ ਚਾਹੀਦਾ ਹੈ 


ਹਰ ਵਿਹੜੇ ਇੱਕ ਸੋਹਣਾ ਜਿਹਾ ਬਗੀਚਾ ਹੋਵੇ 

ਡਾਲੀ ਡਾਲੀ ਫੁੱਲ ਟਹਿਕਣਾ ਚਾਹੀਦਾ ਹੈ


ਜਦ ਵੀ ਕਾਲੀ ਰਾਤ ਸੰਨਾਟਾ ਹੋਵੇ ਛਾਇਆ 

ਕੋਈ ਜੁਗਨੂੰ ਫੇਰ ਚਮਕਣਾ ਚਾਹੀਦਾ ਹੈ 


ਰੁੱਖਾਂ ਦੇ ਝੂਮਣ ਦਾ ਵੀ ਫਿਰ ਬਣੇ ਵਸੀਲਾ 

ਪੌਣਾਂ ਨੂੰ ਹਰ ਹਾਲ ਰੁਮਕਣਾ ਚਾਹੀਦਾ ਹੈ 


ਮਿੱਟੀ ਦੇ ਵਿੱਚ ਬੀਜ ਮਿਲਾ ਕੇ ਹੁਣ ਬੈਠੇ ਹਾਂ 

ਕਿਣਮਿਣ ਕਣੀਆਂ ਨੂੰ ਵਰਸਣਾ ਚਾਹੀਦਾ ਹੈ 

(ਬਲਜੀਤ ਪਾਲ ਸਿੰਘ)


Sunday, July 17, 2022

ਗ਼ਜ਼ਲ

 ਏਹਦੇ ਨਾਲੋਂ ਬਿਹਤਰ ਸੀ ਕਿ ਮੈਂ ਜੰਗਲ ਦਾ ਰੁੱਖ ਹੁੰਦਾ 

ਰਿਸ਼ਤੇ ਨਾਤੇ ਸਾਕ ਸਬੰਧੀ ਹਰ ਉਲਝਣ ਤੋਂ ਬੇਮੁੱਖ ਹੁੰਦਾ


ਮੇਰੇ ਦੋਸਤ ਸਹਿਜੇ ਹੀ ਫਿਰ ਫੁੱਲ, ਪੱਤੇ ਤੇ ਪੰਛੀ ਹੁੰਦੇ

ਪੀਲੇ ਹੋ ਜਦ ਝੜਦੇ ਪੱਤੇ ਮੈਨੂੰ ਡਾਢਾ ਹੀ ਦੁੱਖ ਹੁੰਦਾ 


ਝੱਖੜ ਝੁੱਲਦੇ ਭਾਵੇਂ ਓਥੇ ਗਰਮ ਹਵਾ ਵੀ ਵਗਦੀ ਰਹਿੰਦੀ

ਸਾਰਾ ਕੁਝ ਹੀ ਸਹਿ ਜਾਣਾ ਸੀ ਨਾ ਕਦੇ ਵੀ ਬੇਰੁੱਖ ਹੁੰਦਾ 


ਚਾਰੇ ਪਾਸੇ ਮੇਰੇ ਵਰਗੇ ਰੁੱਖਾਂ ਦਾ ਝੁਰਮਟ ਹੋਣਾ ਸੀ 

ਸਾਂਝਾ ਦਰਦ ਖੁਸ਼ੀ ਸਾਂਝੀ ਤੇ ਸਾਂਝਾ ਹਰ ਇੱਕ ਸੁੱਖ ਹੁੰਦਾ 


ਚੀਂ ਚੀਂ ਕਰਦੇ ਖੰਭ ਫੜਕਦੇ ਚੋਗੇ ਖਾਤਰ ਮਾਂ ਉਡੀਕਦੀ

ਆਲ੍ਹਣਿਆਂ ਦੇ ਸਭ ਬੋਟਾਂ ਦੀ ਮੈਂ ਸੁਖਲੱਧੀ ਕੁੱਖ ਹੁੰਦਾ 

(ਬਲਜੀਤ ਪਾਲ ਸਿੰਘ)

Wednesday, July 6, 2022

ਗ਼ਜ਼ਲ

ਹਰ ਵੇਲੇ ਇੱਕ ਦਰਦ ਅਵੱਲਾ ਨਾਲ ਤੁਰੇ

ਮੇਰਾ ਹੀ ਪਰਛਾਵਾਂ ਝੱਲਾ ਨਾਲ ਤੁਰੇ


ਮਹਿਰਮ ਦੀ ਨਾ ਭੁੱਲੇ ਯਾਦ ਭੁਲਾਇਆਂ ਵੀ 

ਚੀਚੀ ਦੇ ਵਿੱਚ ਪਾਇਆ ਛੱਲਾ ਨਾਲ ਤੁਰੇ


ਭੀੜ ਬਣੀ ਤੋਂ ਸਾਰੇ ਹੀ ਛੱਡ ਜਾਂਦੇ ਨੇ 

ਸੱਚਾਈ ਦਾ ਫੜਿਆ ਪੱਲਾ ਨਾਲ ਤੁਰੇ 


ਆਵੇ ਜਦੋਂ ਖਿਆਲ ਕਲਮ ਤੁਰ ਪੈਂਦੀ ਹੈ 

ਓਦੋਂ ਅੱਖਰ 'ਕੱਲਾ 'ਕੱਲਾ ਨਾਲ ਤੁਰੇ


ਦੁਨੀਆ ਚੰਦਰਮਾ ਉਤੇ ਵੀ ਪਹੁੰਚ ਗਈ 

ਫਿਰ ਵੀ ਏਧਰ ਟੂਣਾ ਟੱਲਾ ਨਾਲ ਤੁਰੇ 

(ਬਲਜੀਤ ਪਾਲ ਸਿੰਘ)

Sunday, July 3, 2022

ਗ਼ਜ਼ਲ


ਪੱਤ-ਵਿਹੂਣੇ ਰੁੰਡ ਮਰੁੰਡੇ ਰੁੱਖਾਂ ਤੇ ਅਫਸੋਸ ਬੜਾ ਹੈ
ਧੀਆਂ ਪੁੱਤਾਂ ਬਾਝੋਂ ਸੁੰਨੀਆਂ ਕੁੱਖਾਂ ਤੇ ਅਫਸੋਸ ਬੜਾ ਹੈ

ਧੁੱਪਾਂ ਠੰਡਾਂ ਜਰੀਆਂ ਮਿਹਨਤ ਕੀਤੀ  ਫਿਰ ਵੀ
ਪੇਟਾਂ ਉਤੇ ਭਾਰੀ ਪਈਆਂ ਭੁੱਖਾਂ ਤੇ ਅਫਸੋਸ ਬੜਾ ਹੈ

ਖੁਦ ਹੀ ਵਾਂਗ ਜਲਾਦਾਂ ਇਹ ਸਰਕਾਰਾਂ ਬਣੀਆਂ
ਲੋਕਾਂ ਨੂੰ ਜੋ ਦਿੱਤੇ ਉਹਨਾਂ ਦੁੱਖਾਂ ਤੇ ਅਫਸੋਸ ਬੜਾ ਹੈ

ਧਰਤੀ ਵੀ ਨਾ ਝੱਲਦੀ ਭਾਰ ਅਕ੍ਰਿਤਘਣਾਂ ਦਾ
ਜਨਮੇ ਏਥੇ ਇਹੋ ਜਹੇ ਮਨੁੱਖਾਂ ਤੇ ਅਫਸੋਸ ਬੜਾ ਹੈ

ਜਿਹਨਾਂ ਦੋ ਨੰਬਰ ਦੀ ਦੌਲਤ ਕੱਠੀ ਕੀਤੀ ਹੈ ਉਹਨਾਂ ਦੇ
ਕਾਲੇ ਕਰਮਾਂ ਕਰਕੇ ਮਾਣੇ ਸੁੱਖਾਂ ਤੇ ਅਫਸੋਸ ਬੜਾ ਹੈ
(ਬਲਜੀਤ ਪਾਲ ਸਿੰਘ)

ਗ਼ਜ਼ਲ


ਪਲਕਾਂ ਉੱਤੇ ਅੱਥਰੂਆਂ ਦਾ ਰੈਣ ਬਸੇਰਾ ਹੁੰਦਾ ਹੈ

ਸੀਨੇ ਅੰਦਰ ਵਿਛੜਿਆਂ ਦਾ ਦੁੱਖ ਬਥੇਰਾ ਹੁੰਦਾ ਹੈ 


ਪੀਲੇ ਹੋਏ ਪੱਤੇ ਆਖਿਰ ਝੜ ਜਾਂਦੇ ਨੇ ਰੁੱਖਾਂ ਤੋਂ

ਝੱਖੜ ਨੂੰ ਲਿਫ ਕੇ ਸਹਿਣਾ ਰੁੱਖਾਂ ਦਾ ਜੇਰਾ ਹੁੰਦਾ ਹੈ 


ਰਾਹਾਂ ਉੱਤੇ ਫੁੱਲਾਂ ਦੀ ਥਾਂ ਜੇਕਰ ਥੋਹਰਾਂ ਉੱਗ ਪਈਆਂ

ਉਹਨਾਂ 'ਤੇ ਤੁਰਦੇ ਰਾਹੀਆਂ ਦਾ ਪੰਧ ਲਮੇਰਾ ਹੁੰਦਾ ਹੈ

 

ਸ਼ਾਮ ਢਲੇ ਤੋਂ ਚਾਨਣ ਵੰਡਦਾ ਸੂਰਜ ਕਿਧਰੇ ਗੁੰਮ ਗਿਆ 

ਕਾਲੀ ਰਾਤ ਦੇ ਆਲਮ ਮਗਰੋਂ ਫੇਰ ਸਵੇਰਾ ਹੁੰਦਾ ਹੈ


ਜਦ ਵੀ ਹਾਕਮ ਕੋਸ਼ਿਸ਼ ਕੀਤੀ ਹੈ ਕੌਮਾਂ ਨੂੰ ਲਤੜਨ ਦੀ

ਲੋਕਾਂ ਵਿੱਚ ਓਦੋਂ ਫਿਰ ਪੈਦਾ ਇੱਕ ਚੀ-ਗਵੇਰਾ ਹੁੰਦਾ ਹੈ


ਲਾਲਚ ਨਫ਼ਰਤ ਗ਼ੁੱਸਾ ਅਤੇ ਹੰਕਾਰ ਜਦੋਂ ਵੀ ਕਰਦੇ ਓ

ਮਨ ਮਸਤਕ ਵਿੱਚ ਛਾਇਆ ਓਦੋਂ ਘੁੱਪ ਹਨੇਰਾ ਹੁੰਦਾ ਹੈ


ਚਿੜੀਆਂ ਘੁੱਗੀਆਂ ਵਰਗੇ ਪੰਛੀ ਉੱਡ ਗਏ ਨੇ ਕਿੱਧਰ ਨੂੰ   

ਸੁੰਨ ਮਸੁੰਨਾ ਤਾਂ ਹੀ ਘਰ ਦਾ ਫੇਰ ਬਨੇਰਾ ਹੁੰਦਾ ਹੈ


ਰਾਜ ਨੇਤਾਵਾਂ ਅਤੇ ਅਫਸਰਾਂ ਐਨਾ ਲੁੱਟਿਆ ਲੋਕਾਂ ਨੂੰ 

ਚੋਰ ਚੋਰ ਦਾ ਭਾਈ ਹੁੰਦਾ ਅਤੇ ਮਸੇਰਾ ਹੁੰਦਾ ਹੈ


ਵੇਦਨ ਕਹਿੰਦਾ ਕਹਿੰਦਾ ਕੋਈ ਚਾਰੇ ਬੰਨੇ ਹਾਰ ਗਿਆ 

ਓਦੋਂ ਦੁਸ਼ਮਣ ਉਸ ਬੰਦੇ ਲਈ ਚਾਰ ਚੁਫੇਰਾ ਹੁੰਦਾ ਹੈ 

(ਬਲਜੀਤ ਪਾਲ ਸਿੰਘ)

Thursday, June 16, 2022

ਗ਼ਜ਼ਲ


ਗੀਤਾਂ ਗ਼ਜ਼ਲਾਂ ਕਵਿਤਾਵਾਂ ਦੀ ਗੱਲ ਕਰਾਂਗੇ

ਆਪਾਂ ਪੰਜਾਂ ਦਰਿਆਵਾਂ ਦੀ ਗੱਲ ਕਰਾਂਗੇ


ਅੱਲੜ ਉਮਰੇ ਜਿਨ੍ਹਾਂ ਹੇਠਾਂ ਉਮਰ ਲੰਘਾਈ

ਉਹਨਾਂ ਰੁੱਖਾਂ ਤੇ ਛਾਵਾਂ ਦੀ ਗੱਲ ਕਰਾਂਗੇ


ਜਿਨ੍ਹਾਂ ਉੱਤੇ ਤੁਰਦੇ ਹੁਣ ਤੀਕਰ ਆਏ ਹਾਂ

ਕੱਚੇ ਪਹਿਆਂ ਤੇ ਰਾਹਵਾਂ ਦੀ ਗੱਲ ਕਰਾਂਗੇ


ਚੌਂਕਾ ਚੁੱਲਾ ਸਾਂਭ ਲਿਆ ਮਮਤਾ ਵੀ ਪਾਲੀ

ਉਹਨਾਂ ਸਭ ਸਿਰੜੀ ਮਾਵਾਂ ਦੀ ਗੱਲ ਕਰਾਂਗੇ


ਜਦ ਵੀ ਕੋਈ ਬਿਪਤਾ ਘੇਰ ਖੜੋਈ ਤਾਂ ਫਿਰ

ਬਿਨ ਭਾਈਆਂ ਭੱਜੀਆਂ ਬਾਹਵਾਂ ਦੀ ਗੱਲ ਕਰਾਂਗੇ


ਜਦੋਂ ਉਜਾੜਾ ਘੁੱਗੀਆਂ ਦਾ ਹੋਇਆ ਫਿਰ ਓਦੋਂ

ਚੀਲਾਂ ਗਿਰਝਾਂ ਤੇ ਕਾਵਾਂ ਦੀ ਗੱਲ ਕਰਾਂਗੇ

(ਬਲਜੀਤ ਪਾਲ ਸਿੰਘ)


Friday, June 3, 2022

ਗ਼ਜ਼ਲ


ਸੁੰਨੇ ਘਰ ਵਿੱਚ ਸਮਾਂ ਲੰਘਾਉਣਾ ਔਖਾ ਲੱਗੇ

ਇਕਲਾਪੇ ਨੂੰ ਗਲੇ ਲਗਾਉਣਾ ਔਖਾ ਲੱਗੇ


ਰਾਤ ਹਨੇਰੀ ਮੌਸਮ ਦੇ ਵਿੱਚ ਤਲਖ਼ੀ ਤੇਜ਼ੀ

ਝੱਖੜ ਦੇ ਵਿੱਚ ਦੀਪ ਜਗਾਉਣਾ ਔਖਾ ਲੱਗੇ


ਯਾਦਾਂ ਦੇ ਨਾਲ ਭਰ ਚੁੱਕਾ ਹੈ ਜਿਹੜਾ ਹਿਰਦਾ

ਉਸਨੂੰ ਹੁਣ ਖਾਲੀ ਕਰਵਾਉਣਾ ਔਖਾ ਲੱਗੇ 


ਅੱਖਾਂ ਦੇ ਵਿੱਚ ਉੱਭਰ ਆਇਆ ਦਰਦ ਅਵੱਲਾ

ਜਿਸਨੂੰ ਸ਼ਬਦਾਂ ਨਾਲ ਛੁਪਾਉਣਾ ਔਖਾ ਲੱਗੇ


ਵਕਤ ਦਾ ਅੰਨ੍ਹਾ ਘੋੜਾ ਸਰਪਟ ਦੌੜੀ ਜਾਂਦਾ

ਕਦਮਾਂ ਨੂੰ ਉਸ ਨਾਲ ਮਿਲਾਉਣਾ ਔਖਾ ਲੱਗੇ 


ਝੂਠੀ ਗੱਲ ਹੈ ਅੰਬਰ ਵਿੱਚੋਂ ਤਾਰੇ ਚੁਗਣਾ

ਜ਼ੁਲਫ਼ਾਂ ਦੇ ਵਿੱਚ ਫੁੱਲ ਸਜਾਉਣਾ ਔਖਾ ਲੱਗੇ


ਸੁਫਨੇ ਅੰਦਰ ਕੋਈ ਵੀ ਮੁਮਤਾਜ ਨਹੀਂ ਸੀ

ਤਾਜਮਹਿਲ ਤਾਂ ਹੀ ਬਣਵਾਉਣਾ ਔਖਾ ਲੱਗੇ

(ਬਲਜੀਤ ਪਾਲ ਸਿੰਘ)


Saturday, May 14, 2022

ਗ਼ਜ਼ਲ


ਰੌਲੇ  ਧੂੰਏਂ  ਤੇ  ਘੱਟੇ  ਨੇ  ਮਾਰ  ਲਿਆ  ਹੈ। 

ਜੂਏ  ਨਸ਼ਿਆਂ  ਤੇ  ਸੱਟੇ ਨੇ ਮਾਰ ਲਿਆ ਹੈ। 


ਭੋਰਾ ਸਮਝ ਸਕੇ ਨਾ ਲੋਕੀ ਧਰਮ ਗ੍ਰੰਥਾਂ ਨੂੰ

ਲਾਏ  ਜੋ  ਤੋਤੇ - ਰੱਟੇ  ਨੇ  ਮਾਰ  ਲਿਆ  ਹੈ। 


ਪਾਰਟੀਆਂ ਹੀ ਲੁੱਟ ਕੇ ਪਰਜਾ ਨੂੰ ਖਾਧਾ ਏ, 

ਉਹਨਾਂ  ਦੇ  ਵਾਰੀ  ਵੱਟੇ ਨੇ ਮਾਰ ਲਿਆ ਹੈ। 


ਜੀਣਾ ਦੁੱਭਰ  ਕੀਤਾ ਅਜਬ ਸੁਆਦਾਂ ਨੇ ਵੀ

ਸਭਨਾਂ  ਨੂੰ  ਮਿੱਠੇ ਖੱਟੇ  ਨੇ ਮਾਰ ਲਿਆ ਹੈ। 


ਫਿਕਰਾਂ- ਫਾਕੇ  ਕੱਟ  ਰਹੇ  ਵਾਹੀਕਾਰਾਂ  ਨੂੰ, 

ਕੇਰੇ - ਪੋਰੇ   ਤੇ  ਛੱਟੇ  ਨੇ  ਮਾਰ  ਲਿਆ ਹੈ। 

(ਬਲਜੀਤ ਪਾਲ ਸਿੰਘ)

ਗ਼ਜ਼ਲ


ਚਾਰੇ ਕੂਟਾਂ ਕੂੜ ਕਬਾੜਾ ਕਿੰਨਾ ਹੈ 

ਨਫ਼ਰਤ ਗ਼ੁੱਸਾ ਨਿੰਦਾ ਸਾੜਾ ਕਿੰਨਾ ਹੈ 


ਕੋਈ ਬਹੁਤਾ ਉੱਚਾ ਕੋਈ ਹੈ ਨੀਵਾਂ

ਬੰਦੇ ਤੋਂ ਬੰਦੇ ਦਾ ਪਾੜਾ ਕਿੰਨਾ ਹੈ 


ਦੂਰੋਂ ਦੂਰੋਂ ਜਿਹੜਾ ਚੰਗਾ ਲੱੱਗਦਾ ਸੀ

ਨੇੜੇ ਆਇਆ ਲੱਗਿਆ ਮਾੜਾ ਕਿੰਨਾ ਹੈ


ਬੇਗਾਨੀ ਬਸਤੀ ਵਿੱਚ ਰਹਿ ਕੇ ਦੇਖੋ ਤਾਂ

ਚੰਗਾ ਆਪਣਾ ਆਖਰ ਵਾੜਾ ਕਿੰਨਾ ਹੈ


ਸਾਇੰਸ ਕੋਲੋਂ ਪਾਸਾ ਵੱਟਿਆ ਲੋਕਾਂ ਨੇ

ਕਾਲਾ ਜਾਦੂ ਟੂਣਾ ਝਾੜਾ ਕਿੰਨਾ ਹੈ


ਅੱਜ ਦਾ ਮਾਨਵ ਟਾਲਾ ਵੱਟੇ ਨੇਕੀ ਤੋਂ

ਡਾਕੇ ਚੋਰੀ ਠੱਗੀ ਘਾੜਾ ਕਿੰਨਾ ਹੈ

(ਬਲਜੀਤ ਪਾਲ ਸਿੰਘ)


Saturday, May 7, 2022

ਗ਼ਜ਼ਲ


ਸੋਹਣੇ ਸੋਹਣੇ ਪਿਆਰੇ ਪਿਆਰੇ ਅੱਖਰ ਲਿਖੀਏ

ਖੁਸ਼ੀਆਂ ਗ਼ਮੀਆਂ ਲਿਖੀਏ ਰੋਸੇ ਸੱਥਰ ਲਿਖੀਏ


ਜਿਸਨੇ ਸਾਡੇ ਕੰਮ ਕਦੇ ਨਹੀਂ ਆਉਣਾ ਹੁੰਦਾ

ਕਾਹਤੋਂ ਨਾ ਫਿਰ ਉਸ ਹੀਰੇ ਨੂੰ ਪੱਥਰ ਲਿਖੀਏ


ਸਾਰੇ ਮਿੱਤਰਾਂ ਦੀ ਇੱਕ ਸੂਚੀ ਇੰਝ ਬਣਾਓ

ਮਿੱਠੇ ਨੂੰ ਮਿੱਠਾ ਕੌੜੇ ਨੂੰ ਖੱਟਰ ਲਿਖੀਏ


ਜਦ ਵੀ ਦਰਦਾਂ ਮਾਰੀ ਤੱਕੀਏ ਕੋਈ ਸੂਰਤ

ਅੱਖਾਂ ਵਿੱਚੋਂ ਸਿੰਮਦਾ ਹੋਇਆ ਅੱਥਰ ਲਿਖੀਏ 


ਔੜਾਂ ਸਾੜੀ ਧਰਤੀ ਉੱਤੋਂ ਤਪਦਾ ਸੂਰਜ

ਖੁਸ਼ਕੀ ਮਾਰੇ ਖੇਤਾਂ ਦਾ ਕੀ ਵੱਤਰ ਲਿਖੀਏ 

(ਬਲਜੀਤ ਪਾਲ ਸਿੰਘ)

Friday, April 22, 2022

ਗ਼ਜ਼ਲ


ਸਭ ਦੀ ਹਾਂ ਵਿੱਚ ਹਾਂ ਮਿਲਾਈ ਜਾਈਏ ਕਾਹਤੋਂ

ਉੱਚੇ ਬੂਹੇ ਉੱਤੇ ਅਲਖ ਜਗਾਈ ਜਾਈਏ ਕਾਹਤੋਂ 


ਅਸੀਂ ਤਾਂ ਨਿੱਤ ਹੀ ਆਪ ਕਮਾ ਕੇ ਖਾਣਾ ਹੁੰਦਾ

ਗੈਰਤ ਆਪਣੀ ਆਪ ਗਵਾਈ ਜਾਈਏ ਕਾਹਤੋਂ


ਕੋਈ ਮਹਿਫ਼ਲ ਛੱਡ ਕੇ ਉੱਠ ਗਿਆ ਅੱਧਵਾਟੇ

ਜਾਣ ਦਿਓ ਫਿਰ ਹੱਥ ਹਿਲਾਈ ਜਾਈਏ ਕਾਹਤੋਂ


ਜਾਣ-ਬੁੱਝ ਕੇ ਜਿਹੜਾ ਨਜ਼ਰਾਂ ਫੇਰ ਗਿਆ ਹੈ

ਉਹਦੇ ਉੱਤੇ ਅੱਖ ਟਿਕਾਈ ਜਾਈਏ ਕਾਹਤੋਂ


ਜੰਗਲ ਬੇਲੇ ਉੱਚੇ ਪਰਬਤ ਸੋਹਣੇ ਲੱਗਦੇ

ਖੇਤਾਂ ਦੀ ਪਰ ਯਾਦ ਭੁਲਾਈ ਜਾਈਏ ਕਾਹਤੋਂ


ਛੂਟਾਂ ਵੱਟੀ ਘੁੰਮ ਰਹੇ ਨੇ ਵੱਗ ਬਾਬਿਆਂ ਦੇ

ਸਭ ਦੀ ਜੈ ਜੈ ਕਾਰ ਕਰਾਈ ਜਾਈਏ ਕਾਹਤੋਂ 


ਬੀਤੇ ਸਮਿਆਂ ਨੇ ਕਦੇ ਵੀ ਮੁੜ ਨਹੀਂ ਆਉਣਾ

ਦਿਲ ਨੂੰ ਸਾੜੀ ਅਤੇ ਸਤਾਈ ਜਾਈਏ ਕਾਹਤੋਂ

(ਬਲਜੀਤ ਪਾਲ ਸਿੰਘ)



ਗ਼ਜ਼ਲ


ਬਦਲਦਾ ਮੌਸਮ ਬੜਾ ਕੁਝ ਕਹਿ ਗਿਆ ਹੈ

ਖ਼ੁਆਬ ਜੋ ਤੱਕਿਆ ਅਧੂਰਾ ਰਹਿ ਗਿਆ ਹੈ


ਚਾਂਭਲੀ ਫਿਰਦੀ ਹੈ ਐਵੇਂ ਪੌਣ ਵੀ

ਨਾਜ਼ ਇਸਦੇ ਹਰ ਬਾਸ਼ਿੰਦਾ ਸਹਿ ਗਿਆ ਹੈ


ਵਸਲ ਦਾ ਵਾਅਦਾ ਨਹੀਂ ਕੀਤਾ ਸਨਮ

ਮਹਿਲ ਰੀਝਾਂ ਮੇਰੀਆਂ ਦਾ ਢਹਿ ਗਿਆ ਹੈ


ਸਾਂਭੀਏ ਏਦਾਂ ਖੁਦੀ ਨੂੰ ਚੇਤਿਆਂ ਵਿੱਚ

ਮੇਰੇ ਹਿਰਦੇ ਵਹਿਮ ਪੱਕਾ ਬਹਿ ਗਿਆ ਹੈ


ਪਲਕਾਂ ਉਤੇ ਠਹਿਰਨਾ ਮੁਮਕਿਨ ਨਹੀਂ ਸੀ

ਤਾਂ ਹੀ ਹੰਝੂ ਅੱਖੀਆਂ ਦਾ ਵਹਿ ਗਿਆ ਹੈ


ਸ਼ਖਸ ਜੋ ਮਾਸੂਮ ਹੁੰਦਾ ਸੀ ਕਦੇ

ਕੌਣ ਹੈ ਜੋ ਪਰਬਤਾਂ ਸੰਗ ਖਹਿ ਗਿਆ ਹੈ 


ਤਪਸ਼ ਐਨੀ ਕਰ ਗਿਆ ਸੂਰਜ ਜਿਵੇਂ

ਢਲਦੇ ਢਲਦੇ ਸ਼ਾਮ ਆਖਿਰ ਲਹਿ ਗਿਆ ਹੈ

(ਬਲਜੀਤ ਪਾਲ ਸਿੰਘ)



Tuesday, April 5, 2022

ਗ਼ਜ਼ਲ


ਕੀ ਕੀ ਕਰਨਾ ਪੈਂਦਾ ਹੈ ਰੁਜ਼ਗਾਰ ਲਈ 

ਹਰ ਦਿਨ ਮਰਨਾ ਪੈਂਦਾ ਹੈ ਰੁਜ਼ਗਾਰ ਲਈ 


ਪ੍ਰਦੇਸਾਂ ਵਿੱਚ ਜਾ ਕੇ ਵੱਸਣਾ ਪੈ ਜਾਂਦਾ

ਸਾਗਰ ਤਰਨਾ ਪੈਂਦਾ ਹੈ ਰੁਜ਼ਗਾਰ ਲਈ


ਪੇਟ ਦੀ ਖਾਤਰ ਮਜ਼ਦੂਰੀ ਦਾ ਕਿੱਤਾ ਵੀ

ਆਖਿਰ ਜਰਨਾ ਪੈਂਦਾ ਹੈ ਰੁਜ਼ਗਾਰ ਲਈ


ਸਾਂਭ ਸਾਂਭ ਕੇ ਰੱਖੀਆਂ ਮਾਂ ਦੀਆਂ ਟੂੰਮਾਂ ਨੂੰ 

ਗਹਿਣੇ ਧਰਨਾ ਪੈਂਦਾ ਹੈ ਰੁਜ਼ਗਾਰ ਲਈ 


ਕਰਨਾ ਪੈਂਦਾ ਕੰਮ ਹੈ ਸਿਖ਼ਰ ਦੁਪਹਿਰੇ ਵੀ

ਰਾਤੀਂ ਠਰਨਾ ਪੈਂਦਾ ਹੈ ਰੁਜ਼ਗਾਰ ਲਈ


ਵੈਸੇ ਹਰ ਕਾਮਾ ਹੀ ਤਾਕਤਵਰ ਹੁੰਦਾ ਹੈ

ਉਸਨੂੰ ਡਰਨਾ ਪੈਂਦਾ ਹੈ ਰੁਜ਼ਗਾਰ ਲਈ


(ਬਲਜੀਤ ਪਾਲ ਸਿੰਘ)